ਅਕਾਲੀ ਦਲ ਨੂੰ ਝਟਕਾ! ਸੁਖਬੀਰ ਬਾਦਲ ਮਗਰੋਂ ਇਸ ਲੀਡਰ ਨੇ ਵੀ ਦਿੱਤਾ ਅਸਤੀਫ਼ਾ
Monday, Nov 18, 2024 - 11:45 AM (IST)
ਲੁਧਿਆਣਾ (ਹਿਤੇਸ਼, ਮੁੱਲਾਂਪੁਰੀ, ਖੁੱਲਰ)- ਸੁਖਬੀਰ ਬਾਦਲ ਵੱਲੋਂ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਦਾ ਅਸਰ ਗਰਾਊਂਡ ਲੈਵਲ ’ਤੇ ਵੀ ਨਜ਼ਰ ਆਉਣ ਲੱਗਾ ਹੈ, ਜਿਸ ਦੇ ਤਹਿਤ ਲੁਧਿਆਣਾ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਨੇ ਅਹੁਦਾ ਛੱਡ ਦਿੱਤਾ ਹੈ। ਪਾਰਟੀ ਦੇ ਅੰਦਰਲੇ ਸੂਤਰਾਂ ਅਨੁਸਾਰ ਭਲਕੇ ਹੋਰ ਵੀ ਕਈ ਵਰਕਰਾਂ ਅਤੇ ਲੀਡਰਾਂ ਦੇ ਅਸਤੀਫੇ ਦੇਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸਕੂਲ ਬੱਸ ਨਾਲ ਵਾਪਰਿਆ ਹਾਦਸਾ
ਜ਼ਿਕਰਯੋਗ ਹੈ ਕਿ ਅਕਾਲੀ ਦਲ ਦੇ ਅੰਦਰ ਲੰਮੇ ਸਮੇਂ ਤੋਂ ਚੱਲ ਰਹੀ ਬਗਾਵਤ ਦੌਰਾਨ ਸੁਖਬੀਰ ਬਾਦਲ ਤੋਂ ਪ੍ਰਧਾਨ ਅਹੁਦਾ ਛੱਡਣ ਦੀ ਮੰਗ ਕੀਤੀ ਜਾ ਰਹੀ ਹੈ। ਭਾਵੇਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਲਬ ਕੀਤੇ ਜਾਣ ਤੋਂ ਬਾਅਦ ਸੁਖਬੀਰ ਵਲੋਂ ਬਲਵਿੰਦਰ ਸਿੰਘ ਭੂੰਦੜ ਨੂੰ ਕਾਰਜਕਾਰੀ ਪ੍ਰਧਾਨ ਦੀ ਜ਼ਿੰਮੇਦਾਰੀ ਸੌਂਪ ਦਿੱਤੀ ਗਈ ਸੀ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਵਧਦੇ ਦਬਾਅ ਵਿਚਕਾਰ ਸੁਖਬੀਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਭਾਵੇਂ ਇਸ ਸਬੰਧ ਵਿਚ ਫ਼ੈਸਲਾ ਕਰਨ ਲਈ ਕੋਰ ਕਮੇਟੀ ਦੀ ਬੈਠਕ ਸੋਮਵਾਰ ਨੂੰ ਹੋਣ ਜਾ ਰਹੀ ਹੈ ਪਰ ਉਸ ਤੋਂ ਪਹਿਲਾਂ ਅਕਾਲੀ ਦਲ ’ਚ ਜ਼ਮੀਨੀ ਪੱਧਰ ’ਤੇ ਹਲਚਲ ਤੇਜ਼ ਹੋ ਗਈ ਹੈ, ਜਿਸ ਦਾ ਨਤੀਜਾ ਲੁਧਿਆਣਾ ਦੇ ਪ੍ਰਧਾਨ ਭਿੰਦਾ ਦੇ ਅਸਤੀਫ਼ੇ ਦੇ ਰੂਪ ’ਚ ਸਾਹਮਣੇ ਆਇਆ ਹੈ। ਸੂਤਰਾਂ ਅਨੁਸਾਰ ਪਾਰਟੀ ਦੀ ਵਰਕਿੰਗ ਕਮੇਟੀ ਸੁਖਬੀਰ ਬਾਦਲ ਦਾ ਅਸਤੀਫਾ ਨਾ ਮਨਜ਼ੂਰ ਵੀ ਕਰ ਸਕਦੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ ਜਿਹੇ ਰਹਿਣਗੇ ਹਾਲਾਤ
ਉਨ੍ਹਾਂ ਕਿਹਾ ਕਿ ਮੈਨੂੰ ਸੁਖਬੀਰ ਬਾਦਲ ਵੱਲੋਂ ਅਕਾਲੀ ਦਲ ਦਾ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਸੀ ਪਰ ਹੁਣ ਜਦ ਉਹ ਖੁਦ ਅਸਤੀਫ਼ਾ ਦੇ ਚੁੱਕੇ ਹਨ ਤਾਂ ਮੈਨੂੰ ਵੀ ਨੈਤਿਕ ਤੌਰ ’ਤੇ ਇਸ ਅਹੁਦੇ ’ਤੇ ਰਹਿਣ ਦਾ ਕੋਈ ਹੱਕ ਨਹੀਂ ਹੈ। ਇਸ ਲਈ ਕਾਰਜਕਾਰੀ ਪ੍ਰਧਾਨ ਜਿਸ ਨੂੰ ਚਾਹੁਣ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਦੀ ਜ਼ਿੰਮੇਦਾਰੀ ਸੌਂਪ ਸਕਦੇ ਹਨ।
ਵਿਰੋਧੀਆਂ ’ਤੇ ਵੀ ਕੀਤੀ ਟਿੱਪਣੀ
ਭਿੰਦਾ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ-ਮੁੱਖ ਮੰਤਰੀ ਰਹਿੰਦੇ ਹੋਏ ਪਾਰਟੀ ਅਤੇ ਪੰਜਾਬ ਦੀ ਤਰੱਕੀ ਲਈ ਸਖਤ ਮਿਹਨਤ ਕੀਤੀ ਹੈ। ਇਸ ਦੌਰਾਨ ਹੋਈ ਕਿਸੇ ਵੀ ਗਲਤੀ ਲਈ ਉਨ੍ਹਾਂ ਨੇ ਕੈਬਨਿਟ ਜਾਂ ਪਾਰਟੀ ਦੇ ਹੋਰ ਮੈਂਬਰਾਂ ਨੂੰ ਜ਼ਿੰਮੇਦਾਰ ਠਹਿਰਾਉਣ ਦੀ ਬਜਾਏ ਖੁਦ ਨੂੰ ਸਜ਼ਾ ਲਈ ਅਕਾਲ ਤਖਤ ਦੇ ਸਾਹਮਣੇ ਪੇਸ਼ ਕੀਤਾ। ਭਿੰਦਾ ਨੇ ਕਿਹਾ ਕਿ ਸੁਧਾਰ ਲਹਿਰ ਦੇ ਨਾਂ ’ਤੇ ਵਿਰੋਧ ਕਰ ਰਹੇ ਨੇਤਾਵਾਂ ਨੇ ਅਕਾਲੀ ਦਲ ਦਾ ਜਿੰਨਾ ਨੁਕਸਾਨ ਕੀਤਾ ਹੈ, ਉਨ੍ਹਾਂ ਨੂੰ ਆਉਣ ਵਾਲੇ ਸਮੇਂ ਦੌਰਾਨ ਆਪਣੀ ਗਲਤੀ ਦਾ ਅਹਿਸਾਸ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ - ਜਥੇਬੰਦੀਆਂ ਵੱਲੋਂ ਲੁਧਿਆਣਾ ਬੰਦ ਦੀ ਚੇਤਾਵਨੀ! ਜਾਣੋ ਕੀ ਹੈ ਪੂਰਾ ਮਾਮਲਾ
ਸੈਂਟਰਲ ਦੇ ਹਲਕਾ ਇੰਚਾਰਜ ਦਾ ਅਹੁਦਾ ਵੀ ਹੈ ਖਾਲੀ
ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਤੋਂ ਪਹਿਲਾਂ ਸੈਂਟਰਲ ਦੇ ਹਲਕਾ ਇੰਚਾਰਜ ਦਾ ਆਹੁਦਾ ਵੀ ਖਾਲੀ ਹੈ, ਕਿਉਂਕਿ ਲੋਕ ਸਭਾ ਚੋਣਾਂ ਦੌਰਾਨ ਕਾਕਾ ਸੂਦ ਭਾਜਪਾ ’ਚ ਸ਼ਾਮਲ ਹੋ ਗਏ ਸਨ, ਜਿਸ ਤੋਂ ਬਾਅਦ ਹੁਣ ਤੱਕ ਅਕਾਲੀ ਦਲ ਵੱਲੋਂ ਸੈਂਟਰਲ ਦੇ ਹਲਕਾ ਇੰਚਾਰਜ ਦੇ ਰੂਪ ’ਚ ਕਿਸੇ ਵੀ ਨਿਯੁਕਤੀ ਨਹੀਂ ਕੀਤੀ ਗਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8