ਲੁਧਿਆਣਾ ਨਿਗਮ ਚੋਣਾਂ ''ਚ ਕਾਂਗਰਸ ਨੇ ਕੀਤਾ ਲੋਕਤੰਤਰ ਦਾ ਕਤਲ : ਅਕਾਲੀ ਦਲ

Sunday, Feb 25, 2018 - 10:33 AM (IST)

ਚੰਡੀਗੜ੍ਹ (ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਅੱਜ ਲੁਧਿਆਣਾ ਨਗਰ ਨਿਗਮ ਚੋਣਾਂ ਦੌਰਾਨ ਹਿੰਸਾ ਦਾ ਸਹਾਰਾ ਲੈਂਦਿਆਂ ਬੂਥਾਂ ਉੱਤੇ ਕਬਜ਼ੇ ਕਰ ਕੇ ਅਤੇ ਜਾਅਲੀ ਵੋਟਾਂ ਭੁਗਤਾ ਕੇ ਕਾਂਗਰਸ ਨੇ ਲੋਕਤੰਤਰ ਦਾ ਕਤਲ ਕਰ ਦਿੱਤਾ ਹੈ। ਇੱਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵਰਗੇ ਕਾਂਗਰਸੀ ਆਗੂਆਂ ਅਤੇ ਭਾਰਤ ਭੂਸ਼ਣ ਵਰਗੇ ਵਿਧਾਇਕਾਂ ਨੇ ਕਾਂਗਰਸੀਆਂ ਦੀ ਭੀੜ ਲਿਜਾ ਕੇ ਵੱਖ-ਵੱਖ ਬੂਥਾਂ ਤੋਂ ਅਕਾਲੀ ਦਲ ਦੇ ਪੋਲਿੰਗ ਏਜੰਟਾਂ ਨੂੰ ਖਦੇੜ ਦਿੱਤਾ ਅਤੇ ਜੀਅ ਭਰ ਕੇ ਜਾਅਲੀ ਵੋਟਾਂ ਭੁਗਤਾਈਆਂ । ਉਨਾਂ ਕਿਹਾ ਕਿ ਅਕਾਲੀ ਦਲ ਨੇ ਬਿੱਟੂ ਅਤੇ ਆਸ਼ੂ ਵਲੋਂ ਪੁਲਸ ਕਰਮਚਾਰੀਆਂ, ਕਾਂਗਰਸੀ ਵਰਕਰਾਂ ਅਤੇ  ਸ਼ਰਾਰਤੀ ਅਨਸਰਾਂ ਨੂੰ ਨਾਲ ਲੈ ਕੇ ਕੀਤੀ ਗੁੰਡਾਗਰਦੀ ਦੀ ਸ਼ਿਕਾਇਤ ਕੀਤੀ ਸੀ ਪਰ ਲੁਧਿਆਣਾ ਦੇ ਸਥਾਨਕ ਪ੍ਰਸ਼ਾਸਨ ਅਤੇ ਸੂਬਾ ਚੋਣ ਕਮਿਸ਼ਨ ਨੇ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ।
ਸਾਬਕਾ ਮੰਤਰੀ ਨੇ ਕਿਹਾ ਕਿ ਅਕਾਲੀ ਵਰਕਰਾਂ ਵਿਰੁੱਧ ਹਿੰਸਾ ਅਤੇ ਅਕਾਲੀਆਂ ਨੂੰ ਡਰਾਉਣ-ਧਮਕਾਉਣ ਦੀਆਂ ਘਟਨਾਵਾਂ ਕੱਲ ਉਸ ਸਮੇਂ ਹੀ ਸ਼ੁਰੂ ਹੋ ਗਈਆਂ ਸਨ, ਜਦੋਂ ਕਾਂਗਰਸੀਆਂ ਨੇ ਵਾਰਡ ਨੰਬਰ 36 ਤੋਂ ਅਕਾਲੀ ਦਲ ਦੇ ਉਮੀਦਵਾਰ ਜਗਬੀਰ ਸਿੰਘ ਸੋਖੀ ਉਤੇ ਹਮਲਾ ਕਰਕੇ ਉਨ੍ਹਾਂ ਨੂੰ ਤਿੰਨ ਸਾਥੀਆਂ ਸਣੇ ਜ਼ਖ਼ਮੀ ਕਰ ਦਿੱਤਾ ਸੀ ਅਤੇ ਉਨ੍ਹਾਂ ਦੀ ਕਾਰ ਦੀ ਬੁਰੀ ਤਰ੍ਹਾਂ ਭੰਨ-ਤੋੜ ਕੀਤੀ ਸੀ । ਉਨ੍ਹਾਂ ਕਿਹਾ ਕਿ ਸੋਖੀ ਦੇ ਹਮਲਾਵਰਾਂ ਉਤੇ ਮਾਮਲਾ ਦਰਜ ਕਰਨ ਦੀ ਥਾਂ ਉਲਟਾ ਅਕਾਲੀ ਉਮੀਦਵਾਰ ਉਤੇ ਮਾਮਲਾ ਦਰਜ ਕਰ ਦਿੱਤਾ ਗਿਆ । ਵਾਰਡ ਨੰਬਰ 72 ਵਿਚ ਵੀ ਕਾਂਗਰਸੀ ਵਿਧਾਇਕ ਭਾਰਤ ਭੂਸ਼ਣ ਨੇ ਸ਼ਰੇਆਮ ਅਕਾਲੀ ਵਰਕਰਾਂ ਨੂੰ ਧਮਕੀਆਂ ਦਿੱਤੀਆਂ ਅਤੇ ਵਿਧਾਇਕ ਨਾਲ ਆਏ ਵਿਅਕਤੀਆਂ ਨੇ ਰੱਜ ਕੇ ਜਾਅਲੀ ਵੋਟਾਂ ਭੁਗਤਾਈਆਂ ।


Related News