ਮਾਛੀਵਾੜਾ ਪੁਲਸ ਵੱਲੋਂ 475 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ

Sunday, Jul 01, 2018 - 07:07 AM (IST)

ਮਾਛੀਵਾੜਾ ਪੁਲਸ ਵੱਲੋਂ 475 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ

ਮਾਛੀਵਾੜਾ ਸਾਹਿਬ,   (ਟੱਕਰ, ਸਚਦੇਵਾ)-  ਮਾਛੀਵਾੜਾ ਪੁਲਸ ਨੂੰ ਅੱਜ ਉਸ ਸਮੇਂ ਭਾਰੀ ਸਫ਼ਲਤਾ ਮਿਲੀ, ਜਦੋਂ ਉਸਨੇ 475 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਜਸਵਿੰਦਰ ਸਿੰਘ ਵਾਸੀ ਕਕਰਾਲਾ ਕਲਾਂ ਥਾਣਾ ਸਮਰਾਲਾ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸ਼ਰਾਬ ਬਿਨ੍ਹਾਂ ਬਰਾਂਡ ਤੇ ਲੇਬਲ ਤੋਂ ਹੈ, ਜੋ ਕਿ ਸ਼ਰਾਬ ਪੀਣ ਵਾਲਿਆਂ ਲਈ ਘਾਤਕ ਸਾਬਿਤ ਹੋ ਸਕਦੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਮੁਖੀ ਇੰਸਪੈਕਟਰ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਸੰਤੋਖ ਸਿੰਘ ਟੀ-ਪੁਆਇੰਟ ਲੱਖੋਵਾਲ ਨੇੜੇ ਗਸ਼ਤ ਕਰ ਰਿਹਾ ਸੀ ਕਿ ਉਸਨੂੰ ਕਿਸੇ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਜਸਵਿੰਦਰ ਸਿੰਘ ਇਕ ਟਾਟਾ ਟੈਂਪੂ 407 ਵਿਚ ਨਾਜਾਇਜ਼ ਸ਼ਰਾਬ ਲਿਆ ਕੇ ਮਹਿੰਗੇ ਭਾਅ 'ਤੇ ਵੇਚਣ ਲਈ ਲੈ ਕੇ ਆ ਰਿਹਾ ਹੈ, ਜਿਸ 'ਤੇ ਪੁਲਸ ਨੇ ਮੇਨ ਚੌਕ ਵਿਖੇ ਨਾਕਾਬੰਦੀ ਕਰ ਲਈ। ਪੁਲਸ ਵੱਲੋਂ ਇਸ ਟੈਂਪੂ ਨੂੰ ਜਦੋਂ ਜਾਂਚ ਲਈ ਰੋਕਿਆ ਗਿਆ ਤਾਂ ਉਸ ਨੂੰ ਡਰਾਈਵਰ ਜਸਵਿੰਦਰ ਸਿੰਘ ਚਲਾ ਰਿਹਾ ਸੀ। ਟੈਂਪੂ ਦੀ ਜਾਂਚ ਦੌਰਾਨ ਉਸ ਵਿਚੋਂ 475 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ। ਪੁਲਸ ਨੇ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। 
ਮਾਛੀਵਾੜਾ ਪੁਲਸ ਥਾਣੇ ਵਿਚ ਇਹ ਪਹਿਲਾ ਮਾਮਲਾ ਹੈ ਕਿ ਕੋਈ ਨਾਜਾਇਜ਼ ਸ਼ਰਾਬ ਬਿਨ੍ਹਾਂ ਬਰਾਂਡ ਜਾਂ ਲੇਬਲ ਤੋਂ ਫੜੀ ਗਈ ਹੋਵੇ। ਹੋਰ ਤਾਂ ਹੋਰ ਸ਼ਰਾਬ ਦੇ ਬੋਤਲ ਦੇ ਢੱਕਣ 'ਤੇ ਵੀ ਕੋਈ ਬਰਾਂਡ ਨਹੀਂ ਛਪਿਆ ਹੋਇਆ ਸੀ ਅਤੇ ਪੁਲਸ ਤੇ ਐਕਸਾਈਜ਼ ਵਿਭਾਗ ਲਈ ਇਹ ਵੱਡੀ ਚੁਣੌਤੀ ਹੈ ਕਿ ਇਹ ਨਾਜਾਇਜ਼ ਸ਼ਰਾਬ ਕੌਣ ਬਣਾ ਰਿਹਾ ਅਤੇ ਇਸ ਨੂੰ ਕਿੱਥੇ-ਕਿੱਥੇ ਵੇਚਿਆ ਜਾ ਰਿਹਾ ਹੈ। ਬਿਨਾਂ ਬਰਾਂਡ ਤੇ ਲੇਬਲ ਤੋਂ ਵੇਚੀ ਜਾ ਰਹੀ ਸ਼ਰਾਬ ਪਿਆਕੜਾਂ ਲਈ ਵੀ ਘਾਤਕ ਸਾਬਿਤ ਹੋ ਸਕਦੀ ਹੈ ਕਿਉਂਕਿ ਇਸ 'ਤੇ ਬਾਅਦ ਵਿਚ ਸਮਗਲਰਾਂ ਵੱਲੋਂ ਬਰਾਂਡ ਦਾ ਲੇਬਲ ਲਾ ਕੇ ਮਹਿੰਗੇ ਭਾਅ ਵੇਚਣਾ ਸੀ ਅਤੇ ਅਜਿਹੀ ਬਿਨਾਂ ਲੇਬਲ ਤੋਂ ਨਾਜਾਇਜ਼ ਸ਼ਰਾਬ ਜ਼ਹਿਰੀਲੀ ਵੀ ਹੋ ਸਕਦੀ ਹੈ। ਪੁਲਸ ਵੱਲੋਂ ਫਿਲਹਾਲ ਡਰਾਈਵਰ ਨੂੰ ਕਾਬੂ ਕਰਕੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਇਹ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਪਿੱਛੇ ਹੋਰ ਕੌਣ-ਕੌਣ ਸ਼ਾਮਲ ਹਨ।
ਜ਼ੀਰਕਪੁਰ ਤੋਂ ਭਰਿਆ ਸ਼ਰਾਬ ਦਾ ਟੈਂਪੂ ਰਾਹੋਂ ਡਲਿਵਰ ਹੋਣਾ ਸੀ
ਮਾਛੀਵਾੜਾ ਪੁਲਸ ਵੱਲੋਂ ਕਾਬੂ ਕੀਤੇ ਗਏ ਸ਼ਰਾਬ ਟੈਂਪੂ ਦੇ ਚਾਲਕ ਜਸਵਿੰਦਰ ਸਿੰਘ ਨੇ ਪੁਲਸ ਕੋਲ ਖੁਲਾਸਾ ਕੀਤਾ ਕਿ ਉਸ ਤੋਂ ਟੈਂਪੂ ਲੈ ਲਿਆ ਜਾਂਦਾ ਸੀ ਅਤੇ ਸ਼ਰਾਬ ਦਾ ਭਰ ਕੇ ਜ਼ੀਰਕਪੁਰ ਦੇ ਦਿੱਤਾ ਜਾਂਦਾ ਸੀ ਅਤੇ ਇਹ ਸ਼ਰਾਬ ਉਸਨੇ ਰਾਹੋਂ ਵਿਖੇ ਡਿਲਵਰ ਕਰਨੀ ਸੀ। ਡਰਾਈਵਰ ਅਨੁਸਾਰ ਉਸਨੂੰ ਇਹ ਨਹੀਂ ਪਤਾ ਕਿ ਸ਼ਰਾਬ ਕਿੱਥੇ ਬਣਾਈ ਗਈ, ਉਸ ਨੂੰ ਤਾਂ ਸਿਰਫ ਇਹ ਨਾਜਾਇਜ਼ ਸ਼ਰਾਬ ਡਿਲਵਰੀ ਕਰਨ ਦਾ ਚੋਖਾ ਕਿਰਾਇਆ ਦਿੱਤਾ ਜਾਂਦਾ ਸੀ।
150 ਰੁਪਏ ਬੋਤਲ ਵਿਕਦੀ ਹੈ ਨਾਜਾਇਜ਼ ਸ਼ਰਾਬ
ਮਾਛੀਵਾੜਾ ਇਲਾਕੇ ਵਿਚ ਨਾਜਾਇਜ਼ ਸ਼ਰਾਬ ਦੀ ਵਿਕਰੀ ਦੇ ਮਾਮਲੇ ਕਾਫ਼ੀ ਵਧੇ ਹਨ ਅਤੇ ਜਾਣਕਾਰੀ ਅਨੁਸਾਰ ਇਹ ਪਲਾਸਟਿਕ ਬੋਤਲ ਵਾਲੀ ਨਾਜਾਇਜ਼ ਸ਼ਰਾਬ 'ਤੇ ਵੱਖ-ਵੱਖ ਕੰਪਨੀਆਂ ਦੇ ਅੰਗਰੇਜ਼ੀ ਬਰਾਂਡ ਵਾਲੇ ਲੇਬਲ ਲਗਾ ਕੇ 150 ਰੁਪਏ ਵਿਚ ਵੇਚੀ ਜਾ ਰਹੀ ਹੈ। ਜੇਕਰ ਇਹ ਬਿਨ੍ਹਾਂ ਲੇਬਲ ਵਾਲੀ ਨਾਜਾਇਜ਼ ਸ਼ਰਾਬ ਦੀ ਵਿਕਰੀ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ  ਰਿਹਾ ਤਾਂ ਕਿਸੇ ਵੀ ਸਮੇਂ ਇਲਾਕੇ ਵਿਚ ਜ਼ਹਿਰੀਲੀ ਸ਼ਰਾਬ ਕੋਈ ਵੱਡਾ ਜਾਨੀ ਨੁਕਸਾਨ ਕਰ ਸਕਦੀ ਹੈ। ਇਸ ਲਈ ਪੁਲਸ ਤੇ ਐਕਸ਼ਾਇਜ ਵਿਭਾਗ ਲਈ ਜਰੂਰੀ ਹੈ ਕਿ ਇਹ ਨਾਜਾਇਜ਼ ਸ਼ਰਾਬ ਦੀ ਸਮਗਲਰੀ ਪਿੱਛੇ ਕੌਣ ਹਨ ਉਨ੍ਹਾਂ ਦਾ ਪਰਦਾਫ਼ਾਸ਼ ਕਰੇ।


Related News