ਪੁਲਸ ਨੇ ਸ਼ੁਰੂ ਨਹੀਂ ਹੋਣ ਦਿੱਤੀ ਲੋਕ ਜਗਾਓ ਇਨਸਾਫ਼ ਯਾਤਰਾ, 11 ਆਗੂਆਂ ਨੂੰ ਕੀਤਾ ਗ੍ਰਿਫ਼ਤਾਰ
Monday, Nov 28, 2022 - 02:17 PM (IST)

ਮਾਛੀਵਾੜਾ ਸਾਹਿਬ (ਟੱਕਰ) : ਲੋਕ ਚੇਤਨਾ ਲਹਿਰ ਪੰਜਾਬ ਵੱਲੋਂ ਪੁਲਸ ਜ਼ਿਲ੍ਹਾ ਖੰਨਾ ਦੀ ਢਿੱਲੀ ਕਾਰਗੁਜ਼ਾਰੀ, ਧੱਕੇਸ਼ਾਹੀ ਅਤੇ ਬੇਇਨਸਾਫ਼ੀਆਂ ਖ਼ਿਲਾਫ਼ ਅੱਜ ਲੋਕ ਜਗਾਓ ਇਨਸਾਫ਼ ਯਾਤਰਾ ਮਾਛੀਵਾੜਾ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਤੋਂ ਸ਼ੁਰੂ ਕਰਨੀ ਸੀ। ਇਸ ਤੋਂ ਪਹਿਲਾਂ ਹੀ ਮਾਛੀਵਾੜਾ ਪੁਲਸ ਨੇ ਯਾਤਰਾ ਸ਼ੁਰੂ ਕਰਨ ਵਾਲੇ 11 ਆਗੂਆਂ ਨੂੰ ਹਿਰਾਸਤ 'ਚ ਲੈ ਲਿਆ। ਪੁਲਸ ਖ਼ਿਲਾਫ਼ ਸ਼ੁਰੂ ਹੋਣ ਵਾਲੀ ਇਸ ਇਨਸਾਫ਼ ਯਾਤਰਾ ਲਈ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਅੱਜ ਸਵੇਰ ਤੋਂ ਹੀ ਆਗੂ ਪੁੱਜਣੇ ਸ਼ੁਰੂ ਹੋਏ ਤਾਂ ਉੱਥੇ ਪਹਿਲਾਂ ਹੀ ਤਾਇਨਾਤ ਡੀ. ਐੱਸ. ਪੀ. ਸਮਰਾਲਾ ਵਰਿਆਮ ਸਿੰਘ, ਥਾਣਾ ਮੁਖੀ ਦਵਿੰਦਰਪਾਲ ਸਿੰਘ ਭਾਰੀ ਫੋਰਸ ਬਲ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨਾ ਸ਼ੁਰੂ ਕਰ ਦਿੱਤਾ। ਪੁਲਸ ਵੱਲੋਂ ਅੱਜ ਨਿਰੰਜਨ ਸਿੰਘ ਵਾਸੀ ਸ਼ਤਾਬਗੜ੍ਹ, ਰਣਜੀਤ ਸਿੰਘ ਵਾਸੀ ਜੋਧਵਾਲ, ਹਰਚੰਦ ਸਿੰਘ ਵਾਸੀ ਹੇਡੋਂ ਬੇਟ, ਕੇਵਲ ਸਿੰਘ ਕੱਦੋਂ, ਪਰਮਜੀਤ ਸਿੰਘ, ਕਾਮਰੇਡ ਦਰਸ਼ਨ ਸਿੰਘ (ਸਾਰੇ ਵਾਸੀ ਮਾਛੀਵਾੜਾ), ਅਮਰਜੀਤ ਸਿੰਘ ਵਾਸੀ ਬਾਲਿਓਂ, ਬਲਵਿੰਦਰ ਕੁਮਾਰ ਉਟਾਲਾਂ, ਰਜਿੰਦਰ ਸਿੰਘ ਵਾਸੀ ਸਮਰਾਲਾ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਵੱਲੋਂ ਇਨ੍ਹਾਂ ਖ਼ਿਲਾਫ਼ ਧਾਰਾ-7/51 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਕਿਉਂਕਿ ਇਹ ਸਾਰੇ ਵਿਅਕਤੀ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਅਮਨ, ਸ਼ਾਂਤੀ ਭੰਗ ਕਰ ਰਹੇ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੱਥੇਦਾਰ ਅਮਰਜੀਤ ਸਿੰਘ ਬਾਲਿਓਂ ਨੇ ਦੱਸਿਆ ਕਿ ਲੋਕ ਜਗਾਓ ਇਨਸਾਫ਼ ਯਾਤਰਾ ਲੋਕ ਹਿੱਤਾਂ ਲਈ ਕੱਢੀ ਜਾ ਰਹੀ ਸੀ ਪਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਸਰਕਾਰ ਅਤੇ ਪੁਲਸ ਨੇ ਲੋਕਤੰਤਰ ਦਾ ਘਾਣ ਕੀਤਾ ਹੈ।
ਗ੍ਰਿਫ਼ਤਾਰ ਕੀਤੇ ਗਏ ਸਾਰੇ ਆਗੂ 60 ਸਾਲ ਤੋਂ ਵੱਧ ਉਮਰ ਦੇ ਬਾਬੇ
ਲੋਕ ਜਗਾਓ ਇਨਸਾਫ਼ ਯਾਤਰਾ ਕੱਢਣ ਵਾਲੇ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਾਰੇ ਵਿਅਕਤੀ 60 ਸਾਲ ਤੋਂ ਵੱਧ ਉਮਰ ਵਾਲੇ ਬਾਬੇ ਹਨ। ਪੁਲਸ ਵਲੋਂ ਪਰਚਾ ਦਰਜ ਕਰ ਇਨ੍ਹਾਂ ਨੂੰ ਜੇਲ੍ਹ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਮੌਕੇ ਡੀ. ਐੱਸ. ਪੀ. ਸਮਰਾਲਾ ਵਰਿਆਮ ਸਿੰਘ ਨੇ ਦੱਸਿਆ ਕਿ ਕਿਸੇ ਵੀ ਵਿਅਕਤੀ ਨੂੰ ਇਲਾਕੇ 'ਚ ਅਮਨ-ਸ਼ਾਂਤੀ ਭੰਗ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ ਅਤੇ ਜੇਕਰ ਕੋਈ ਸਮੱਸਿਆ ਹੈ ਤਾਂ ਉਹ ਪੁਲਸ ਅਧਿਕਾਰੀਆਂ ਦੇ ਧਿਆਨ 'ਚ ਲਿਆਉਣ ਅਤੇ ਉਸ ਦਾ ਹੱਲ ਜ਼ਰੂਰ ਕੀਤਾ ਜਾਵੇਗਾ।