ਵੱਡੀ ਖ਼ਬਰ : ਲੁਧਿਆਣਾ ਹਾਦਸੇ ਦੇ ਮਾਮਲੇ ''ਚ ''ਫੈਕਟਰੀ ਮਾਲਕ'' ਗ੍ਰਿਫ਼ਤਾਰ, 36 ਘੰਟਿਆਂ ਬਾਅਦ ਵੀ ਰਾਹਤ ਕਾਰਜ ਜਾਰੀ
Wednesday, Apr 07, 2021 - 08:57 AM (IST)
ਲੁਧਿਆਣਾ (ਰਿਸ਼ੀ) : ਡਾਬਾ ਰੋਡ 'ਤੇ ਮੁਕੰਦ ਸਿੰਘ ਨਗਰ 'ਚ ਸੋਮਵਾਰ ਨੂੰ ਲੈਂਟਰ ਜੈੱਕ ਲਾ ਕੇ ਚੁੱਕਦੇ ਸਮੇਂ ਵਾਪਰੇ ਹਾਦਸੇ ਦੇ ਮਾਮਲੇ ਸਬੰਧੀ ਫੈਕਟਰੀ ਮਾਲਕ ਜਸਵਿੰਦਰ ਸਿੰਘ ਸੋਨੂੰ (30) ਵਾਸੀ ਦਸ਼ਮੇਸ਼ ਨਗਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਠੇਕੇਦਾਰ ਹਾਰੂਨ ਅਜੇ ਫ਼ਰਾਰ ਦੱਸਿਆ ਜਾ ਰਿਹਾ ਹੈ, ਜਿਸ ਦੀ ਭਾਲ ਪੁਲਸ ਦੀਆਂ ਕਈ ਟੀਮਾਂ ਕਰ ਰਹੀਆਂ ਹਨ। ਪੰਜਾਬ ਦੇ ਖ਼ੁਰਾਕ ਅਤੇ ਸਿਵਲ ਸਪਲਾਈ ਮਹਿਕਮੇ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਉਦਯੋਗ ਮੰਤਰੀ ਸ਼ਾਮ ਸੁੰਦਰ ਅਰੋੜਾ ਵੀ ਮੰਗਲਵਾਰ ਨੂੰ ਘਟਨਾ ਸਥਾਨ ’ਤੇ ਪੁੱਜੇ।
ਇਹ ਵੀ ਪੜ੍ਹੋ : ਬਦਲੀਆਂ ਕਰਾਉਣ ਦੇ ਚਾਹਵਾਨ 'ਅਧਿਆਪਕਾਂ' ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਮੰਗੀਆਂ ਅਰਜ਼ੀਆਂ
ਉਨ੍ਹਾਂ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਸਪੱਸ਼ਟ ਕਿਹਾ ਕਿ ਜਾਂਚ ਦੌਰਾਨ ਜੇਕਰ ਇਸ ਘਟਨਾ ਵਿਚ ਕਿਸੇ ਅਧਿਕਾਰੀ ਦੀ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਕਿਸੇ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਮੰਤਰੀ ਆਸ਼ੂ ਅਤੇ ਅਰੋੜਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਸਵਾਰਥ ਲਈ ਕਿਸੇ ਦੀ ਜ਼ਿੰਦਗੀ ਖ਼ਤਰੇ ਵਿਚ ਨਾ ਪਾਉਣ ਅਤੇ ਕਿਸੇ ਵੀ ਤਰ੍ਹਾਂ ਦਾ ਉਸਾਰੀ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਮਹਿਕਮੇ ਤੋਂ ਮਨਜ਼ੂਰੀ ਜ਼ਰੂਰ ਲੈਣ।
ਇਹ ਵੀ ਪੜ੍ਹੋ : ਵੱਡਾ ਖ਼ੁਲਾਸਾ : ਟਿੱਕਰੀ ਸਰਹੱਦ 'ਤੇ ਭਾਬੀ ਦੇ ਇਸ਼ਕ ਨੇ ਕਤਲ ਕਰਵਾਇਆ 'ਕਿਸਾਨ', ਜਗ-ਜ਼ਾਹਰ ਹੋਈ ਕਰਤੂਤ
ਇਸ ਮੌਕੇ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ, ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ, ਨਿਗਮ ਕਮਿਸ਼ਨਰ ਪ੍ਰਦੀਪ ਸੱਭਰਵਾਲ, ਵਿਧਾਇਕ ਸੰਜੇ ਤਲਵਾੜ, ਮੇਅਰ ਬਲਕਾਰ ਸਿੰਘ, ਚੇਅਰਮੈਨ ਕੇ. ਕੇ. ਬਾਵਾ, ਮੁੱਖ ਮੰਤਰੀ ਦੇ ਓ. ਐੱਸ. ਡੀ. ਅੰਕਿਤ ਬਾਂਸਲ ਵੀ ਮੌਜੂਦ ਸਨ।
ਪੁਲਸ ਮੁਤਾਬਕ ਬਚਾਅ ਕਾਰਜਾਂ ’ਚ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨ. ਡੀ. ਆਰ. ਐੱਫ.), ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ, ਫਾਇਰ ਬ੍ਰਿਗੇਡ, ਸਿਹਤ ਮਹਿਕਮਾ, ਪੁਲਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ 36 ਘੰਟਿਆਂ ਬਾਅਦ ਵੀ ਰਾਹਤ ਕਾਰਜਾਂ ’ਚ ਜੁੱਟੀਆਂ ਹੋਈਆਂ ਹਨ। ਰੈਸਕਿਊ ਟੀਮ ਵੱਲੋਂ ਹੁਣ ਤਕ 70 ਫ਼ੀਸਦੀ ਮਲਬਾ ਹਟਾਇਆ ਜਾ ਚੁੱਕਾ ਹੈ। ਬੁੱਧਵਾਰ ਤੱਕ ਸਾਰਾ ਮਲਬਾ ਹਟਾਏ ਜਾਣ ਦੀ ਉਮੀਦ ਹੈ।
ਨੋਟ : ਲੁਧਿਆਣਾ 'ਚ ਵਾਪਰੇ ਉਪਰੋਕਤ ਹਾਦਸੇ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਲਿਖੋ