ਮੰਨਾ ਕਤਲ ਮਾਮਲਾ : ਦੋਸ਼ੀਆਂ ਦੀ ਗਿਣਤੀ ਹੋਈ 8

03/05/2020 11:42:31 AM

ਮਲੋਟ (ਜੁਨੇਜਾ) - ਪਿਛਲੇ ਸਾਲ ਮਲੋਟ ਵਿਖੇ ਬਦਮਾਸ਼ਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਮਲੋਟ ਵਾਸੀ ਮਨਪ੍ਰੀਤ ਸਿੰਘ ਮੰਨਾ ਦੇ ਕਤਲ ਦੇ ਮੁੱਖ ਦੋਸ਼ੀਆਂ ਵਿਚ ਇਕ ਕਪਿਲ ਦਾ ਪੁਲਸ ਰਿਮਾਂਡ ਖਤਮ ਹੋ ਰਿਹਾ ਹੈ। ਇਸ ਲਈ ਪਿਛਲੇ 7 ਦਿਨਾਂ ਵਿਚ ਕੀਤੀ ਪੁੱਛਗਿੱਛ ਦੌਰਾਨ ਪੁਲਸ ਦੇ ਹੱਥ ਕੋਈ ਹੋਰ ਅਹਿਮ ਸੁਰਾਗ ਲੱਗਾ ਹੋ ਸਕਦਾ ਹੈ, ਜਿਸ ਦੇ ਬਾਰੇ ’ਚ ਪੁਲਸ ਅਗਲੇ ਦਿਨਾਂ ਵਿਚ ਵੱਡਾ ਖੁਲਾਸਾ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਪਹਿਲਾਂ 27 ਫਰਵਰੀ 5 ਦਿਨਾ ਅਤੇ ਫਿਰ 3 ਮਾਰਚ ਨੂੰ 2 ਦਿਨਾਂ ਦੇ ਪੁਲਸ ਰਿਮਾਂਡ ਦੌਰਾਨ ਪੁਲਸ ਨੇ ਕਾਬੂ ਦੋਸ਼ੀ ਤੋਂ ਕਈ ਅਹਿਮ ਜਾਣਕਾਰੀਆਂ ਹਾਸਲ ਕੀਤੀਆਂ ਗਈਆਂ ਸਨ। 

ਦੋਸ਼ੀਆਂ ਦੀ ਗਿਣਤੀ ਹੋਈ 8
ਬੇਸ਼ੱਕ ਇਨ੍ਹਾਂ ਦਾ ਖੁਲਾਸਾ ਪੁਲਸ ਅਗਲੇ ਦਿਨਾਂ ਵਿਚ ਕਰੇਗੀ ਪਰ ਸੂਤਰਾਂ ਅਨੁਸਾਰ ਕਪਿਲ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਮਨਪ੍ਰੀਤ ਸਿੰਘ ਮੰਨਾਂ ਦਾ ਕਤਲ ਕਰਨ ਆਏ ਬਦਮਾਸ਼ਾਂ ਦੀ ਗਿਣਤੀ ਪੰਜ ਸੀ। ਇਸ ਤੋਂ ਪਹਿਲਾਂ ਇਸ ਮਾਮਲੇ ਵਿਚ ਸਾਜ਼ਿਸ਼ਕਰਤਾ ਲਾਰੇਂਸ ਬਿਸ਼ਨੋਈ ਅਤੇ ਰੋਹਿਤ ਗੋਂਦਾਰਾ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਸੀ ਮੰਨਾਂ ਨੂੰ ਮਾਰਨ ਆਏ ਬਦਮਾਸ਼ਾਂ ਦੀ ਗਿਣਤੀ 4 ਸੀ। ਪਰ ਕਪਿਲ ਨੇ ਪੁੱਛਗਿੱਛ ਵਿਚ ਕੀਤੇ ਖੁਲਾਸੇ ਅਨੁਸਾਰ ਉਸ ਨਾਲ ਇਕ ਹੋਰ ਸਾਥੀ ਰਵੀ ਉਰਫ ਭੋਲਾ ਵਾਸੀ ਝੱਜਰ ਹਰਿਆਣਾ ਵੀ ਸੀ। ਕਤਲ ਦੀ ਵਾਰਦਾਤ ਦੌਰਾਨ ਉਹ ਪੰਜ ਜਣੇ ਸਨ। ਪੁਲਸ ਸੂਤਰਾਂ ਅਨੁਸਾਰ ਇਸ ਵਾਰਦਾਤ ਵਿਚ ਵਰਤੇ ਹਥਿਆਰਾਂ ਵਿਚੋਂ ਕੁਝ ਸ਼ੁਰੂ ਤੋਂ ਰੋਹਿਤ ਗੋਂਦਾਰਾ ਤੋਂ ਪੁੱਛਗਿੱਛ ਦੌਰਾਨ ਬਰਾਮਦ ਕਰ ਲਏ ਸਨ । ਕੁਝ ਇਸ ਤੋਂ ਪਹਿਲਾਂ ਸੋਨੀਪਤ ਦੀ ਪੁਲਸ ਨੇ ਕਪਿਲ ਦੀ ਗ੍ਰਿਫਤਾਰੀ ਮੌਕੇ ਬਰਾਮਦ ਕੀਤੇ ਹਨ।

ਕਤਲ ਤੋਂ ਪਹਿਲਾਂ ਹੋਈ ਰੇਕੀ ਪਰ ਲੋਕਲ ਕੁਨੇਕਸ਼ਨ ਬਾਰੇ ਨਹੀਂ ਮਿਲੇ ਤੱਥ
ਪਤਾ ਲੱਗਾ ਹੈ ਕਿ ਇਸ ਕਤਲ ਲਈ ਮੁੱਖ ਦੋਸ਼ੀਆਂ ਵਿਚ ਕਪਿਲ ਆਪਣੇ ਸਾਥੀ ਰਵੀ ਨਾਲ ਵਾਰਦਾਤ ਵਾਲੇ ਦਿਨ ਹੀ ਆਇਆ ਸੀ ਕਿ ਜਦ ਬਾਕੀ ਸਾਥੀ ਪਹਿਲਾਂ ਤੋਂ ਹੀ ਸੂਹ ਲਾ ਰਹੇ ਸਨ। ਕਤਲ ਵਾਲੇ ਦਿਨ ਵੀ ਸਾਰੇ ਕਾਤਲ ਪਹਿਲਾਂ ਸਵੇਰੇ ਜਿੰਮ ਵਿਚ ਗਏ ਸਨ ਪਰ ਮੰਨਾ ਨਹੀਂ ਆਇਆ। ਜਿਸ ਤੋਂ ਬਾਅਦ ਉਨ੍ਹਾਂ ਘੁੰਮ ਫਿਰ ਕੇ ਦਿਨ ਬਿਤਾਇਆ ਅਤੇ ਸ਼ਾਮ ਨੂੰ ਮੰਨਾ ਦੇ ਜਿੰਮ ਵਿਚੋਂ ਬਾਹਰ ਆਉਂਦਿਆਂ ਹੀ ਗੋਲੀਆਂ ਨਾਲ ਭੁੰਨ ਦਿੱਤਾ । ਇਸ ਮਾਮਲੇ ਵਿਚ ਬੇਸ਼ੱਕ ਪੁਲਸ ਕੋਲ ਖੁਲਾਸਾ ਨਹੀਂ ਹੋਇਆ ਪਰ ਵਾਰਦਾਤ ਤੋਂ ਪਹਿਲਾਂ ਇਥੇ ਆਉਂਦੇ ਜਾਂਦੇ ਰਹੇ ਰਾਹੁਲ ਰਾਜੇਸ਼ ਕਾਂਡਾ ਅਤੇ ਰਾਜਨ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਦੀਆਂ ਠਾਹਰਾਂ ਅਤੇ ਲੋਕ ਕੁਨੇਕਸ਼ਨ ਬਾਰੇ ਖੁਲਾਸਾ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਮ੍ਰ੍ਰਿਤਕ ਮਨਪ੍ਰੀਤ ਸਿੰਘ ਮੰਨਾ ਦੀ ਮਾਤਾ ਕੁਲਦੀਪ ਕੌਰ, ਪਤਨੀ ਨਵਪ੍ਰੀਤ ਕੌਰ ਅਤੇ ਕਜ਼ਨ ਸ਼ੁਭਦੀਪ ਸਿੰਘ ਬਿੱਟੂ ਵੱਲੋਂ ਪੰਜਾਬ ਦੇ ਡੀ. ਜੀ. ਪੀ. ਨੂੰ ਮਿਲ ਕਿ ਮੰਗ ਕੀਤੀ ਸੀ ਕਿ ਇਸ ਮਾਮਲੇ ਵਿਚ ਪੁਲਸ ਲੋਕਲ ਕੁਨੇਕਸ਼ਨ ਦਾ ਖੁਰਾ ਖੋਜ ਲਾਏ।

ਹੁਣ ਪੁੱਛਗਿੱਛ ਲਈ ਰਾਜੂ ਬਿਸੋਡੀ ਦੀ ਵਾਰੀ
ਕਤਲ ਦੇ ਮੁੱਖ ਸਾਜ਼ਿਸ਼ਕਰਤਾ ਅਤੇ ਕਤਲ ਤੋਂ ਅੱਧੇ ਘੰਟੇ ਬਾਅਦ ਫੇਸਬੁੱਕ ਉਪਰ ਮੰਨਾ ਨੂੰ ਮਾਰ ਕੇ ਅੰਕਿਤ ਭਾਦੂ ਦਾ ਬਦਲਾ ਲੈਣ ਦਾ ਦਾਅਵਾ ਕਰਨ ਵਾਲਾ ਰਾਜੂ ਬਿਸੋਡੀ ਨੂੰ ਪੁਲਸ ਨੇ ਪਿਛਲੇ ਦਿਨਾਂ ਵਿਚ ਥਾਈਲੈਂਡ ਤੋਂ ਗ੍ਰਿਫਤਾਰ ਕੀਤਾ ਸੀ, ਜਿਸ ਨੂੰ ਮਲੋਟ ਪੁਲਸ ਜਲਦੀ ਪ੍ਰੋਡਕਸ਼ਨ ਰਿਮਾਂਡ ’ਤੇ ਲਿਆ ਕਿ ਪੁੱਛਗਿੱਛ ਕਰੇਗੀ ।
 


rajwinder kaur

Content Editor

Related News