ਵਿਦੇਸ਼ ਜਾਣ ਦੇ ਲਾਅਰਿਆਂ ਤੋਂ ਦੁਖੀ ਵਿਅਕਤੀ ਵਲੋਂ ਖੁਦਕੁਸ਼ੀ
Sunday, Jun 07, 2020 - 04:21 PM (IST)
ਸਾਹਨੇਵਾਲ/ਕੁਹਾੜਾ (ਜਗਰੂਪ) : ਵਿਦੇਸ਼ ਜਾਣ ਲਈ ਆਪਣੇ ਇਕ ਜਾਣਕਾਰ ਨੂੰ 7 ਸਾਲ ਪਹਿਲਾਂ ਦਿੱਤੇ ਗਏ 10 ਲੱਖ ਰੁਪਏ ਵਾਪਸ ਨਾ ਮਿਲਣ ਅਤੇ ਵਿਦੇਸ਼ ਨਾ ਜਾਣ ਕਾਰਨ ਮਾਨਸਿਕ ਤੌਰ 'ਤੇ ਬੀਮਾਰ ਹੋਏ ਇਕ ਵਿਅਕਤੀ ਵੱਲੋਂ ਕਥਿਤ ਤੌਰ 'ਤੇ ਜ਼ਹਿਰਲੀ ਵਸਤੂ ਨਿਗਲ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਬਾਅਦ ਥਾਣਾ ਕੂੰਮਕਲਾਂ ਦੀ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੀ ਪਛਾਣ ਜਗਮੋਹਣ ਸਿੰਘ ਪੁੱਤਰ ਪਲਵਿੰਦਰ ਸਿੰਘ ਵਾਸੀ ਸ੍ਰੀ ਭੈਣੀ ਸਾਹਿਬ, ਲੁਧਿਆਣਾ ਦੇ ਰੂਪ 'ਚ ਹੋਈ ਹੈ। ਮ੍ਰਿਤਕ ਦੀ ਭੈਣ ਸੁਖਜੀਤ ਕੌਰ ਨੇ ਪੁਲਸ ਪਾਸ ਦਰਜ ਕਰਵਾਏ ਬਿਆਨਾਂ 'ਚ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਉਸ ਦੇ ਭਰਾ ਜਗਮੋਹਣ (37) ਨੇ ਲਗਭਗ 7 ਸਾਲ ਪਹਿਲਾਂ ਗੁਰਿੰਦਰ ਸਿੰਘ ਪੁੱਤਰ ਭਰਪੂਰ ਸਿੰਘ ਵਾਸੀ ਸਾਹਨੇਵਾਲ ਖੁਰਦ, ਲੁਧਿਆਣਾ ਨੂੰ ਵਿਦੇਸ਼ ਜਾਣ ਲਈ ਕਥਿਤ ਤੌਰ 'ਤੇ 10 ਲੱਖ ਰੁਪਏ ਦਿੱਤੇ ਸਨ ਪਰ ਲਗਾਤਾਰ 7 ਸਾਲ ਵਿਦੇਸ਼ ਭੇਜਣ ਦੇ ਲਾਅਰੇ ਸੁਣ-ਸੁਣ ਕੇ ਦੁਖੀ ਹੋਇਆ ਉਸ ਦਾ ਭਰਾ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿਣ ਲੱਗਾ, ਜਿਸ ਨੇ ਇਸੇ ਮਾਨਸਿਕ ਪਰੇਸ਼ਾਨੀ ਦੇ ਚੱਲਦੇ ਬੀਤੀ 5 ਜੂਨ ਦੀ ਸ਼ਾਮ ਕਰੀਬ ਸਵਾ 8 ਵਜੇ ਘਰ 'ਚ ਹੀ ਕੋਈ ਜ਼ਹਿਰਲੀ ਦਵਾਈ ਨਿਗਲ ਲਈ, ਜਿਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਉਸਨੇ ਦਮ ਤੋੜ ਦਿੱਤਾ। ਥਾਣਾ ਕੂੰਮਕਲਾਂ ਦੀ ਪੁਲਸ ਨੇ ਮ੍ਰਿਤਕ ਦੀ ਭੈਣ ਦੇ ਬਿਆਨਾਂ 'ਤੇ ਗੁਰਿੰਦਰ ਸਿੰਘ ਖਿਲਾਫ ਮੁਕੱਦਮਾ ਦਰਜ ਕਰ ਜਾਂਚ ਨੂੰ ਅੱਗੇ ਵਧਾਇਆ ਹੈ।