ਮਲੇਰਕੋਟਲਾ ਵਿਖੇ ਪਾਣੀ ਲਈ ਜਨਤਾ ਦੀ ਹਾਹਾਕਾਰ (ਵੀਡੀਓ)

07/12/2018 4:30:23 PM

ਮਲੇਰਕੋਟਲਾ(ਬਿਊਰੋ)—ਪੰਜਾਬ ਸਰਕਾਰ ਪੂਰੇ ਜ਼ੋਰਾਂ-ਸ਼ੋਰਾਂ ਨਾਲ ਦਾਅਵਾ ਕਰਦੀ ਹੈ ਕਿ ਉਹ ਵਿਕਾਸ ਕਾਰਜਾਂ 'ਤੇ ਕਰੋੜਾਂ ਰੁਪਏ ਖਰਚ ਕਰ ਰਹੀ ਹੈ। ਪਰ ਮਲੇਰਕੋਟਲਾ ਦੇ ਕਈ ਮੁਹੱਲੇ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ। ਮਲੇਰਕੋਟਲਾ ਸ਼ਹਿਰ ਦਾ ਮੁਹੱਲਾ ਕੋਰੈਸ਼ ਨਗਰ ਤੇ ਰਵਿਦਾਸ ਨਗਰ ਦੇ ਰਹਿਣ ਵਾਲੇ ਲੋਕ ਇਨ੍ਹੀਂ ਦਿਨੀਂ ਅੱਤ ਦੀ ਗਰਮੀ ਵਿਚ ਪੀਣ ਵਾਲੇ ਪਾਣੀ ਦੀ ਕਿੱਲਤ ਨਾਲ ਜੂਝ ਰਹੇ ਹਨ। ਜਿਸ ਤੋਂ ਬਾਅਦ ਦੁਖੀ ਹੋਏ ਇਨ੍ਹਾਂ ਲੋਕਾਂ ਵੱਲੋਂ ਸੜਕ ਜਾਮ ਕਰ ਕੇ ਧਰਨਾ ਲਾਇਆ ਗਿਆ ਅਤੇ ਨਗਰ ਨਿਗਮ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸਥਾਨਕ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਮੁਹੱਲੇ ਅੰਦਰ ਟਿਊਬਵੈਲ ਤਾਂ ਪਰ ਕਈ ਸਾਲਾਂ ਤੋਂ ਬੰਦ ਪਿਆ ਹੈ। ਜਿਸ ਕਾਰਨ ਉਨ੍ਹਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਨਹੀਂ ਹੋ ਰਿਹਾ। ਇੰਨਾ ਹੀ ਨਹੀਂ ਲੋਕਾਂ ਨੇ ਆਖਿਆ ਕਿ ਪਾਣੀ ਨਾ ਮਿਲਣ ਕਾਰਨ ਉਨ੍ਹਾਂ ਨੂੰ ਰੋਜ਼ਮਰਾ ਦੇ ਕੰਮਾਂ ਵਿਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮੁਹੱਲੇ ਦੀਆਂ ਔਰਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚੇ ਇਸ ਗਰਮੀ ਵਿਚ ਬਿਨਾਂ ਨਹਾਏ ਸਕੂਲ ਜਾਂਦੇ ਹਨ ਅਤੇ ਕੱਪੜੇ ਧੋਣ ਲਈ ਵੀ ਉਨ੍ਹਾਂ ਨੂੰ ਪਾਣੀ ਨਹੀਂ ਮਿਲ ਰਿਹਾ। ਇਸ ਦੇ ਲਈ ਉਨ੍ਹਾਂ ਨੂੰ ਦੂਰੋਂ ਪਾਣੀ ਲੈ ਕੇ ਆਉਣਾ ਪੈਂਦਾ ਹੈ ਅਤੇ ਇਸ ਮਜ਼ਬੂਰੀ ਵਿਚ ਉਹ ਕਰਨ ਤਾਂ ਕੀ ਕਰਨ। ਲੋਕਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਨਗਰ ਕੌਂਸਲ ਦਫਤਰ ਦੇ ਵੀ ਉਹ ਕਈ ਵਾਰ ਚੱਕਰ ਕੱਟ ਚੁੱਕੇ ਹਨ ਪਰ ਹਰ ਵਾਰ ਉਨ੍ਹਾਂ ਨੂੰ ਭਰੋਸਾ ਦਿਵਾਇਆ ਜਾਂਦਾ ਹੈ ਕਿ ਜਲਦੀ ਹੀ ਟਿਊਬਵੈਲ ਚਾਲੂ ਹੋ ਜਾਏਗਾ ਪਰ ਹਾਲੇ ਤੱਕ ਸ਼ੁਰੂ ਨਹੀਂ ਕੀਤਾ ਗਿਆ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਇਸ ਵੱਡੀ ਮੁਸ਼ਕਲ ਦਾ ਹੱਲ ਜਲਦੀ ਕੀਤਾ ਜਾਵੇ ਜਿਸ ਨਾਲ ਉਨ੍ਹਾਂ ਦੀ ਪਾਣੀ ਦੀ ਕਿੱਲਤ ਦੂਰ ਹੋ ਸਕੇ।
ਉਧਰ ਇਸ ਮੌਕੇ ਜਦੋਂ ਮਲੇਰਕੋਟਲੇ ਦੀ ਐਸ.ਡੀ.ਐਮ. ਪ੍ਰੀਤੀ ਯਾਦਵ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਆਖਿਆ ਗਿਆ ਕਿ ਜਲਦੀ ਹੀ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ। ਕਿਉਂਕਿ ਟਿਊਬਵੈਲ ਲਗਾਉਣ ਲਈ ਟੈਂਡਰ ਹੋ ਚੁੱਕਾ ਹੈ ਤੇ ਇਸ ਤੋਂ ਬਾਅਦ ਜਲਦੀ ਹੀ ਕੰਮ ਸ਼ੁਰੂ ਹੋ ਜਾਵੇਗਾ। ਜਿਸ ਤੋਂ ਬਾਅਦ ਲੋਕਾਂ ਨੂੰ ਪੀਣ ਵਾਲਾ ਪਾਣੀ ਬਿਨਾਂ ਕਿਸੇ ਰੁਕਾਵਟ ਤੋਂ ਹਾਸਲ ਹੋਵੇਗਾ। ਫਿਲਹਾਲ ਪਾਣੀ ਦੀ ਦਿੱਕਤ ਨਾਲ ਜੂਝ ਰਹੇ ਲੋਕਾਂ ਲਈ ਪ੍ਰਸ਼ਾਸਨ ਨੂੰ ਕੁਝ ਤਰੀਕੇ ਦੀ ਰਾਹਤ ਦਿੰਦੇ ਹੋਏ ਕਈ ਟੈਂਕਰਾਂ ਨਾਲ ਪਾਣੀ ਦੀ ਪਹੁੰਚ ਕਰਨੀ ਚਾਹੀਦੀ ਹੈ ਤਾਂ ਜੋ ਮੁਸ਼ਕਲ 'ਚ ਪਏ ਲੋਕ ਕੁਝ ਰਾਹਤ ਮਹਿਸੂਸ ਕਰ ਸਕਣ।


Related News