ਪੁਲਸ ਹਿਰਾਸਤ 'ਚ ਵਿਅਕਤੀ ਦੀ ਮੌਤ, ਥਾਣੇ ਬਾਹਰ ਧਾਹਾਂ ਮਾਰਦੀਆਂ ਔਰਤਾਂ ਨੇ ਪਾਏ ਵੈਣ
Thursday, Aug 10, 2023 - 04:44 PM (IST)
ਫਾਜ਼ਿਲਕਾ (ਸੁਨੀਲ) : ਫਾਜ਼ਿਲਕਾ ਦੇ ਸਦਰ ਥਾਣੇ 'ਚ ਉਸ ਵੇਲੇ ਜੰਮ ਕੇ ਹੰਗਾਮਾ ਹੋਇਆ, ਜਦੋਂ ਪੁਲਸ ਹਿਰਾਸਤ ਦੌਰਾਨ ਵਿਅਕਤੀ ਦੀ ਮੌਤ ਹੋ ਗਈ। ਜਦੋਂ ਪਰਿਵਾਰ ਵਾਲਿਆਂ ਨੂੰ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਥਾਣਾ ਘੇਰ ਲਿਆ ਅਤੇ ਪੁਲਸ 'ਤੇ ਗੰਭੀਰ ਦੋਸ਼ ਲਾਏ। ਜਾਣਕਾਰੀ ਮੁਤਾਬਕ ਪੁਲਸ ਵੱਲੋਂ ਬਲਵਿੰਦਰ ਸਿੰਘ ਵਾਸੀ ਪਿੰਡ ਮਹਾਲਮ ਨੂੰ ਕਿਸੇ ਮੁਕੱਦਮੇ 'ਚ ਪੁਲਸ ਹਿਰਾਸਤ 'ਚ ਲਿਆ ਗਿਆ ਸੀ। ਉਸ ਦੀ ਅੱਜ ਪੁਲਸ ਹਿਰਾਸਤ 'ਚ ਮੌਤ ਹੋ ਗਈ। ਜਦੋਂ ਪਰਿਵਾਰ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਥਾਣੇ ਪੁੱਜ ਗਏ ਅਤੇ ਜੰਮ ਕੇ ਹੰਗਾਮਾ ਕੀਤਾ। ਥਾਣੇ ਬਾਹਰ ਘਰ ਦੀਆਂ ਔਰਤਾਂ ਨੇ ਵੈਣ ਪਾਉਂਦਿਆਂ ਕਿਹਾ ਕਿ ਪੁਲਸ ਨੇ ਕੁੱਟ-ਕੁੱਟ ਕੇ ਬਲਵਿੰਦਰ ਸਿੰਘ ਨੂੰ ਮਾਰ ਦਿੱਤਾ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪੁਲਸ ਚਿੱਟੇ ਦੇ ਕੇਸ 'ਚ ਬਲਵਿੰਦਰ ਸਿੰਘ ਨੂੰ ਲੈ ਕੇ ਗਈ ਸੀ। ਉਹ ਹਾਰਟ ਦਾ ਮਰੀਜ਼ ਸੀ ਅਤੇ ਉਸ ਦੇ ਸਟੰਟ ਪਏ ਹੋਏ ਸਨ ਪਰ ਪੁਲਸ ਨੇ ਸਾਰੀ ਰਾਤ ਉਸ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੀ ਹਿਰਾਸਤ 'ਚ ਮੌਤ ਹੋ ਗਈ। ਦੂਜੇ ਪਾਸੇ ਫਾਜ਼ਿਲਕਾ ਪੁਲਸ ਦੇ ਐੱਸ. ਪੀ. ਮਨਜੀਤ ਸਿੰਘ ਦਾ ਕਹਿਣਾ ਹੈ ਕਿ ਕਿਸੇ ਮੁਕੱਦਮੇ 'ਚ ਸ਼ੱਕ ਦੇ ਆਧਾਰ 'ਤੇ ਬਲਵਿੰਦਰ ਸਿੰਘ ਨੂੰ ਪੁਲਸ ਹਿਰਾਸਤ 'ਚ ਲਿਆ ਗਿਆ ਸੀ ਪਰ ਉਹ ਹਾਰਟ ਦਾ ਮਰੀਜ਼ ਸੀ ਅਤੇ ਉਸ ਦੀ ਪਹਿਲਾਂ ਸਰਜਰੀ ਵੀ ਹੋਈ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਹੜ੍ਹਾਂ ਨਾਲ ਹੋਏ ਨੁਕਸਾਨ ਬਾਰੇ ਕੇਂਦਰੀ ਟੀਮ ਨੇ ਕੀਤੀ ਅਹਿਮ ਮੀਟਿੰਗ
ਜਦੋਂ ਉਸ ਨੂੰ ਹਿਰਾਸਤ 'ਚ ਸਵੇਰੇ ਦੇਖਿਆ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਬਲਵਿੰਦਰ ਸਿੰਘ ਨਾਲ ਕੋਈ ਕੁੱਟਮਾਰ ਨਹੀਂ ਕੀਤੀ ਗਈ ਹੈ। ਫਿਲਹਾਲ ਮ੍ਰਿਤਕ ਦੀ ਲਾਸ਼ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ ਅਤੇ ਪੋਸਟ ਮਾਰਟਮ ਲਈ ਬੋਰਡ ਬਣਾਉਣ ਦੀ ਗੱਲ ਕਹੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ