ਰਾਜਪਾਲ ਦੇ ਨਸ਼ਾ ਵਿਰੋਧੀ ਮਾਰਚ ''ਤੇ ਰਾਜਾ ਵੜਿੰਗ ਦੇ ਤਿੱਖੇ ਸਵਾਲ, ਪੜ੍ਹੋ ਕੀ ਕਿਹਾ

Tuesday, Feb 10, 2026 - 04:59 PM (IST)

ਰਾਜਪਾਲ ਦੇ ਨਸ਼ਾ ਵਿਰੋਧੀ ਮਾਰਚ ''ਤੇ ਰਾਜਾ ਵੜਿੰਗ ਦੇ ਤਿੱਖੇ ਸਵਾਲ, ਪੜ੍ਹੋ ਕੀ ਕਿਹਾ

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਕੱਢੇ ਗਏ ਨਸ਼ਾ ਵਿਰੋਧੀ ਮਾਰਚ ਦੀ ਨੀਅਤ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਵੜਿੰਗ ਨੇ ਇਕ ਟਵੀਟ ਰਾਹੀਂ ਰਾਜਪਾਲ ਨੂੰ ਸਿੱਧਾ ਸਵਾਲ ਕੀਤਾ ਕਿ ਕੀ ਇਹ ਮਾਰਚ ਅਸਲ 'ਚ ਨਸ਼ਿਆਂ ਵਿਰੁੱਧ ਕੋਈ ਮੁਹਿੰਮ ਹੈ ਜਾਂ ਫਿਰ ਸੂਬੇ 'ਚ ਅਕਾਲੀ-ਭਾਜਪਾ ਗਠਜੋੜ ਦੀ ਮੁੜ ਸੁਰਜੀਤੀ ਲਈ ਚਲਾਈ ਜਾ ਰਹੀ ਇੱਕ 'ਸਮਝੌਤਾ ਐਕਸਪ੍ਰੈੱਸ' ਹੈ। ਰਾਜਾ ਵੜਿੰਗ ਨੇ ਸਰਹੱਦੀ ਸੁਰੱਖਿਆ ਦੇ ਹਵਾਲੇ ਨਾਲ ਕੇਂਦਰ ਸਰਕਾਰ ਨੂੰ ਵੀ ਘੇਰਿਆ। ਉਨ੍ਹਾਂ ਪੁੱਛਿਆ ਕਿ ਕੀ ਰਾਜਪਾਲ ਨੇ ਇਸ ਮਾਰਚ ਦੀ ਅਗਵਾਈ ਕਰਨ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰਾਲੇ ਨਾਲ ਗੱਲਬਾਤ ਕੀਤੀ ਹੈ ਕਿਉਂਕਿ ਸਰਹੱਦਾਂ ਦੀ ਸੁਰੱਖਿਆ ਸਿੱਧੇ ਤੌਰ 'ਤੇ ਉਨ੍ਹਾਂ ਦੇ ਅਧੀਨ ਆਉਂਦੀ ਹੈ।

PunjabKesari

ਉਨ੍ਹਾਂ ਯਾਦ ਦਿਵਾਇਆ ਕਿ ਹੁਣ ਬੀ. ਐੱਸ. ਐੱਫ. ਦਾ ਅਧਿਕਾਰ ਖੇਤਰ ਸਰਹੱਦ ਤੋਂ 50 ਕਿਲੋਮੀਟਰ ਅੰਦਰ ਤੱਕ ਵਧਾ ਦਿੱਤਾ ਗਿਆ ਹੈ, ਫਿਰ ਵੀ ਨਸ਼ਾ ਤਸਕਰੀ ਜਾਰੀ ਹੈ। ਕਾਂਗਰਸ ਪ੍ਰਧਾਨ ਨੇ ਸੂਬੇ ਦੀ 'ਆਪ' ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ, ਉੱਥੇ ਹੀ ਕੇਂਦਰ ਸਰਕਾਰ ਸਰਹੱਦ ਪਾਰੋਂ ਹੋ ਰਹੀ ਤਸਕਰੀ ਨੂੰ ਰੋਕਣ 'ਚ ਕੀ ਭੂਮਿਕਾ ਨਿਭਾ ਰਹੀ ਹੈ? ਉਨ੍ਹਾਂ ਰਾਜਪਾਲ ਨੂੰ ਅਪੀਲ ਕੀਤੀ ਕਿ ਗਠਜੋੜ ਦੀਆਂ ਸਿਆਸੀ ਪੀਂਘਾਂ ਪਾਉਣ ਤੋਂ ਪਹਿਲਾਂ ਉਹ ਨਸ਼ਿਆਂ ਦੇ ਅਸਲ ਮੁੱਦੇ 'ਤੇ ਕੇਂਦਰੀ ਗ੍ਰਹਿ ਮੰਤਰਾਲੇ ਨਾਲ ਰਾਬਤਾ ਕਾਇਮ ਕਰਨ। ਵੜਿੰਗ ਨੇ ਵਿਅੰਗ ਕੱਸਦਿਆਂ ਕਿਹਾ ਕਿ ਇਸ ਮਾਰਚ ਦੀਆਂ ਤਸਵੀਰਾਂ ਰਾਹੀਂ ਜੋ ਸਪੱਸ਼ਟ ਸੰਦੇਸ਼ ਦਿੱਤਾ ਜਾ ਰਿਹਾ ਹੈ, ਉਹ ਬਹੁਤ ਕੁੱਝ ਬਿਆਨ ਕਰਦਾ ਹੈ।


author

Babita

Content Editor

Related News