ਲੋਹੀਆਂ ''ਚ ਅਣਪਛਾਤੇ ਵਿਅਕਤੀ ਨੇ ਚਲਾਈਆਂ ਤਾਬੜਤੋੜ ਗੋਲ਼ੀਆਂ, ਧੁੰਦ ਤੇ ਹਨੇਰੇ ਦਾ ਫ਼ਾਇਦਾ ਚੁੱਕ ਕੇ ਹੋਇਆ ਫ਼ਰਾਰ
Saturday, Jan 17, 2026 - 04:02 AM (IST)
ਲੋਹੀਆਂ ਖਾਸ (ਸੁਖਪਾਲ ਰਾਜਪੂਤ) : ਸਥਾਨਕ ਸਾਬੂਵਾਲ ਰੋਡ ਨਜ਼ਦੀਕ ਦਾਣਾ ਮੰਡੀ ਬਰਫ਼ ਵਾਲਾ ਕਾਰਖਾਨਾ, ਨੇੜੇ ਵਪਾਰੀਆਂ ਦੀਆਂ ਦੁਕਾਨਾਂ, ਘਰਾਂ ਅਤੇ ਹਸਪਤਾਲ ਨੇੜੇ ਇੱਕ ਅਣਪਛਾਤੇ ਵਿਅਕਤੀ ਵੱਲੋਂ ਬੀਤੀ ਰਾਤ ਗੋਲ਼ੀਆਂ ਚਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ, ਵੱਡੇ-ਵੱਡੇ ਵਪਾਰੀ ਮੰਡੀ ਵਿਖੇ ਆਪਣਾ ਕਾਰੋਬਾਰ ਚਲਾਉਣ ਲਈ ਦੁਕਾਨਾਂ ਕਰਦੇ ਹਨ ਅਤੇ ਨਜ਼ਦੀਕ ਹੀ ਇੱਕ ਬਹੁਤ ਵੱਡਾ ਹਸਪਤਾਲ ਹੈ, ਵਿਖੇ ਬੀਤੀ ਰਾਤ ਕਰੀਬ 8:30 ਤੋਂ ਬਾਅਦ ਸੰਘਣੀ ਧੁੰਦ ਅਤੇ ਹਨੇਰੇ ਦਾ ਫਾਇਦਾ ਉਠਾ ਕੇ ਇੱਕ ਅਣਪਛਾਤੇ ਵਿਅਕਤੀ ਵੱਲੋਂ 2 ਹਵਾਈ ਫਾਇਰ ਕੀਤੇ ਗਏ, ਜਿਸ ਨਾਲ ਮਾਰਕੀਟ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਇਸ ਘਟਨਾ ਦੀ ਸੂਚਨਾ ਇੱਕ ਵਿਅਕਤੀ ਵੱਲੋਂ ਤੁਰੰਤ ਪੁਲਸ ਨੂੰ ਦਿੱਤੀ ਗਈ। ਖ਼ਬਰ ਲਿਖੇ ਜਾਣ ਤੱਕ ਵੀ ਉਕਤ ਗੋਲੀਆਂ ਚਲਾਉਣ ਵਾਲੇ ਅਣਪਛਾਤੇ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਅਤੇ ਨਾ ਹੀ ਉਹ ਪੁਲਸ ਦੇ ਸ਼ਿਕੰਜੇ 'ਚ ਆ ਸਕਿਆ, ਕਿਉਂਕਿ ਉਸ ਦਾ ਚਿਹਹਾ ਸੰਘਣੀ ਧੁੰਦ ਅਤੇ ਰਾਤ ਦਾ ਹਨੇਰਾ ਹੋਣ ਕਾਰਨ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਨਾ ਹੋ ਸਕਿਆ। ਇਸ ਘਟਨਾ ਕਾਰਨ ਸ਼ਹਿਰ ਅੰਦਰ ਜਿੱਥੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ, ਉਥੇ ਹੀ ਉਕਤ ਘਟਨਾ ਨੂੰ ਪਿਛਲੇ ਸਮੇਂ ਦੌਰਾਨ ਇੱਕ ਸਵੀਟ ਸ਼ਾਪ, ਪ੍ਰਾਪਰਟੀ ਡੀਲਰ ਨੂੰ ਮਿਲੀ 5 ਕਰੋੜ ਰੁਪਏ ਦੀ ਫਿਰੌਤੀ ਦੇਣ ਦੀ ਮੰਗ ਨਾਲ ਵੀ ਜੋੜੇ ਜਾਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ : 'ਅਸੀਂ ਦਰਦ ਦੱਸਣ ਆਏ ਹਾਂ, ਜੇਕਰ ਤੁਸੀਂ ਨਹੀਂ ਸੁਣਦੇ ਤਾਂ 2027 'ਚ ਲੋਕ ਸੁਣਾਉਣ ਲਈ ਤਿਆਰ': ਰਵਨੀਤ ਬਿੱਟੂਜਾਣਕਾਰੀ ਮੁਤਾਬਕ, ਸਥਾਨਕ ਪੁਲਸ ਵੱਲੋਂ ਉਕਤ ਚਲਾਈਆਂ ਗੋਲੀਆਂ 'ਚੋਂ ਇੱਕ ਗੋਲੀ ਦਾ ਖੋਲ ਬਰਾਮਦ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਕਿ ਜੇਕਰ ਗੋਲੀਆਂ ਚਲਾਉਣ ਵਾਲਾ ਸ਼ਹਿਰ ਜਾਂ ਨੇੜੇ-ਤੇੜੇ ਦਾ ਵਿਅਕਤੀ ਹੋਇਆ ਤਾਂ ਜਲਦੀ ਹੀ ਪਕੜ ਵਿੱਚ ਆ ਜਾਵੇਗਾ। ਉਕਤ ਗੋਲੀਆਂ ਦੇ ਖੋਲ ਤੋਂ ਪਤਾ ਲੱਗ ਜਾਵੇਗਾ ਕਿ ਗੋਲੀਆਂ ਕਿਸ ਹਥਿਆਰ ਨਾਲ ਚਲਾਈਆਂ ਗਈਆਂ ਹਨ, ਕਿਉਂਕਿ ਸਾਰੇ ਹਥਿਆਰਾਂ ਦਾ ਹਿਸਾਬ ਸਥਾਨਕ ਪੁਲਸ ਕੋਲ ਹੁੰਦਾ ਹੈ। ਜੇਕਰ ਬਾਹਰਲਾ ਵਿਅਕਤੀ ਹੋਇਆ ਤਾਂ ਲੱਭਣ 'ਚ ਕੁਝ ਮੁਸ਼ਕਲ ਆ ਸਕਦੀ ਹੈ। ਇਹ ਤਾਂ ਸਮਾਂ ਆਉਣ 'ਤੇ ਹੀ ਪਤਾ ਚੱਲੇਗਾ ਕਿ ਉਸ ਦਾ ਗੋਲੀਆਂ ਚਲਾਉਣ ਦਾ ਮਕਸਦ ਕੀ ਸੀ।
