ਡਰਾਈਵਰੀ ਦੀ ਆੜ ’ਚ ਕਰਦਾ ਸੀ ਹੈਰੋਇਨ ਸਪਲਾਈ ਦਾ ਧੰਦਾ, ਗ੍ਰਿਫ਼ਤਾਰ
Friday, Dec 02, 2022 - 12:55 PM (IST)

ਲੁਧਿਆਣਾ (ਬੇਰੀ) : ਡਰਾਈਵਰੀ ਦੀ ਆੜ ’ਚ ਅੰਮ੍ਰਿਤਸਰ ਦੇ ਬਾਰਡਰ ਏਰੀਆ ਤੋਂ ਹੈਰੋਇਨ ਦੀ ਖ਼ੇਪ ਲਿਆ ਕਿ ਸਪਲਾਈ ਕਰਨ ਵਾਲੇ ਇਕ ਮੁਲਜ਼ਮ ਨੂੰ ਐਂਟੀ ਨਾਰਕੋਟਿਕਸ ਵਿਭਾਗ ਦੀ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਅੰਮ੍ਰਿਤਸਰ ਦੇ ਪਿੰਡ ਭੋਰਛੀ ਦਾ ਵਿਪਨਦੀਪ ਸਿੰਘ ਹੈ। ਉਸ ਦੇ ਕਬਜ਼ੇ ’ਚੋਂ 280 ਗ੍ਰਾਮ ਹੈਰੋਇਨ ਮਿਲੀ ਹੈ। ਥਾਣਾ ਡਵੀਜ਼ਨ ਨੰਬਰ-5 ਵਿਚ ਮੁਲਜ਼ਮ ’ਤੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਇੰਚਾਰਜ ਜਸਵੀਰ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਬੱਸ ਸਟੈਂਡ ਕੋਲ ਨਾਕਾਬੰਦੀ ਕਰ ਰੱਖੀ ਸੀ। ਮੁਲਜ਼ਮ ਬੱਸ ਦੇ ਜ਼ਰੀਏ ਲੁਧਿਆਣਾ ਪੁੱਜਾ ਸੀ, ਜਦ ਉਹ ਬੱਸ ਸਟੈਂਡ ਤੋਂ ਬਾਹਰ ਆਇਆ ਤਾਂ ਪੁਲਸ ਨੂੰ ਦੇਖ ਕੇ ਘਬਰਾ ਗਿਆ।
ਜਦ ਮੁਲਜ਼ਮ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਕਬਜ਼ੇ ’ਚੋਂ ਹੈਰੋਇਨ ਮਿਲੀ। ਪੁਲਸ ਪੁੱਛਗਿੱਛ ’ਚ ਪਤਾ ਲੱਗਾ ਕਿ ਮੁਲਜ਼ਮ ਨਿੱਜੀ ਤੌਰ ’ਤੇ ਗੱਡੀ ਚਲਾਉਂਦਾ ਹੈ ਅਤੇ ਡਰਾਈਵਰੀ ਦੀ ਆੜ ’ਚ ਹੀ ਹੈਰੋਇਨ ਵੀ ਸਪਲਾਈ ਕਰਦਾ ਹੈ। ਮੁਲਜ਼ਮ ਖ਼ਿਲਾਫ਼ ਅੰਮ੍ਰਿਤਸਰ ’ਚ ਹੀ ਚੋਰੀ ਦਾ ਮਾਮਲਾ ਦਰਜ ਹੈ। ਉਹ ਕੁੱਝ ਸਮਾਂ ਪਹਿਲਾਂ ਹੀ ਜ਼ਮਾਨਤ ’ਤੇ ਬਾਹਰ ਆਇਆ ਹੈ ਅਤੇ ਜ਼ਮਾਨਤ ’ਤੇ ਬਾਹਰ ਆਉਣ ਤੋਂ ਬਾਅਦ ਉਸ ਨੇ ਹੈਰੋਇਨ ਸਪਲਾਈ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ। ਮੁਲਜ਼ਮ 2 ਦਿਨ ਦੇ ਪੁਲਸ ਰਿਮਾਂਡ ’ਤੇ ਹੈ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।