ਵੇਈਂ ਕੰਢੇ ਵਸੇ ਮਜ਼ਦੂਰਾਂ ਦੇ ਘਰਾਂ ''ਤੇ ਪ੍ਰਸ਼ਾਸਨ ਨੇ ਚਲਾਈਆਂ ਮਸ਼ੀਨਾਂ
Tuesday, Sep 12, 2017 - 06:55 AM (IST)
ਨਕੋਦਰ, (ਪਾਲੀ)— ਕੰਗ ਸਾਹਬੂ ਵੇਈਂ ਨੇੜੇ ਵਸੇ ਮਜ਼ਦੂਰਾਂ ਲਈ ਅੱਜ ਦਾ ਦਿਨ ਆਫਤ ਲੈ ਕੇ ਆਇਆ। ਜਦੋਂ ਪਿਛਲੇ ਕਾਫੀ ਸਮੇਂ ਤੋਂ ਇੱਥੇ ਰਹਿ ਰਹੇ ਮਜ਼ਦੂਰਾਂ ਦੇ ਘਰਾਂ 'ਤੇ ਮਸ਼ੀਨਾਂ ਚੜ੍ਹਾ ਦਿੱਤੀਆਂ ਗਈਆਂ। ਅਚਾਨਕ ਉਥੋਂ ਗੁਜ਼ਰ ਰਹੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਅਤੇ ਜ਼ਿਲਾ ਪ੍ਰਧਾਨ ਸਰਪੰਚ ਹੰਸ ਰਾਜ ਪੱਬਵਾਂ ਵੱਲੋਂ ਇਸਦਾ ਵਿਰੋਧ ਕੀਤਾ ਗਿਆ। ਜਦੋਂ ਮਸ਼ੀਨਾਂ ਲੋਕਾਂ ਦੇ ਘਰ ਢਾਹੁਣ ਤੋਂ ਨਾ ਰੋਕੀਆਂ ਗਈਆਂ ਤਾਂ ਰੋਹ ਵਿਚ ਆਏ ਲੋਕਾਂ ਨੇ ਜਲੰਧਰ ਹਾਈਵੇ ਰੋਡ 'ਤੇ ਜਾਮ ਲਗਾ ਦਿੱਤਾ। ਜਾਮ ਵਿਚ ਫਸੀ ਐਂਬੂਲੈਂਸ ਕੱਢਣ ਲਈ ਧਰਨੇ ਵਿਚ ਬੈਠੇ ਲੋਕ ਰਾਹ ਬਣਾ ਰਹੇ ਸਨ ਤਾਂ ਥਾਣਾ ਸਦਰ ਨਕੋਦਰ ਦੇ ਐੱਸ. ਐੱਚ. ਓ. ਵੱਲੋਂ ਪੁਲਸ ਨਾਲ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਸਮੇਤ ਲੋਕਾਂ 'ਤੇ ਲਾਠੀਚਾਰਜ ਕਰ ਕੇ ਸੂਬਾ ਪ੍ਰਧਾਨ ਤਰਸੇਮ ਪੀਟਰ ਨੂੰ ਜਬਰੀ ਚੁੱਕ ਕੇ ਲਿਜਾਣ ਦੀ ਕੋਸ਼ਿਸ਼ ਕੀਤੀ ਗਈ। ਪੁਲਸ ਦੀ ਇਸ ਕਾਰਵਾਈ 'ਚ ਤਰਸੇਮ ਪੀਟਰ ਜ਼ਖਮੀ ਹੋ ਗਏ। ਇਸ ਦੌਰਾਨ ਕਿਸਾਨ, ਮਜ਼ਦੂਰ, ਵਿਦਿਆਰਥੀ ਅਤੇ ਇਸਤਰੀ ਆਗੂ ਵੀ ਮੌਕੇ 'ਤੇ ਪਹੁੰਚ ਗਏ। ਲਗਾਤਾਰ 4 ਘੰਟੇ ਲੋਕਾਂ ਨੇ ਟ੍ਰੈਫਿਕ ਰੋਕੀ ਰੱਖਿਆ। ਬਾਅਦ ਵਿਚ ਜ਼ਿਲਾ ਪ੍ਰਸ਼ਾਸਨ ਵੱਲੋਂ ਮੌਕੇ 'ਤੇ ਪਹੁੰਚੇ ਤਹਿਸੀਲਦਾਰ ਨਕੋਦਰ ਅਤੇ ਡੀ. ਐੱਸ. ਪੀ. ਨਕੋਦਰ ਵੱਲੋਂ ਲੋਕਾਂ ਦੇ ਮਕਾਨ ਨਾ ਤੋੜਨ ਦਾ ਭਰੋਸਾ ਦੇਣ ਤੋਂ ਬਾਅਦ ਹੀ ਜਾਮ ਖੋਲ੍ਹਿਆ ਗਿਆ ਅਤੇ ਇਸ ਸਮੱਸਿਆ ਦੇ ਹੱਲ ਲਈ 3.30 ਵਜੇ ਐੱਸ. ਡੀ. ਐੱਮ. ਦਫਤਰ ਵਿਚ ਪ੍ਰਸ਼ਾਸਨ ਵੱਲੋਂ ਮੀਟਿੰਗ ਬੁਲਾਈ ਗਈ।
ਇਸ ਮੌਕੇ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਜਦ ਤੱਕ ਪ੍ਰਸ਼ਾਸਨ ਮਜ਼ੂਦਰਾਂ ਦੇ ਵਸੇਬੇ ਲਈ ਪੱਕੇ ਤੌਰ 'ਤੇ ਪ੍ਰਬੰਧ ਨਹੀਂ ਕਰਦਾ, ਉਦੋਂ ਤੱਕ ਕਿਸੇ ਹਾਲਤ ਵਿਚ ਵੀ ਉਨ੍ਹਾਂ ਨੂੰ ਉਜਾੜੇ ਤੋਂ ਬਚਾਉਣ ਲਈ ਯੂਨੀਅਨ ਵੱਲੋਂ ਹਰ ਤਰ੍ਹਾਂ ਦਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਪਹੁੰਚੇ ਕਿਰਤੀ ਕਿਸਾਨ ਯੂਨੀਅਨ ਜ਼ਿਲਾ ਪ੍ਰਧਾਨ ਸੰਤੋਖ ਸਿੰਘ ਤੱਗੜ, ਸੰਤੋਖ ਸਿੰਘ ਸੰਧੂ, ਕਸ਼ਮੀਰ ਸਿੰਘ ਘੁੱਗਸ਼ੋਰ, ਸੂਰਜ ਮਸੀਹ ਘਾਰੂ ਆਵਾਣਾ ਨੇ ਲੋਕਾਂ ਦੇ ਹੱਕਾਂ ਦੀ ਹਮਾਇਤ ਕੀਤੀ।
