ਨੰਗਲ ਵਿਖੇ ਤੇਜ਼ ਰਫ਼ਤਾਰ ਟਿੱਪਰ ਨੇ ਸੜਕ ਦੇ ਕਿਨਾਰੇ ਖੜ੍ਹੇ ਲੋਕਾਂ ਨੂੰ ਕੁਚਲਿਆ, ਇਕ ਦੀ ਮੌਤ

Wednesday, Aug 30, 2023 - 11:16 AM (IST)

ਨੰਗਲ ਵਿਖੇ ਤੇਜ਼ ਰਫ਼ਤਾਰ ਟਿੱਪਰ ਨੇ ਸੜਕ ਦੇ ਕਿਨਾਰੇ ਖੜ੍ਹੇ ਲੋਕਾਂ ਨੂੰ ਕੁਚਲਿਆ, ਇਕ ਦੀ ਮੌਤ

ਨੰਗਲ (ਗੁਰਭਾਗ ਸਿੰਘ)-ਸੰਤੋਸ਼ਗੜ੍ਹ-ਭਲਾਣ-ਚੰਡੀਗੜ੍ਹ ਮੁੱਖ ਮਾਰਗ ’ਤੇ ਪਿੰਡ ਸੁਖਸਾਲ ’ਚ ਇਕ ਕਥਿਤ ਤੇਜ਼ ਰਫ਼ਤਾਰ ਟਿੱਪਰ ਨੇ ਸੜਕ ਕਿਨਾਰੇ ਖੜ੍ਹੇ ਲੋਕਾਂ ਨੂੰ ਆਪਣੀ ਲਪੇਟ ’ਚ ਲੈ ਲਿਆ, ਜਿਸ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 2 ਲੋਕ ਜ਼ਖ਼ਮੀ ਹੋ ਗਏ। ਜਿਸ ਨਾਲ ਗੁੱਸਾਏ ਲੋਕਾਂ ਨੇ ਰਾਤ ਨੂੰ ਹੀ ਮੁੱਖ ਰੋਡ ਜਾਮ ਕਰ ਉੱਥੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਮੌਕੇ ਜਾਣਕਾਰੀ ਦਿੰਦੇ ਪਿੰਡ ਦਯਾਪੁਰ ਦੇ ਸਾਬਕਾ ਸਰਪੰਚ ਜਸਵਿੰਦਰ ਸਿੰਘ, ਅਸ਼ਵਨੀ ਦਘੋੜ ਸਮੇਤ ਹੋਰ ਲੋਕਾਂ ਨੇ ਦੱਸਿਆ ਕਿ ਸੋਮਵਾਰ ਰਾਤ ਕਰੀਬ 9.30 ਵਜੇ ਸਤੀਸ਼ ਕੁਮਾਰ ਪੁੱਤਰ ਗੁਰਦਾਸ ਰਾਮ (48) ਨਿਵਾਸੀ ਦਯਾਪੁਰ, ਹਰਦੀਪ ਸਿੰਘ ਉਰਫ਼ ਮਨੀ ਪੁੱਤਰ ਬਖਸ਼ੀਸ਼ ਨਿਵਾਸੀ ਸੁਖਸਾਲ, ਲਖਵਿੰਦਰ ਸਮੇਤ ਇਕ ਹੋਰ ਨੌਜਵਾਨ ਸੜਕ ਦੇ ਕਿਨਾਰੇ ਖੜ੍ਹੇ ਤਾਂ ਭਲਾਣ ਸਾਈਡ ਤੋਂ ਆ ਰਹੇ ਇਕ ਤੇਜ਼ ਰਫ਼ਤਾਰ ਟਿੱਪਰ ਨੇ ਉਨ੍ਹਾਂ ਕੁਚਲ ਦਿੱਤਾ, ਜਿਸ ’ਚ ਸਤੀਸ਼ ਕੁਮਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਹਰਦੀਪ ਸਿੰਘ ਉਰਫ਼ ਮਨੀ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਦਾ ਪੀ. ਜੀ. ਆਈ. ਚੰਡੀਗੜ੍ਹ ’ਚ ਇਲਾਜ ਚੱਲ ਰਿਹਾ ਹੈ ਅਤੇ ਲਖਵਿੰਦਰ ਅਤੇ ਇਕ ਹੋਰ ਨੂੰ ਵੀ ਕੁਝ ਸੱਟਾਂ ਲੱਗੀਆਂ ਹਨ ।

ਧਰਨਾ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਦੱਸਿਆ ਕਿ ਕਥਿਤ ਗੈਰ-ਕਾਨੂੰਨੀ ਮਾਈਨਿੰਗ ਕਰਨ ਵਾਲੇ ਲੋਕਾਂ ਦੇ ਸੈਂਕੜੇ ਓਵਰਲੋਡ ਟਿੱਪਰ ਇਸ ਰੋਡ ਤੋਂ ਲੰਘ ਰਹੇ ਹਨ, ਜਿਨ੍ਹਾਂ ਕਾਰਨ ਇਸ ਏਰੀਏ ’ਚ ਆਏ ਦਿਨ ਵੱਡੇ ਹਾਦਸੇ ਹੋ ਰਹੇ ਹਨ । ਲੋਕਾਂ ਨੇ ਕਿਹਾ ਕਿ ਬਰਸਾਤ ਦੇ ਸੀਜ਼ਨ ’ਚ 30 ਸਤੰਬਰ ਤਕ ਮਾਈਨਿੰਗ ’ਤੇ ਰੋਕ ਹੋਣ ਦੇ ਬਾਵਜੂਦ ਪੁਲਸ ਪ੍ਰਸ਼ਾਸਨ ਅਤੇ ਸਰਕਾਰ ਦੀ ਕਥਿਤ ਸ਼ਹਿਰ ’ਤੇ ਕਥਿਤ ਗੈਰ-ਕਾਨੂੰਨੀ ਮਾਈਨਿੰਗ ਹੋ ਰਹੀ ਹੈ। ਲੋਕਾਂ ਨੇ ਕਿਹਾ ਕਿ ਇਹ ਰੋਡ ਹੁਣ ਖ਼ੂਨੀ ਰੋਡ ਬਣ ਗਿਆ ਹੈ, ਜਿਸ ’ਚ ਟਿੱਪਰਾਂ ਅਤੇ ਤੇਜ਼ ਰਫ਼ਤਾਰ ਗੱਡੀਆਂ ਦੀ ਲਪੇਟ ’ਚ ਆਉਣ ਨਾਲ ਕੁਝ ਹੀ ਮਹੀਨਿਆਂ ’ਚ ਕਈ ਕੀਮਤਾਂ ਜਾਨਾਂ ਜਾ ਚੁੱਕੀਆਂ ਹਨ।

ਇਹ ਵੀ ਪੜ੍ਹੋ- ਖ਼ੁਲਾਸਾ: 1200 ਪ੍ਰਤੀ ਮਹੀਨਾ ਮਾਣ ਭੱਤਾ ਲੈਣ ਵਾਲੇ ਸਰਪੰਚਾਂ ਨੂੰ 8 ਸਾਲਾਂ ਤੋਂ ਇਕ ਪੈਸਾ ਵੀ ਨਹੀਂ ਮਿਲਿਆ

PunjabKesari

ਲੋਕਾਂ ਨੇ ਟਿੱਪਰ ਨੂੰ ਘੇਰ ਕੇ ਉਸ ਦੇ ਟਾਇਰਾਂ ਦੀ ਹਵਾ ਕੱਢ ਦਿੱਤੀ ਅਤੇ ਦੱਸਿਆ ਕਿ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਉਥੇ ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਵੀ ਸੁਖਸਾਲ ’ਚ ਧਰਨਾ ਪ੍ਰਦਰਸ਼ਨ ਲਈ ਪਹੁੰਚ ਗਏ ਅਤੇ ਲਗਾਤਾਰ ਰੋਡ ਜਾਮ ਕਰ ਸਰਕਾਰੀ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਰਹੇ। ਇਸ ਮੌਕੇ ਲੋਕਾਂ ਨੇ ਦੱਸਿਆ ਕਿ ਸਤੀਸ਼ ਕੁਮਾਰ ਦੇ 2 ਮੁੰਡੇ ਹਨ ਜਿਨ੍ਹਾਂ ’ਚੋਂ ਇਕ ਦਿਮਾਗੀ ਤੌਰ ’ਤੇ ਠੀਕ ਨਹੀਂ ਹੈ ਅਤੇ ਸਤੀਸ਼ ਕੁਮਾਰ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ ਹੁਣ ਉਸ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ।

ਤੇਜ਼ ਰਫ਼ਤਾਰ ਟਿੱਪਰਾਂ ਨੇ ਕੁਝ ਹੀ ਮਹੀਨਿਆਂ ’ਚ ਬੁਝਾ ਦਿੱਤੇ ਕਈ ਘਰਾਂ ਦੇ ਚਿਰਾਗ
ਪ੍ਰਦਰਸਨਕਾਰੀਆਂ ਨੇ ਦੱਸਿਆ ਕਿ ਸੰਤੋਸ਼ਗੜ੍ਹ ਤੋਂ ਭਲਾਣ ਅਤੇ ਨੰਗਲ ਤੋਂ ਭਲਾਣ ਰੋਡ ਤੱਕ ਜ਼ਿਆਦਾ ਟ੍ਰੈਫਿਕ ਹੋਣ ਕਾਰਨ ਇਸ ਰੋਡ ’ਤੇ ਕੁਝ ਹੀ ਮਹੀਨਿਆਂ ’ਚ ਵੱਡੇ ਹਾਦਸੇ ਹੋ ਚੁੱਕੇ ਹਨ ਜਿਸ ’ਚ ਗੋਹਲਨੀ ਦੇ ਇਕ ਨੌਜਵਾਨ, ਨਾਨਗਰਾਂ ਦੀ ਵਿਦਿਆਰਥਣ, ਮਜਾਰਾ ’ਚ 3 ਪ੍ਰਵਾਸੀ ਨੌਜਵਾਨਾਂ ਦੀ ਮੌਤ, ਸੁਖਸਾਲ ’ਚ ਟਿੱਪਰ ਨਾਲ ਇਕ ਵਿਅਕਤੀ ਦੀ ਮੌਤ ਸਮੇਤ ਕਈ ਹੋਰ ਹਾਦਸਿਆਂ ਕਾਰਨ ਕਈ ਕੀਮਤੀ ਜਾਨਾਂ ਜਾਣ ਕਾਰਨ ਕਈ ਘਰਾਂ ਦੇ ਚਿਰਾਗ ਬੁਝ ਗਏ ਹਨ।
ਲੋਕਾਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਪੁਲਸ ਪ੍ਰਸ਼ਾਸਨ ਕੁਝ ਦਿਨ ਲਈ ਜਾਗਦਾ ਹੈ ਪਰ ਉਸ ਤੋਂ ਬਾਅਦ ਫਿਰ ਕੁੰਭਕਰਨੀ ਨੀਂਦ ਸੋ ਜਾਂਦਾ ਹੈ। ਲੋਕਾਂ ਨੇ ਦੱਸਿਆ ਕਿ ਜਦੋਂ ਤੋਂ ਨੰਗਲ ਦੇ ਫਲਾਈਓਵਰ ਦਾ ਕੰਮ ਚੱਲ ਰਿਹਾ ਹੈ, ਖਾਸ ਕਰ ਕੇ ਨੰਗਲ ਦੇ ਰਾਜੀਵ ਗਾਂਧੀ ਚੌਕ ਨੇੜੇ ਫਾਟਕ ਬੰਦ ਹੋਣ ਕਾਰਨ ਜ਼ਿਆਦਾਤਰ ਵੱਡੇ ਵਾਹਨ ਅਤੇ ਹੋਰ ਟ੍ਰੈਫਿਕ ਇਨ੍ਹਾਂ ਛੋਟੀਆਂ ਸੜਕਾਂ ਤੋਂ ਲੰਘ ਰਹੇ ਹਨ ਅਤੇ ਉਨ੍ਹਾਂ ਕਾਰਨ ਦਰਜਨਾਂ ਹਾਦਸੇ ਵਾਪਰ ਚੁੱਕੇ ਹਨ ਅਤੇ ਲੋਕ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ।

ਇਹ ਵੀ ਪੜ੍ਹੋ- ਜੀਜੇ-ਸਾਲੇ ਦਾ ਕਾਰਨਾਮਾ ਜਾਣ ਹੋਵੋਗੇ ਹੈਰਾਨ, ਪੰਜਾਬ 'ਚ 65 ਵਾਰਦਾਤਾਂ ਨੂੰ ਇੰਝ ਦਿੱਤਾ ਅੰਜਾਮ

PunjabKesari

ਸਿਆਸੀ ਆਗੂਆਂ ਦੇ ਇਸ਼ਾਰੇ ’ਤੇ ਇਲਾਕੇ ’ਚ ਧੱੜਲੇ ਨਾਲ ਹੋ ਰਹੀ ਹੈ ਕਥਿਤ ਗੈਰ-ਕਾਨੂੰਨੀ ਮਾਈਨਿੰਗ
ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਣਵੀਰ ਸਿੰਘ ਰੰਧਾਵਾ, ਸਮਾਜ ਸੇਵੀ ਐਡਵੋਕੇਟ ਵਿਸ਼ਾਲ ਸੈਣੀ, ਕਿਰਤੀ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਵੀਰ ਸਿੰਘ ਬੜਵਾ, ਅਸ਼ਵਨੀ ਦਘੌੜ, ਕਿਸਾਨ ਸਭਾ ਦੇ ਜ਼ਿਲਾ ਪ੍ਰਧਾਨ ਸੁਰਜੀਤ ਸਿੰਘ ਢੇਰ, ਆਕਾਸ਼ ਰਾਣਾ ਨਾਗਰਾਂ, ਮਨਜੀਤ ਸਿੰਘ ਰਾਹੀ, ਜੋਨੀ. ਆਦਿ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਤੇ ਹੁਣ ਸੱਤਾਧਾਰੀ ਪਾਰਟੀ ਦੇ ਆਗੂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਸਨ ਕਿ ਲੋਕਾਂ ਦੀ ਮਰਜ਼ੀ ਤੋਂ ਬਿਨਾਂ ਇਲਾਕੇ ’ਚ ਇਕ ਪੱਥਰ ਵੀ ਨਹੀਂ ਚੁੱਕਣ ਦਿੱਤਾ ਜਾਵੇਗਾ ਪਰ ਸੱਤਾ ’ਚ ਆਉਣ ਤੋਂ ਬਾਅਦ ਕਥਿਤ ਤੌਰ ’ਤੇ ਉਸ ਦੇ ਇਸ਼ਾਰੇ ’ਤੇ ਇਲਾਕੇ ’ਚ ਕਥਿਤ ਤੌਰ ’ਤੇ ਨਾਜਾਇਜ਼ ਮਾਈਨਿੰਗ ਵੱਡੇ ਪੱਧਰ ’ਤੇ ਹੋਣ ਦੇ ਦੋਸ਼ਾਂ ’ਚ ਉਸ ਦੇ ਨੇੜਲੇ ਲੋਕ ਘਿਰੇ ਹੋਏ ਹਨ ਪਰ ਹੁਣ ਇਹ ਆਗੂ ਮਾਈਨਿੰਗ ’ਤੇ ਚੁੱਪ ਕਿਉਂ ਹੈ | ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ’ਚ ਮਾਈਨਿੰਗ ’ਤੇ ਪਾਬੰਦੀ ਦੇ ਬਾਵਜੂਦ ਸੱਤਾਧਾਰੀ ਪਾਰਟੀ ਦੇ ਕਿਸ ਆਗੂ ਦੇ ਇਸ਼ਾਰੇ ’ਤੇ ਸੈਂਕੜੇ ਲੋਕ ਕਥਿਤ ਤੌਰ ’ਤੇ ਨਾਜਾਇਜ਼ ਮਾਈਨਿੰਗ ’ਚ ਲੱਗੇ ਹੋਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਮਾਈਨਿੰਗ ਖ਼ਿਲਾਫ਼ ਆਵਾਜ਼ ਉਠਾਉਣ ਵਾਲਿਆਂ ਖ਼ਿਲਾਫ਼ ਕਥਿਤ ਝੂਠੇ ਕੇਸ ਦਰਜ ਕਰ ਕੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਹ ਕਿਸੇ ਦੇ ਅੱਗੇ ਝੁਕਣ ਵਾਲਾ ਨਹੀਂ ਹੈ ਅਤੇ ਇਨਸਾਫ਼ ਦਿਵਾਉਣ ਲਈ ਲੋਕਾਂ ਦੇ ਨਾਲ ਖੜ੍ਹੇ ਹਨ।

ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਭਲਾਣ ਵਿਖੇ ਇਕ ਸਕੂਲੀ ਵਿਦਿਆਰਥਣ ਨੂੰ ਟਿੱਪਰ ਦੀ ਲਪੇਟ ’ਚ ਆਉਣ ਤੋਂ ਬਾਅਦ ਸਰਕਾਰ ਅਤੇ ਪ੍ਰਸ਼ਾਸਨ ਨੇ ਲੋਕਾਂ ਨੂੰ ਭਰੋਸਾ ਦਿੱਤਾ ਸੀ ਕਿ ਇਸ ਸੜਕ ’ਤੇ ਪੁਲਸ ਦੀ ਪੱਕੀ ਤਾਇਨਾਤੀ ਕੀਤੀ ਜਾਵੇਗੀ ਅਤੇ ਰਾਤ 10 ਵਜੇ ਤੱਕ ਟਿੱਪਰ ਨੂੰ ਨਹੀਂ ਜਾਣ ਦਿੱਤਾ ਜਾਵੇਗਾ। ਸਵੇਰੇ 5 ਵਜੇ ਦੀ ਮਨਜ਼ੂਰੀ ਦਿੱਤੀ ਜਾਵੇਗੀ ਅਤੇ ਪਿੰਡਾਂ ਵਿਚ ਸੜਕਾਂ ਦੇ ਕਿਨਾਰਿਆਂ ’ਤੇ ਸਕੂਲਾਂ ਦੇ ਸਾਹਮਣੇ ਸਪੀਡ ਬਰੇਕਰ ਬਣਾਉਣ, ਸੜਕ ’ਤੇ ਪਏ ਟੋਇਆਂ ਨੂੰ ਭਰਨ ਦੇ ਵੱਡੇ-ਵੱਡੇ ਭਰੋਸੇ ਦਿੱਤੇ ਗਏ ਸਨ ਪਰ ਹੁਣ ਕੁਝ ਹੀ ਦਿਨਾਂ ’ਚ ਫਿਰ ਹਏ ਇਸ ਹਾਦਸੇ ਨੇ ਇਕ ਨੌਜਵਾਨ ਦੀ ਜਾਨ ਲੈ ਲਈ।

ਇਹ ਵੀ ਪੜ੍ਹੋ- ਜਲੰਧਰ ਦਾ ਇਹ ਸਮਾਰਟ ਪਿੰਡ ਬਣਿਆ ਹੋਰਾਂ ਲਈ ਮਿਸਾਲ, ਸਹੂਲਤਾਂ ਅਜਿਹੀਆਂ ਜਿਸ ਨੂੰ ਦੇਖ ਰੂਹ ਵੀ ਹੋਵੇ ਖ਼ੁਸ਼

ਪ੍ਰਦਰਸ਼ਨਕਾਰੀਆਂ ਅਤੇ ਪੁਲਸ ਵਿਚਾਲੇ ਝੜਪ, ਲੋਕਾਂ ’ਤੇ ਲਾਠੀਚਾਰਜ ਕਰਕੇ ਆਵਾਜ਼ ਦਬਾਉਣ ਦਾ ਦੋਸ਼
ਜਦੋਂ ਸਤੀਸ਼ ਕੁਮਾਰ ਦੀ ਮੌਤ ਨੂੰ ਲੈ ਕੇ ਸੁਖਸਾਲ ’ਚ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਸੁਖਸਾਲ ਤੋਂ ਨਾਨਗਰਾਂ ਤੱਕ ਧਰਨਾ ਬਦਲਣ ਲਈ ਚੱਕਾ ਜਾਮ ਕਰਨਾ ਸ਼ੁਰੂ ਕਰ ਦਿੱਤਾ ਤਾਂ ਪੁਲਸ ਨੇ ਉਨ੍ਹਾਂ ਨੂੰ ਉਥੇ ਹੀ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਸਥਿਤੀ ਤਣਾਅਪੂਰਨ ਹੋ ਗਈ ਤਾਂ ਮੌਕੇ ’ਤੇ ਮੌਜੂਦ ਲੋਕਾਂ ਨੇ ਕਿਹਾ ਕਿ ਪੁਲਸ ਨੇ ਸਾਨੂੰ ਰੋਕਿਆ। ਨਾਨਗਰਾਂ ’ਚ ਜਾ ਕੇ ਕਥਿਤ ਤੌਰ ’ਤੇ ਸਾਡੇ ’ਤੇ ਲਾਠੀਚਾਰਜ ਕੀਤਾ। ਖ਼ਬਰ ਲਿਖੇ ਜਾਣ ਤੱਕ ਧਰਨਾਕਾਰੀਆਂ ਨੇ ਨਾਨਗਰਾਂ ਮੁੱਖ ਮਾਰਗ ’ਤੇ ਪੱਕਾ ਧਰਨਾ ਲਗਾ ਕੇ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਸੀ ਅਤੇ ਧਰਨਾ ਲਗਾਤਾਰ ਜਾਰੀ ਸੀ। ਉਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦਾ ਸਾਥ ਦੇਣ ਵਾਲੇ ਸਮਾਜ ਸੇਵੀ ਐਡਵੋਕੇਟ ਵਿਸ਼ਾਲ ਸੈਣੀ ਅਤੇ ਵੀਰ ਸਿੰਘ ਬਡਵਾ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ, ਜਿਸ ਦੀ ਅਸੀਂ ਸਖ਼ਤ ਨਿਖੇਧੀ ਕਰਦੇ ਹਾਂ।

ਦੂਜੇ ਪਾਸੇ ਲੋਕਾਂ ਦੇ ਰੋਹ ਨੂੰ ਦੇਖਦਿਆਂ ਪੁਲਸ ਪ੍ਰਸ਼ਾਸਨ ਵੱਲੋਂ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ, ਜਿਸ ’ਚ ਥਾਣਾ ਸ੍ਰੀ ਅਨੰਦਪੁਰ ਸਾਹਿਬ, ਨੂਰਪੁਰ ਬੇਦੀ, ਕੀਰਤਪੁਰ ਸਾਹਿਬ ਦੇ ਐੱਸ. ਐੱਚ. ਓ. ਸੰਨੀ ਖੰਨਾ ਤੋਂ ਇਲਾਵਾ ਨੰਗਲ ਦੇ ਐੱਸ.ਐੱਚ.ਓ. ਅਤੇ ਡੀ.ਐੱਸ.ਪੀ. ਗੁਰਮੀਤ ਸਿੰਘ, ਐੱਸ. ਪੀ. ਡੀ. ਡਾ. ਨਵਨੀਤ ਸਿੰਘ ਮਾਹਲ, ਡੀ. ਐੱਸ. ਪੀ. ਮਨਵੀਰ ਸਿੰਘ ਬਾਜਵਾ, ਐੱਸ.ਪੀ. ਪੀ.ਬੀ.ਆਈ. ਤਰੁਣ ਰਤਨ ਸਮੇਤ ਸੈਂਕੜੇ ਪੁਲਸ ਬਲ ਤਾਇਨਾਤ ਸਨ। ਦੂਜੇ ਪਾਸੇ ਸਿਵਲ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਸੰਦੀਪ ਕੁਮਾਰ ਸਥਿਤੀ ’ਤੇ ਨਜ਼ਰ ਰੱਖ ਰਹੇ ਸਨ।

ਇਹ ਵੀ ਪੜ੍ਹੋ- ਮੰਦਭਾਗੀ ਖ਼ਬਰ: ਕੈਨੇਡਾ 'ਚ ਟਰਾਲੇ ਨਾਲ ਹਾਦਸਾ ਹੋਣ ਮਗਰੋਂ ਕਾਰ ਨੂੰ ਲੱਗੀ ਅੱਗ, ਜਿਊਂਦਾ ਸੜਿਆ ਬੇਗੋਵਾਲ ਦਾ ਨੌਜਵਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News