ਪੁਲਸ ਤੋਂ ਪ੍ਰੇਸ਼ਾਨ ਵਿਅਕਤੀ ਨੇ ਫਾਹਾ ਲੈ ਕੇ ਕੀਤੀ ਆਤਮ-ਹੱਤਿਆ

Monday, Mar 12, 2018 - 06:15 AM (IST)

ਪੁਲਸ ਤੋਂ ਪ੍ਰੇਸ਼ਾਨ ਵਿਅਕਤੀ ਨੇ ਫਾਹਾ ਲੈ ਕੇ ਕੀਤੀ ਆਤਮ-ਹੱਤਿਆ

ਸਮਾਣਾ (ਦਰਦ) - ਕਰੀਬ 20 ਦਿਨ ਪਹਿਲਾਂ ਵੜੈਚਾ ਪੱਤੀ ਸਮਾਣਾ ਵਿਚ ਵਿਆਹ ਮੌਕੇ ਰਾਤ ਨੂੰ ਡੀ. ਜੇ. ਵੱਜਣ ਦੀ ਸ਼ਿਕਾਇਤ 'ਤੇ ਪਹੁੰਚੇ ਪੁਲਸ ਕਰਮੀਆਂ ਦੀ ਕੁਝ ਲੋਕਾਂ ਵੱਲੋਂ ਕੁੱਟ-ਮਾਰ ਕੀਤੀ ਗਈ। ਇਸ ਤੋਂ ਬਾਅਦ ਸਿਟੀ ਪੁਲਸ ਨੇ ਲਾੜੇ ਦੇ ਪਿਤਾ ਸਣੇ ਪਰਿਵਾਰ ਦੇ 4 ਮੈਂਬਰਾਂ 'ਤੇ ਮਾਮਲਾ ਦਰਜ ਕਰ ਦਿੱਤਾ। ਭਾਰੀ ਕੋਸ਼ਿਸ਼ਾਂ ਦੇ ਬਾਵਜੂਦ ਜ਼ਮਾਨਤ ਨਾ ਹੋਣ ਕਾਰਨ ਦੁਖੀ ਹੋ ਕੇ ਮੁਖੀ ਵੱਲੋਂ ਸ਼ਨੀਵਾਰ ਦੀ ਰਾਤ ਬਸਤੀ ਨੇੜੇ ਭਾਖੜਾ ਨਹਿਰ ਕੰਢੇ ਇਕ ਦਰੱਖਤ ਨਾਲ ਲਟਕ ਕੇ ਆਤਮ-ਹੱਤਿਆ ਕਰ ਲਈ। ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚੇ ਪਰਿਵਾਰ ਵੱਲੋਂ ਪੁਲਸ ਦੀ ਮਦਦ ਨਾਲ ਲਾਸ਼ ਦਰੱਖਤ ਤੋਂ ਉਤਾਰ ਕੇ ਸਿਵਲ ਹਸਪਤਾਲ ਲਿਆਂਦੀ ਗਈ।   ਸਿਵਲ ਹਸਪਤਾਲ ਵਿਚ ਮ੍ਰਿਤਕ ਰਮੇਸ਼ ਕੁਮਾਰ (45) ਪੁੱਤਰ ਮੋਹਨ ਲਾਲ ਨਿਵਾਸੀ ਵੜੈਚਾ ਪੱਤੀ ਸਮਾਣਾ ਦੀ ਪਤਨੀ ਸਿੰਦਰ ਰਾਣੀ ਅਤੇ ਉਸ ਦੇ ਭਰਾ ਨੇ ਦੱਸਿਆ ਕਿ 20 ਫਰਵਰੀ ਦੀ ਰਾਤ ਉਸ ਦੇ ਲੜਕੇ ਬਿੱਟੂ ਦੇ ਵਿਆਹ ਮੌਕੇ ਡੀ. ਜੇ. ਚੱਲ ਰਿਹਾ ਸੀ।
ਉਸ ਨੂੰ ਬੰਦ ਕਰਵਾਉਣ ਪੁੱਜੇ ਪੁਲਸ ਕਰਮਚਾਰੀਆਂ ਦੀ ਘਰੋਂ ਬਾਹਰ ਕੁਝ ਲੋਕਾਂ ਨਾਲ ਤਕਰਾਰਬਾਜ਼ੀ ਹੋਣ ਤੋਂ ਬਾਅਦ ਹੋਰ ਪੁਲਸ ਕਰਮਚਾਰੀ ਉਨ੍ਹਾਂ ਦੇ ਦਾਮਾਦ ਨੂੰ ਚੁੱਕ ਕੇ ਲੈ ਗਏ। ਇਸ ਤੋਂ ਬਾਅਦ ਉਸ ਦੇ ਪਤੀ ਰਮੇਸ਼ ਕੁਮਾਰ ਸਮੇਤ 4 ਲੋਕਾਂ 'ਤੇ ਪੁਲਸ ਨੇ ਮਾਮਲਾ ਦਰਜ ਕਰ ਦਿੱਤਾ।   ਉਨ੍ਹਾਂ ਪੁਲਸ ਕਰਮਚਾਰੀਆਂ 'ਤੇ ਦੋਸ਼ ਲਾਇਆ ਕਿ ਇਸ ਮਾਮਲੇ ਵਿਚ ਕਥਿਤ ਤੌਰ 'ਤੇ ਉਨ੍ਹਾਂ ਤੋਂ ਰੁਪਏ ਲਏ ਗਏ। ਰਮੇਸ਼ ਵੱਲੋਂ ਜ਼ਮਾਨਤ ਦੀ ਅਰਜ਼ੀ ਰੱਦ ਹੋਣ ਤੋਂ ਬਾਅਦ ਉਹ ਪੁਲਸ ਨੂੰ ਮਿਲਿਆ ਅਤੇ ਰਾਤ ਨੂੰ ਘਰ ਤੋਂ ਚਲਿਆ ਗਿਆ। ਸਵੇਰੇ ਪੁਲਸ ਨੂੰ ਉਸ ਦੀ ਲਾਸ਼ ਭਾਖੜਾ ਕਿਨਾਰੇ ਦਰੱਖਤ ਨਾਲ ਲਟਕੀ ਮਿਲੀ। ਮ੍ਰਿਤਕ ਦੀ ਪਤਨੀ ਨੇ ਇਨਸਾਫ ਦੀ ਮੰਗ ਕੀਤੀ ਹੈ।  ਇਸ ਸਬੰਧੀ ਸਿਟੀ ਪੁਲਸ ਮੁਖੀ ਕਰਨੈਲ ਸਿੰਘ ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਰੁਪਏ ਲੈਣ ਵਾਲੀ ਗੱਲ ਤੋਂ ਸਾਫ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇਗੀ।


Related News