ਬਦਮਾਸ਼ ਸੁੱਖਾ ਕਾਹਲਵਾਂ ਦੀ ਹੱਤਿਆ ਦਾ ਚਸ਼ਮਦੀਦ ਗਵਾਹ ਪਤਨੀ ਨਾਲ ਗ੍ਰਿਫਤਾਰ

07/27/2019 1:41:56 PM

ਟਾਂਡਾ ਉੜਮੁੜ (ਪੰਡਿਤ, ਮੋਮੀ, ਕੁਲਦੀਸ਼, ਸ਼ਰਮਾ)— ਹੁਸ਼ਿਆਰਪੁਰ ਦੀ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਨਾਕੇ ਦੌਰਾਨ ਬਦਮਾਸ਼ ਸੁੱਕਾ ਕਾਹਲਵਾਂ ਦਾ ਚਸ਼ਮਦੀਦ ਆਪਣੇ ਪਤਨੀ ਦੇ ਨਾਲ ਗ੍ਰਿਫਤਾਰ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਐੱਸ. ਐੱਸ. ਪੀ. ਹੁਸ਼ਿਆਰਪੁਰ ਗੌਰਵ ਗਰਗ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਡੀ. ਐੱਸ. ਪੀ. ਟਾਂਡਾ ਗੁਰਪ੍ਰੀਤ ਸਿੰਘ ਗਿੱਲ ਅਤੇ ਐੱਸ. ਐੱਚ. ਓ. ਇੰਸਪੈਕਟਰ ਹਰਗੁਰਦੇਵ ਸਿੰਘ ਦੀ ਅਗਵਾਈ 'ਚ ਟਾਂਡਾ ਪੁਲਸ ਨੇ ਨਸ਼ੇ ਵਿਰੁੱਧ ਚਲਾਈ ਮੁਹਿੰਮ ਦੇ ਅਧੀਨ ਕੰਮ ਕਰਦਿਆਂ ਨਜ਼ਦੀਕ ਭੱਠਾ ਰੜਾ ਪਿੰਡ ਵਿਖੇ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਮੋਟਰਸਾਈਕਲ 'ਤੇ ਜੋੜਾ ਆਉਂਦਾ ਦਿਖਾਈ ਦਿੱਤਾ ਤਾਂ ਦੇਖ ਕੇ ਪਿੱਛੇ ਮੁੜਨ ਲੱਗੇ ਪਰ ਮੌਕੇ 'ਤੇ ਪੁਲਸ ਨੇ ਦੋਹਾਂ ਨੂੰ ਕਾਬੂ ਕਰ ਲਿਆ।

ਤਲਾਸ਼ੀ ਕਰਨ 'ਤੇ ਉਨ੍ਹਾਂ ਦੇ ਕੋਲੋਂ 105 ਗ੍ਰਾਮ ਨਸ਼ੇ ਵਾਲਾ ਪਾਊਡਰ, 15 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁਲਸ ਨੇ ਦੋਹਾਂ ਕੋਲੋਂ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਟਾਂਡਾ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਲਗਾਏ ਗਏ ਨਾਕੇ ਦੌਰਾਨ ਥਾਣੇਦਾਰ ਅਮਰਜੀਤ ਸਿੰਘ ਅਤੇ ਪਰਮਜੀਤ ਸਿੰਘ ਦੀ ਟੀਮ ਵੱਲੋਂ ਰਾਣਾ ਪ੍ਰਤਾਪ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਮਾੜੀ ਟਾਂਡਾ, ਥਾਣਾ ਘੁਮਾਣ, ਜ਼ਿਲਾ ਬਟਾਲਾ ਅਤੇ ਉਸ ਦੀ ਪਤਨੀ ਦਵਿੰਦਰ ਕੌਰ ਨੂੰ ਕਾਬੂ ਕੀਤਾ ਗਿਆ। ਹਰਗੁਰਦੇਵ ਸਿੰਘ ਨੇ ਦੱਸਿਆ ਕਿ ਬਦਮਾਸ਼ ਰਾਣਾ ਪ੍ਰਤਾਪ ਸਿੰਘ ਸੁੱਖਾ ਕਾਹਲਵਾਂ ਦੀ ਹੱਤਿਆ ਦਾ ਚਸ਼ਮਦੀਦ ਗਵਾਹ ਹੈ।  

PunjabKesari

ਉਨ੍ਹਾਂ ਦੱਸਿਆ ਕਿ ਦੋਸ਼ੀਆਂ ਖਿਲਾਫ ਵੱਖ -ਵੱਖ ਥਾਣਿਆਂ 'ਚ ਅਸਲਾ ਐਕਟ ਵਰਗੇ ਗੰਭੀਰ ਮਾਮਲੇ ਦਰਜ ਹਨ। ਇਨ੍ਹਾਂ ਮੁਕੱਦਮਿਆਂ 'ਚ ਥਾਣਾ ਘੁਮਾਣ ਬਟਾਲਾ 'ਚ ਅਸਲਾ ਐਕਟ ਦੇ ਮਾਮਲੇ ਸਮੇਤ ਕੁੱਲ ਤਿੰਨ ਮੁਕੱਦਮੇ, ਥਾਣਾ ਸ੍ਰੀ ਹਰਿਗੋਬਿੰਦਪੁਰ ਵਿਚ ਦੋ ਮੁਕੱਦਮੇ, ਥਾਣਾ ਸਰਹਿੰਦ, ਜ਼ਿਲਾ ਸ੍ਰੀ ਫਤਿਹਗੜ੍ਹ ਸਾਹਿਬ ਅਤੇ ਥਾਣਾ ਬੇਗੋਵਾਲ, ਜ਼ਿਲਾ ਕਪੂਰਥਲਾ ਵਿਖੇ ਇਕ-ਇਕ ਮੁਕੱਦਮਾ ਦਰਜ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਖਿਲਾਫ ਥਾਣਾ ਟਾਂਡਾ 'ਚ ਐੱਨ. ਡੀ. ਪੀ. ਸੀ. ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


shivani attri

Content Editor

Related News