ਡਿਊਟੀ ਦੌਰਾਨ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨਣ ਤੋਂ ਰੋਕੇ ਜਾਣ ਦੀ ਅਕਾਲੀ ਦਲ ਵਲੋਂ ਨਿਖ਼ੇਧੀ

Wednesday, Nov 06, 2024 - 04:58 PM (IST)

ਡਿਊਟੀ ਦੌਰਾਨ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨਣ ਤੋਂ ਰੋਕੇ ਜਾਣ ਦੀ ਅਕਾਲੀ ਦਲ ਵਲੋਂ ਨਿਖ਼ੇਧੀ

ਚੰਡੀਗੜ੍ਹ : ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਅੱਜ ਸਿਵਲ ਏਵੀਏਸ਼ਨ ਮੰਤਰਾਲੇ ਅਤੇ ਬਿਊਰੋ ਆਫ ਸਿਵਲ ਏਵੀਏਸ਼ਨ ਵੱਲੋਂ ਸਿੱਖ ਮੁਲਾਜ਼ਮਾਂ ਨੂੰ ਡਿਊਟੀ ’ਤੇ ਕਿਰਪਾਨ ਪਹਿਨਣ ਤੋਂ ਰੋਕੇ ਜਾਣ ਵਾਲੇ ਤਾਜ਼ਾ ਹੁਕਮਾਂ ਦੀ ਨਿਖ਼ੇਧੀ ਕੀਤੀ ਹੈ। ਝਿੰਜਰ ਨੇ ਕਿਹਾ ਕਿ ਬਿਊਰੋ ਆਫ਼ ਸਿਵਲ ਏਵੀਏਸ਼ਨ ਸਕਿਓਰਿਟੀ (ਬੀ. ਸੀ. ਏ.ਐੱਸ.) ਵੱਲੋਂ 30 ਅਕਤੂਬਰ ਨੂੰ ਸਿੱਖ ਮੁਲਾਜ਼ਮਾਂ ਨੂੰ ਡਿਊਟੀ 'ਤੇ ਕਿਰਪਾਨ ਪਾ ਕੇ ਜਾਣ 'ਤੇ ਰੋਕ ਲਗਾਉਣ ਦਾ ਤਾਜ਼ਾ ਨਿਰਦੇਸ਼ ਪੂਰੀ ਤਰ੍ਹਾਂ ਅਸਵੀਕਾਰਯੋਗ ਹੈ ਅਤੇ ਇਸ ਨੇ ਦੇਸ਼ ਭਰ ਦੇ ਹਵਾਈ ਅੱਡਿਆਂ 'ਤੇ ਸਿੱਖ ਮੁਲਾਜ਼ਮਾਂ ਨੂੰ ਪ੍ਰਭਾਵਿਤ ਕੀਤਾ ਹੈ।

ਉਨ੍ਹਾਂ ਨੇ ਕਿਹਾ ਕਿ ਮੈਂ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਬੀ. ਸੀ. ਏ. ਐੱਸ. ਨੂੰ ਇਸ ਹੁਕਮ ਨੂੰ ਤੁਰੰਤ ਰੱਦ ਕਰਨ ਦੀ ਅਪੀਲ ਕਰਦਾ ਹਾਂ ਕਿਉਂਕਿ ਕਿਰਪਾਨ (ਸ੍ਰੀ ਸਾਹਿਬ) ਸਾਡੇ ਲਈ ਬਹੁਤ ਧਾਰਮਿਕ ਮਹੱਤਵ ਰੱਖਦੀ ਹੈ। ਇਹ ਗੁਰੂ ਗੋਬਿੰਦ ਸਿੰਘ ਜੀ ਵਲੋਂ ਸਾਨੂੰ ਦਿੱਤੇ 5 ਕੱਕਾਰਾਂ ਵਿੱਚੋਂ ਇੱਕ ਹੈ। ਇਹ ਧਾਰਾ ਪਹਿਲਾਂ ਹੀ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਸਮੇਤ ਭਾਰਤੀ ਹਵਾਈ ਅੱਡਿਆਂ 'ਤੇ ਪਰੇਸ਼ਾਨ ਕਰਨ ਵਾਲੀਆਂ ਘਟਨਾਵਾਂ ਦਾ ਕਾਰਨ ਬਣ ਚੁੱਕੀ ਹੈ, ਜਿੱਥੇ ਅੰਮ੍ਰਿਤਧਾਰੀ ਸਿੱਖ ਮੁਲਾਜ਼ਮਾਂ ਨੂੰ ਸੁਰੱਖਿਆ ਜਾਂਚ ਤੋਂ ਬਾਅਦ ਟਰਮੀਨਲ ਖੇਤਰਾਂ ਵਿੱਚ ਦਾਖ਼ਲ ਹੋਣ ਤੋਂ ਰੋਕਿਆ ਗਿਆ ਹੈ।

ਝਿੰਜਰ ਨੇ ਸਿੱਖ ਧਾਰਮਿਕ ਕੱਕਾਰਾਂ ਨੂੰ ਸੰਭਾਲਣ ਵਿਚ ਇਕਸਾਰਤਾ ਨੂੰ ਯਕੀਨੀ ਬਣਾਉਣ ਲਈ ਇਨ੍ਹਾਂ ਨੀਤੀਆਂ ਦੀ ਸਮੀਖਿਆ ਦੀ ਮੰਗ ਕੀਤੀ। ਝਿੰਜਰ ਨੇ ਜ਼ੋਰ ਦੇ ਕੇ ਕਿਹਾ ਕਿ ਆਪਣੇ ਧਰਮ ਦੀ ਮਾਨਤਾ ਅਤੇ ਕਦਰਾਂ-ਕੀਮਤਾਂ 'ਤੇ ਪਹਿਰਾ ਦੇਣ ਦਾ ਹਰੇਕ ਵਿਅਕਤੀ ਦਾ ਜਮਹੂਰੀ ਅਧਿਕਾਰ ਹੈ ਅਤੇ ਇਹ ਕਦਮ ਸਪੱਸ਼ਟ ਤੌਰ 'ਤੇ ਦੇਸ਼ ਭਰ ਦੇ ਹਵਾਈ ਅੱਡਿਆਂ 'ਤੇ ਕੰਮ ਕਰਨ ਵਾਲੇ ਸਿੱਖ ਮੁਲਾਜ਼ਮਾਂ ਦੇ ਅਧਿਕਾਰ ਨੂੰ ਖੋਹ ਲੈਂਦਾ ਹੈ। ਝਿੰਜਰ ਨੇ ਅੱਗੇ ਕਿਹਾ ਕਿ ਇਹ ਧਾਰਮਿਕ ਅਸਹਿਣਸ਼ੀਲਤਾ ਅਤੇ ਵਿਤਕਰੇ ਦੀ ਇੱਕ ਹੋਰ ਸ਼ਰਮਨਾਕ ਉਦਾਹਰਣ ਹੈ, ਜਿਸਦੀ ਭਾਰਤ ਵਰਗੇ ਲੋਕਤੰਤਰੀ ਦੇਸ਼ ਵਿੱਚ ਕੋਈ ਥਾਂ ਨਹੀਂ ਹੈ।


author

Babita

Content Editor

Related News