ਫੋਨ ''ਤੇ ਉੱਚੀ ਆਵਾਜ਼ ''ਚ ਗੱਲ ਕਰਨ ''ਤੇ ਹੋਈ ਬਹਿਸ, ਪਿਓ ਨੇ ਕੀਤਾ ਪੁੱਤਰ ਦਾ ਕਤਲ
Wednesday, Mar 27, 2024 - 11:44 AM (IST)
ਨਾਗਪੁਰ- ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ਦੇ ਇਕ ਪਿੰਡ 'ਚ ਇਕ ਵਿਅਕਤੀ ਨੇ ਫੋਨ 'ਤੇ ਉੱਚੀ ਆਵਾਜ਼ 'ਚ ਗੱਲ ਕਰਨ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਆਪਣੇ ਪੁੱਤਰ ਦਾ ਕਤਲ ਕਰ ਦਿੱਤਾ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਨੂੰ ਨਾਗਪੁਰ ਸ਼ਹਿਰ ਤੋਂ ਲਗਭਗ 30 ਕਿਲੋਮੀਟਰ ਦੂਰ ਪਿਪਰਾ ਪਿੰਡ ਵਿਚ ਵਾਪਰੀ ਅਤੇ ਅਗਲੇ ਦਿਨ ਹਸਪਤਾਲ ਵਿਚ ਇਲਾਜ ਦੌਰਾਨ ਨੌਜਵਾਨ ਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਦੋਸ਼ੀ ਰਾਮਰਾਓ ਕਾਕੜੇ ਨੂੰ ਗ੍ਰਿਫਤਾਰ ਕਰ ਲਿਆ ਗਿਆ। ਬੇਲਾ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜਦੋਂ ਕਾਕੜੇ ਵਲੋਂ ਫ਼ੋਨ 'ਤੇ ਉੱਚੀ ਆਵਾਜ਼ ਵਿਚ ਗੱਲ ਕਰਨ ਨੂੰ ਲੈ ਕੇ ਪੁੱਤਰ ਸੂਰਜ ਨੇ ਇਤਰਾਜ਼ ਕੀਤਾ, ਤਾਂ ਦੋਵਾਂ ਵਿਚ ਬਹਿਸ ਹੋ ਗਈ, ਜਿਸ ਤੋਂ ਬਾਅਦ ਕਾਕੜੇ ਨੇ ਸੂਰਜ 'ਤੇ ਸਟੀਲ ਦੀ ਰਾਡ ਨਾਲ ਹਮਲਾ ਕਰ ਦਿੱਤਾ। ਸੂਰਜ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਮੰਗਲਵਾਰ ਨੂੰ ਉਸ ਦੀ ਮੌਤ ਹੋ ਗਈ। ਪੁਲਸ ਮੁਤਾਬਕ ਘਟਨਾ ਦੇ ਸਮੇਂ ਦੋਵੇਂ ਪਿਓ-ਪੁੱਤ ਸ਼ਰਾਬ ਦੇ ਨਸ਼ੇ 'ਚ ਸਨ। ਉਨ੍ਹਾਂ ਕਿਹਾ ਕਿ ਕਾਕੜੇ ਖ਼ਿਲਾਫ਼ IPC ਦੀ ਧਾਰਾ 302 (ਕਤਲ) ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।