ਮੇਨ ਬਾਜ਼ਾਰ ''ਚ ਬਣੇ ਗੇਟ ''ਤੇ ਲੱਗੇ ਪੱਥਰ ਦੇ ਪੀਸ ਹੇਠਾਂ ਡਿੱਗੇ, 2 ਸਕੀਆਂ ਭੈਣਾਂ ਜ਼ਖਮੀ

Tuesday, Dec 17, 2024 - 12:47 PM (IST)

ਗੁਰੂਹਰਸਹਾਏ (ਸੁਨੀਲ ਵਿੱਕੀ, ਆਵਲਾ) : ਗੁਰੂਹਰਸਹਾਏ ਸ਼ਹਿਰ ਦੇ ਮੇਨ ਬਾਜ਼ਾਰ 'ਚ ਬਣੇ ਬਿਸ਼ਨ ਗੰਜ ਗੇਟ 'ਤੇ ਲੱਗੇ ਪੱਥਰ ਦੇ ਕਈ ਵੱਡੇ-ਵੱਡੇ ਪੀਸ ਥੱਲੇ ਡਿੱਗ ਪਏ। ਇਸ ਘਟਨਾ ਦੌਰਾਨ ਬਾਜ਼ਾਰ 'ਚੋਂ ਲੰਘ ਰਹੀਆਂ 2 ਸਕੀਆਂ ਭੈਣਾਂ ਦੇ ਸਿਰ 'ਤੇ ਇਹ ਪੀਸ ਵੱਜੇ ਅਤੇ ਉਹ ਗੰਭੀਰ ਜ਼ਖਮੀ ਹੋ ਗਈਆਂ। ਖੂਨ ਨਾਲ ਲੱਥ-ਪੱਥ ਦੋਹਾਂ ਬੱਚੀਆਂ ਨੂੰ ਰਾਹਗੀਰਾਂ ਨੇ ਚੁੱਕ ਕੇ ਸ਼ਹਿਰ ਦੇ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਵਾਇਆ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਮੇਨ ਬਾਜ਼ਾਰ ਦੇ ਦੁਕਾਨਦਾਰ ਡਾਕਟਰ ਆਈ. ਪੀ. ਸਿੰਘ ਸਹਿਗਲ, ਵਿਜੇ ਖੁਰਾਣਾ, ਵਿਕਾਸ ਖੁਰਾਣਾ, ਕੋਟੂ, ਗੋਰਾ ਖੁਰਾਣਾ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਮੇਨ ਬਾਜ਼ਾਰ 'ਚ ਸ਼ਹਿਰ ਦੇ ਸੁੰਦਰੀਕਰਨ ਲਈ ਬਣੇ ਬਿਸ਼ਨ ਗੰਜ ਗੇਟ 'ਤੇ ਲੱਗੇ ਪੱਥਰ ਦੇ ਵੱਡੇ-ਵੱਡੇ ਪੀਸ ਬੀਤੇ ਐਤਵਾਰ ਦੀ ਦੇਰ ਸ਼ਾਮ ਨੂੰ ਉੱਪਰੋਂ ਥੱਲੇ ਡਿੱਗ ਪਏ।

PunjabKesari

ਇਸ ਦੌਰਾਨ ਆਦਰਸ਼ ਨਗਰ ਦੀਆਂ ਰਹਿਣ ਵਾਲੀਆਂ ਦੋ ਸਕੀਆਂ ਭੈਣਾਂ ਉੱਥੋਂ ਲੰਘ ਰਹੀਆਂ ਸਨ। ਪੱਥਰ ਦੇ ਪੀਸ ਅਚਾਨਕ ਦੋਹਾਂ ਦੇ ਸਿਰ 'ਚ ਜਾ ਵੱਜੇ ਅਤੇ ਉਹ ਜ਼ਮੀਨ 'ਤੇ ਡਿੱਗ ਪਈਆਂ ਅਤੇ ਗੰਭੀਰ ਜ਼ਖਮੀ ਹੋ ਗਈਆਂ। ਉਨ੍ਹਾਂ ਨੂੰ ਲੋਕਾਂ ਵੱਲੋਂ ਸ਼ਹਿਰ ਦੇ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਦੋਵੇਂ ਭੈਣਾਂ ਗਰੀਬ ਪਰਿਵਾਰ ਚੋਂ ਹਨ। ਦੋਹਾਂ ਦਾ ਇਲਾਜ ਸ਼ਹਿਰ ਦੇ ਸਮਾਜ ਸੇਵੀ ਵੱਲੋਂ ਕਰਵਾਇਆ ਗਿਆ। ਮੇਨ ਬਾਜ਼ਾਰ 'ਚ ਕੰਮ ਕਰਦੇ ਦੁਕਾਨਦਾਰਾਂ ਨੇ ਦੱਸਿਆ ਕਿ ਇਸ ਬਾਜ਼ਾਰ 'ਚ ਸਵੇਰੇ-ਸ਼ਾਮ ਬਹੁਤ ਹੀ ਜ਼ਿਆਦਾ ਭੀੜ ਰਹਿੰਦੀ ਹੈ ਅਤੇ ਆਵਾਜਾਈ ਬਹੁਤ ਜ਼ਿਆਦਾ ਹੁੰਦੀ ਹੈ।

ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਗੇਟ ਤੋਂ ਸਾਰੇ ਪੱਥਰ ਨੂੰ ਉਤਾਰ ਕੇ ਸਿੰਪਲ ਪਲੇਨ ਪਲਸਤਰ ਕਰਕੇ ਰੰਗ ਕੀਤਾ ਜਾਵੇ ਤਾਂ ਜੋ ਅੱਗੇ ਤੋਂ ਕੋਈ ਅਣਹੋਣੀ ਘਟਨਾ ਨਾ ਵਾਪਰ ਸਕੇ। ਉਨ੍ਹਾਂ ਕਿਹਾ ਕਿ ਹੁਣ ਦੋਵੇਂ ਬੱਚੀਆਂ ਰੱਬ ਦੀ ਕਿਰਪਾ ਨਾਲ ਬਚ ਗਈਆਂ ਹਨ। ਅਸੀਂ ਖ਼ੁਦ ਹੈਰਾਨ ਹਾਂ ਕਿ ਇੰਨੀ ਉੱਚੀ ਥਾਂ ਤੋਂ ਜੇਕਰ ਪੱਥਰ ਥੱਲੇ ਡਿੱਗ ਕੇ ਕਿਸੇ ਦੇ ਸਿਰ 'ਚ ਵੱਜਦਾ ਹੈ ਤਾਂ ਉਸਦਾ ਬਚਣਾ ਮੁਸ਼ਕਲ ਹੁੰਦਾ ਹੈ। ਰੱਬ ਨੇ ਦੋਹਾਂ ਬੱਚੀਆਂ ਨੂੰ ਹੱਥ ਦੇ ਕੇ ਰੱਖ ਲਿਆ ਹੈ। ਇਹ ਸਾਰੀ ਘਟਨਾ ਇਕ ਦੁਕਾਨਦਾਰ ਦੀ ਦੁਕਾਨ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਦੁਕਾਨਦਾਰਾਂ ਨੇ ਸਬੰਧਿਤ ਵਿਭਾਗ ਅਤੇ ਠੇਕੇਦਾਰ ਨੂੰ ਹੱਥ ਜੋੜ ਕੇ ਅਪੀਲ ਕੀਤੀ ਹੈ ਕਿ ਇਸ ਨੂੰ ਪਹਿਲ ਦੇ ਆਧਾਰ 'ਤੇ ਠੀਕ ਕੀਤਾ ਜਾਵੇ ਤਾਂ ਜੋ ਅੱਗੇ ਤੋਂ ਕੋਈ ਅਣਹੋਣੀ ਘਟਨਾ ਨਾ ਵਾਪਰ ਸਕੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਹੁਣ ਗੇਟ ਦੇ ਥੱਲਿਓਂਲੰਘਣ ਲੱਗਿਆਂ ਉੱਪਰ ਦੇਖ ਕੇ ਡਰ-ਡਰ ਕੇ ਲੰਘਣਾ ਪੈਂਦਾ ਹੈ ਕਿ ਕਿਤੇ ਫਿਰ ਨਾ ਕੋਈ ਪੱਥਰ ਥੱਲੇ ਡਿੱਗ ਕੇ ਉਨ੍ਹਾਂ ਦੇ ਸਿਰ 'ਚ ਵੱਜ ਜਾਵੇ।
 


Babita

Content Editor

Related News