ਲੁਧਿਆਣਾ ''ਚ ਸੜਕਾਂ ਧਸਣ ਦਾ ਸਿਲਸਿਲਾ ਜਾਰੀ! ਹੁਣ ਕ੍ਰਿਸ਼ਨਾ ਨਗਰ ''ਚ ਪਿਆ ਵੱਡਾ ਟੋਇਆ
Thursday, Sep 10, 2026 - 03:25 PM (IST)
ਲੁਧਿਆਣਾ (ਹਿਤੇਸ਼): ਲੁਧਿਆਣਾ ਵਿਚ ਸੜਕਾਂ ਧਸਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਆਮਤੌਰ 'ਤੇ ਬਾਰਿਸ਼ ਮਗਰੋਂ ਸੜਕਾਂ ਧਸਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ, ਪਰ ਸ਼ਹਿਰ ਵਿਚ ਹੁਣ ਬਿਨਾਂ ਬਾਰਿਸ਼ ਦੇ ਹੀ ਸੜਕ ਧਸਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਵੀਰਵਾਰ ਨੂੰ ਕ੍ਰਿਸ਼ਨਾ ਨਗਰ ਇਲਾਕੇ ਵਿਚ ਆਰਤੀ ਸਿਨੇਮਾ ਚੌਕ ਤੋਂ ਸੱਗੂ ਚੌਕ ਜਾਣ ਵਾਲੀ ਸੜਕ ਦੇ ਵਿਚ ਅਚਾਨਕ ਵੱਡਾ ਟੋਇਆ ਪੈਣ ਦੀ ਖ਼ਬਰ ਸਾਹਮਣੇ ਆਈ ਹੈ।
ਜਾਣਕਾਰੀ ਮੁਤਾਬਕ, ਬੁੱਧਵਾਰ ਰਾਤ ਨੂੰ ਇਕ ਮੋਟਰਸਾਈਕਲ ਸਵਾਰ ਇਸ ਟੋਏ ਵਿਚ ਫੱਸ ਕੇ ਸੜਕ 'ਤੇ ਡਿੱਗ ਗਿਆ, ਜਿਸ ਨਾਲ ਉਸ ਨੂੰ ਸੱਟਾਂ ਵੀ ਲੱਗੀਆਂ, ਪਰ ਉਹ ਉੱਥੋਂ ਚਲਿਆ ਗਿਆ। ਘਟਨਾ ਮਗਰੋਂ ਸਥਾਨਕ ਲੋਕਾਂ ਨੇ ਇਸ ਦੀ ਸੂਚਨਾ ਨਗਰ ਨਿਗਮ ਨੂੰ ਦਿੱਤੀ ਗਈ। ਸ਼ਿਕਾਇਤ ਮਿਲਣ 'ਤੇ ਨਗਰ ਨਿਗਮ ਦੀ ਟੀਮ ਮੌਕੇ 'ਤੇ ਪਹੁੰਚੀ ਤੇ ਸੜਕ ਧਸਣ ਦੇ ਕਾਰਨਾਂ ਦੀ ਜਾਂਚ ਕੀਤੀ। ਨਗਰ ਨਿਗਮ ਦੇ ਐੱਸ. ਡੀ. ਓ. ਬਲਜਿੰਦਰ ਸਿੰਘ ਨੇ ਦੱਸਿਆ ਕਿ ਸੀਵਰੇਜ ਮੇਨਹੋਲ ਵਿਚ ਲੀਕੇਜ ਦੀ ਸਮੱਸਿਆ ਸੀ, ਜਿਸ ਨੂੰ ਠੀਕ ਕਰ ਦਿੱਤਾ ਗਿਆ ਹੈ। ਹਾਲਾਂਕਿ ਲੀਕੇਜ ਦੇ ਕਾਰਨ ਸੜਕ 'ਤੇ ਕਾਫੀ ਵੱਡਾ ਟੋਇਆ ਬਣ ਗਿਆ ਹੈ।
ਕੁਝ ਹੀ ਦੂਰੀ 'ਤੇ ਪਹਿਲਾਂ ਵੀ ਧਸੀ ਸੀ ਸੜਕ
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਇਸੇ ਇਲਾਕੇ ਵਿਚ ਇਕ ਹੋਟਲ ਦੇ ਬਾਹਰ ਵੀ ਵੱਡਾ ਟੋਇਆ ਪੈ ਗਿਆ ਸੀ। ਇਸ ਤੋਂ ਇਲਾਵਾ ਇਸੇ ਪੁਆਇੰਟ ਤੋਂ ਇਕ ਕਿੱਲੋਮੀਟਰ ਤੋਂ ਵੀ ਘੱਟ ਦੂਰੀ 'ਤੇ ਕਿਚਲੂ ਨਗਰ ਮੇਨ ਰੋਡ 'ਤੇ ਸੜਕ ਧਸਣ ਦੀ ਘਟਨਾ ਸਾਹਮਣੇ ਆਈ ਸੀ। ਇਸ ਤੋਂ ਪਹਿਲਾਂ ਮਾਡਲ ਟਾਊਨ ਤੇ ਪੱਖੋਵਾਲ ਰੋਡ 'ਤੇ ਵੀ ਸੜਕ ਧਸਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਵਾਰ-ਵਾਰ ਸ਼ਰਕ ਧਸਣ ਦੇ ਬਾਵਜੂਦ ਸਮੱਸਿਆ ਦਾ ਪੱਕਾ ਹੱਲ ਨਹੀਂ ਹੋ ਪਾ ਰਿਹਾ।
