ਮਾਛੀਵਾੜਾ : ਇਸ਼ਕ ''ਚ ਕੁੜੀ ਨੂੰ ਮਿਲਿਆ ਵੱਡਾ ਧੋਖਾ, ਪ੍ਰੇਮੀ ਨੇ ਖੁਆ ਦਿੱਤੀ ਜ਼ਹਿਰ ਪਰ ਖੁਦ...

Wednesday, Apr 22, 2020 - 03:59 PM (IST)

ਮਾਛੀਵਾੜਾ : ਇਸ਼ਕ ''ਚ ਕੁੜੀ ਨੂੰ ਮਿਲਿਆ ਵੱਡਾ ਧੋਖਾ, ਪ੍ਰੇਮੀ ਨੇ ਖੁਆ ਦਿੱਤੀ ਜ਼ਹਿਰ ਪਰ ਖੁਦ...

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਨੇੜਲੇ ਪਿੰਡ ਸੈਸੋਂਵਾਲ ਖੁਰਦ ਵਿਖੇ ਵਿਆਹ ਲਈ ਪਰਿਵਾਰਕ ਮੈਂਬਰ ਰਜ਼ਾਮੰਦ ਨਾ ਹੋਣ ’ਤੇ ਪ੍ਰੇਮੀ ਜੋੜੇ ਵਲੋਂ ਇਕੱਠੇ ਮਰਨ ਦਾ ਵਾਅਦਾ ਕਰ ਲਿਆ ਪਰ ਲੜਕੇ ਜਗਦੀਪ ਸਿੰਘ ਵਲੋਂ ਦਿੱਤੀ ਜ਼ਹਿਰ ਕਾਰਨ ਜਿੱਥੇ ਲੜਕੀ ਸੁਖਵਿੰਦਰ ਕੌਰ (20) ਦੀ ਮੌਤ ਹੋ ਗਈ, ਉਥੇ ਉਸ ਨੇ ਖੁਦ ਜ਼ਹਿਰ ਨਾ ਖਾਧੀ, ਜਿਸ ਕਾਰਨ ਉਹ ਬਚ ਗਿਆ।  ਮ੍ਰਿਤਕ ਲੜਕੀ ਦੀ ਮਾਤਾ ਕੁਲਦੀਪ ਕੌਰ ਵਾਸੀ ਸੈਸੋਂਵਾਲ ਖੁਰਦ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਨ੍ਹਾਂ ਦੇ ਗੁਆਂਢ ’ਚ ਰਹਿੰਦਾ ਲੜਕਾ ਜਗਦੀਪ ਸਿੰਘ ਉਸ ਦੀ ਲੜਕੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਅਤੇ ਲੜਕੇ ਦੀ ਪਹਿਲਾਂ ਹੋਰ ਕਿਤੇ ਮੰਗਣੀ ਵੀ ਹੋਈ ਹੈ।

PunjabKesari

21 ਅਪ੍ਰੈਲ ਨੂੰ ਲੜਕਾ ਜਗਦੀਪ ਸਿੰਘ ਤੇ ਉਸ ਦੀ ਮਾਤਾ ਸਰਬਜੀਤ ਕੌਰ ਉਨ੍ਹਾਂ ਦੇ ਘਰ ਆਏ ਅਤੇ ਮੇਰੀ ਲੜਕੀ ਸੁਖਵਿੰਦਰ ਕੌਰ ਤੇ ਸਾਰੇ ਪਰਿਵਾਰਕ ਮੈਂਬਰਾਂ ਦੀ ਕਾਫ਼ੀ ਬੇਇੱਜ਼ਤੀ ਕਰਦਿਆਂ ਚਰਿੱਤਰ ਬਾਰੇ ਵੀ ਅਪਸ਼ਬਦ ਬੋਲੇ। ਬਾਅਦ ਦੁਪਹਿਰ ਉਸ ਦੀ ਲੜਕੀ ਇੱਕਦਮ ਉਲਟੀਆਂ ਕਰਨ ਲੱਗ ਪਈ, ਜਿਸ ਨੇ ਦੱਸਿਆ ਕਿ ਜਗਦੀਪ ਸਿੰਘ ਘਰ ਆਇਆ ਸੀ, ਜਿਸ ਨੇ ਉਸ ਨੂੰ ਜ਼ਹਿਰਲੀ ਸਲਫ਼ਾਸ ਦੀਆਂ ਗੋਲੀਆਂ ਦਿੱਤੀਆਂ ਅਤੇ ਕਿਹਾ ਕਿ ਪਰਿਵਾਰਕ ਮੈਂਬਰ ਆਪਣੇ ਵਿਆਹ ਲਈ ਰਜ਼ਾਮੰਦ ਨਹੀਂ ਹੋ ਰਹੇ, ਜਿਸ ਕਾਰਨ ਆਪਾਂ ਦੋਵੇਂ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲੈਂਦੇ ਹਾਂ।

ਗੰਭੀਰ ਹਾਲਤ ’ਚ ਉਸ ਨੇ ਜਦੋਂ ਆਪਣੀ ਲੜਕੀ ਨੂੰ ਮਾਛੀਵਾੜਾ ਹਸਪਤਾਲ ਲਿਆਂਦਾ ਤਾਂ ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਬਿਆਨ ਕਰਤਾ ਕੁਲਦੀਪ ਕੌਰ ਅਨੁਸਾਰ ਉਸ ਦੀ ਲੜਕੀ ਸੁਖਵਿੰਦਰ ਕੌਰ ਦੀ ਮੌਤ ਦਾ ਕਾਰਨ ਜਗਦੀਪ ਸਿੰਘ ਵਲੋਂ ਵਿਆਹ ਦਾ ਝਾਂਸਾ ਦੇ ਕੇ ਵਿਆਹ ਤੋਂ ਇਨਕਾਰ ਕਰਨਾ ਅਤੇ ਸਲਫ਼ਾਸ ਦੀਆਂ ਗੋਲੀਆਂ ਦੇਣ ਤੋਂ ਇਲਾਵਾ ਲੜਕੇ ਦੀ ਮਾਤਾ ਸਰਬਜੀਤ ਕੌਰ ਵਲੋਂ ਬੇਇੱਜ਼ਤੀ ਕਰਨਾ ਹੈ।  ਫਿਲਹਾਲ ਪੁਲਸ ਵਲੋਂ ਮ੍ਰਿਤਕ ਲੜਕੀ ਸੁਖਵਿੰਦਰ ਕੌਰ ਦੀ ਮਾਤਾ ਕੁਲਦੀਪ ਕੌਰ ਦੇ ਬਿਆਨਾਂ ਦੇ ਅਧਾਰ 'ਤੇ ਜਗਦੀਪ ਸਿੰਘ,  ਮਾਤਾ ਸਰਬਜੀਤ ਕੌਰ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।


author

Babita

Content Editor

Related News