ਮਾਛੀਵਾੜਾ ਪੁਲਸ ਨੇ ਕੱਢਿਆ ਫਲੈਗ ਮਾਰਚ, ਮੰਡੀਆਂ ''ਚ ਜਮਾਵੜਾ ਲਾਉਣ ਵਾਲਿਆਂ ਨੂੰ ਸਖਤ ਹਦਾਇਤ

04/14/2020 4:01:05 PM

ਮਾਛੀਵਾੜਾ ਸਾਹਿਬ (ਟੱਕਰ) : ਕੋਰੋਨਾ ਵਾਇਰਸ ਦੇ ਮੱਦੇਨਜ਼ਰ ਮਾਛੀਵਾੜਾ ਇਲਾਕੇ 'ਚ ਕਰਫਿਊ ਦੀ ਸਥਿਤੀ ਬਹਾਲ ਰੱਖਣ ਲਈ ਪੁਲਸ ਜ਼ਿਲ੍ਹਾ ਖੰਨਾ ਦੀ ਐਸ.ਪੀ  ਸੁਰਿੰਦਰਜੀਤ ਕੌਰ ਦੀ ਅਗਵਾਈ ਹੇਠ ਪੁਲਸ ਨੇ ਮੰਗਲਵਾਰ ਨੂੰ ਫਲੈਗ ਮਾਰਚ ਕੀਤਾ ਤੇ ਲੋਕਾਂ ਨੂੰ ਕਾਨੂੰਨ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ। ਫਲੈਗ ਮਾਰਚ ਦੌਰਾਨ ਐਸ. ਪੀ ਵਲੋਂ ਮਾਛੀਵਾੜਾ ਅਨਾਜ ਮੰਡੀ ਦਾ ਦੌਰਾ ਵੀ ਕੀਤਾ ਗਿਆ ਅਤੇ ਖਰੀਦ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ। ਐਸ. ਪੀ ਸੁਰਿੰਦਰਜੀਤ ਕੌਰ ਨੇ ਆੜ੍ਹਤੀਆਂ ਨੂੰ ਹਦਾਇਤ ਕੀਤੀ ਕਿ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਮੰਡੀਆਂ 'ਚ ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ ਤੇ ਕਿਸੇ ਵੀ ਆੜ੍ਹਤੀ ਦੀ ਦੁਕਾਨ ਜਾਂ ਉਸ ਦੇ ਫੜ੍ਹ 'ਚ ਕਿਸਾਨਾਂ ਜਾਂ ਮਜ਼ਦੂਰਾਂ ਦਾ ਜਮਾਵੜਾ ਦਿਖਾਈ ਦਿੱਤਾ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮਾਛੀਵਾੜਾ ਅਨਾਜ ਮੰਡੀ 'ਚ 24 ਘੰਟੇ 8 ਪੁਲਸ ਮੁਲਾਜ਼ਮ ਤਾਇਨਾਤ ਰਹਿਣਗੇ ਜੋ ਕਿ ਗਸ਼ਤ ਦੌਰਾਨ ਨਿਗਰਾਨੀ ਰੱਖਣਗੇ ਕਿ ਮੰਡੀ ’ਚ ਕਿਤੇ ਨਿਯਮਾਂ ਦੀ ਉਲੰਘਣਾ ਤਾਂ ਨਹੀਂ ਹੋ ਰਹੀ।
 ਇਸ ਤੋਂ ਇਲਾਵਾ ਅੱਜ ਫਲੈਗ ਮਾਰਚ ਦੌਰਾਨ ਬਲੀਬੇਗ ਵਿਖੇ ਕੁਝ ਲੋਕ ਕਰਫਿਊ ਦੀ ਉਲੰਘਣਾ ਕਰਦੇ ਦਿਖਾਈ ਦਿੱਤੇ, ਜਿਸ ’ਤੇ ਪੁਲਸ ਨੇ 4 ਵਿਅਕਤੀਆਂ ਖਿਲਾਫ ਧਾਰਾ-188 ਤਹਿਤ ਮਾਮਲਾ ਦਰਜ ਕੀਤਾ। ਐਸ. ਪੀ ਸੁਰਿੰਦਰਜੀਤ ਕੌਰ ਨੇ ਕਿਹਾ ਕਿ ਸਰਕਾਰ ਵਲੋਂ ਨਿਰਦੇਸ਼ ਹਨ ਕਿ ਆਉਣ ਵਾਲੇ ਇੱਕ ਹਫਤੇ 'ਚ ਪੂਰੀ ਸਖਤੀ ਕੀਤੀ ਜਾਵੇ, ਇਸ ਲਈ ਲੋਕ ਕਰਫਿਊ ਦੀ ਉਲੰਘਣਾ ਨਾ ਕਰਨ ਤੇ ਘਰਾਂ 'ਚ ਸੁਰੱਖਿਅਤ ਰਹਿਣ। ਐਸ.ਪੀ ਨੇ ਪੁਲਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਬਜ਼ਾਰਾਂ 'ਚ ਕੋਈ ਵੀ ਦੁਕਾਨਾਂ ਖੋਲ੍ਹ ਕੇ ਸਮਾਨ ਵੇਚਦਾ ਹੈ ਤਾਂ ਉਨ੍ਹਾਂ ਦੇ ਚਲਾਨ ਕੱਟ ਕੇ ਲਾਈਸੈਂਸ ਰੱਦ ਕਰਨ ਦੀ ਸਿਫਾਰਿਸ਼ ਕੀਤੀ ਜਾਵੇ। ਇਸ ਮੌਕੇ ਥਾਣਾ ਮੁਖੀ ਇੰਸਪੈਕਟਰ ਸੁਖਵੀਰ ਸਿੰਘ, ਐਸ.ਐਚ.ਓ ਸਿਕੰਦਰ ਸਿੰਘ, ਬਰਜਿੰਦਰ ਸਿੰਘ, ਪ੍ਰਗਟ ਸਿੰਘ, ਦਵਿੰਦਰ ਸਿੰਘ ਗਰਚਾ, ਅਜਮੇਰ ਸਿੰਘ, ਦਰਸ਼ਨ ਲਾਲ ਸਾਰੇ ਸਹਾਇਕ ਥਾਣੇਦਾਰਾਂ ਤੋਂ ਇਲਾਵਾ ਹੋਰ ਵੀ ਪੁਲਿਸ ਕਰਮਚਾਰੀ ਭਾਰੀ ਫੋਰਸ ਨਾਲ ਮੌਜੂਦ ਸਨ।

ਅਨਾਜ ਮੰਡੀਆਂ ’ਚ ਹੁੱਲੜਬਾਜ਼ੀ ਬਰਦਾਸ਼ਤ ਨਹੀਂ ਹੋਵੇਗੀ

ਐਸ.ਪੀ ਸੁਰਿੰਦਰਜੀਤ ਕੌਰ ਨੇ ਕਿਹਾ ਕਿ ਕਣਕ ਦੀ ਖਰੀਦ ਨਾਲ ਅਨਾਜ ਮੰਡੀਆਂ 'ਚ ਕਿਸਾਨ ਤੇ ਮਜ਼ਦੂਰ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੰਮ ਕਰਨ ਤੇ ਜੇਕਰ ਕਿਸੇ ਨੇ ਵੀ ਨਸ਼ੇ ਆਦਿ ਦਾ ਸੇਵਨ ਕਰ ਹੁੱਲੜਬਾਜ਼ੀ ਕੀਤੀ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਮਾਛੀਵਾੜਾ ਇਲਾਕੇ 'ਚ ਪੁਲਸ ਅਧਿਕਾਰੀ ਸਵੇਰੇ-ਸ਼ਾਮ ਡਰੋਨ ਨਾਲ 2 ਘੰਟੇ ਸ਼ਹਿਰ ਦੀਆਂ ਗਲੀਆਂ-ਮਹੁੱਲਿਆਂ ਦੀ ਨਿਗਰਾਨੀ ਰੱਖਣਗੇ ਤੇ ਜੇਕਰ ਕੋਈ ਵੀ ਬਾਹਰ ਘੁੰਮਦਾ ਪਾਇਆ ਗਿਆ ਤਾਂ ਉਸ ਖਿਲਾਫ ਕਰਫਿਊ ਉਲੰਘਣਾ ਦਾ ਮਾਮਲਾ ਦਰਜ ਕੀਤਾ ਜਾਵੇਗਾ। 
ਮੰਡੀਆਂ ਦੇ ਗੇਟ ਅੱਗੇ ਜਾਂਚ ਲਈ ਤਾਇਨਾਤ ਹੋਵੇਗੀ ਸਿਹਤ ਵਿਭਾਗ ਦੀ ਟੀਮ

ਪੁਲਸ ਜ਼ਿਲ੍ਹਾ ਖੰਨਾ ਦੇ ਐਸ.ਪੀ ਸੁਰਿੰਦਰਜੀਤ ਕੌਰ ਨੇ ਕਿਹਾ ਕਿ ਸਿਹਤ ਵਿਭਾਗ ਨੂੰ ਇੱਕ ਪੱਤਰ ਲਿਖਿਆ ਜਾਵੇਗਾ, ਜਿਸ 'ਚ ਮੰਡੀਆਂ ਦੇ ਗੇਟ ਅੱਗੇ ਸਿਹਤ ਵਿਭਾਗ ਦੀ ਟੀਮ ਤਾਇਨਾਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੰਡੀ 'ਚ ਦਾਖਲ ਹੋਣ ਵਾਲੇ ਹਰੇਕ ਕਿਸਾਨ, ਮਜ਼ਦੂਰ ਅਤੇ ਆੜ੍ਹਤੀ ਦੀ ਸਿਹਤ ਵਿਭਾਗ ਜਾਂਚ ਕਰੇ ਤੇ ਜੇਕਰ ਕਿਸੇ 'ਚ ਬਿਮਾਰੀ ਦੇ ਲੱਛਣ ਪਾਏ ਜਾਂਦੇ ਹਨ ਤਾਂ ਉਸ ਨੂੰ ਦਾਖਲ ਨਾ ਹੋਣ ਦਿੱਤਾ ਜਾਵੇ, ਜਿਸ ਨਾਲ ਕੋਰੋਨਾ ਵਾਇਰਸ ਦਾ ਪ੍ਰਭਾਵ ਨਹੀਂ ਹੋਵੇਗਾ।


 


Babita

Content Editor

Related News