ਗੈਂਗਸਟਰ ਵੱਲੋਂ ਕਾਰੋਬਾਰੀ ''ਤੇ ਜਾਨਲੇਵਾ ਹਮਲਾ, ਪਿਸਤੌਲ ਦੇ ਬੱਟ ਤੇ ਸੂਏ ਮਾਰ ਕੇ ਕੀਤਾ ਜ਼ਖ਼ਮੀ
Tuesday, Oct 14, 2025 - 11:59 AM (IST)

ਲੁਧਿਆਣਾ: ਛਾਉਣੀ ਮੁਹੱਲਾ ਦੀ ਧੱਕਾ ਕਾਲੋਨੀ ਵਿਚ ਗੈਂਗਸਟਰਾਂ ਨੇ ਕਾਰੋਬਾਰੀ 'ਤੇ ਹਮਲਾ ਕਰਵਾਇਆ ਹੈ। ਗਾਂਧੀ ਨਗਰ ਵਿਚ ਹੋਲਸੇਲ ਰੈਡੀਮੇਡ ਕੱਪੜਿਆਂ ਦਾ ਕਾਰੋਬਾਰ ਕਰਨ ਵਾਲੇ ਇਕ ਕਾਰੋਬਾਰੀ ਸਾਗਰ 'ਤੇ ਰਾਹ ਵਿਚ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ ਉਹ ਆਪਣੇ ਇਕ ਸਾਥੀ ਨਾਲ ਮੋਟਰਸਾਈਕਲ 'ਤੇ ਦੁਕਾਨ ਤੋਂ ਘਰ ਵਾਪਸ ਆ ਰਿਹਾ ਸੀ।
ਇਹ ਖ਼ਬਰ ਵੀ ਪੜ੍ਹੋ - Breaking News: ਪੰਜਾਬ ਪੁਲਸ ਦੇ ਵੱਡੇ ਅਫ਼ਸਰ ਦੀ ਕੋਠੀ 'ਚ ਚੱਲੀ ਗੋਲ਼ੀ! ਮੁਲਾਜ਼ਮ ਦੀ ਹੋਈ ਮੌਤ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਖ਼ਮੀ ਸਾਗਰ ਨੇ ਦੱਸਿਆ ਕਿ ਜਦੋਂ ਉਸ ਨੇ ਹਮਲਾਵਰਾਂ ਤੋਂ ਬਚਣ ਲਈ ਆਪਣੀ ਬਾਈਕ ਭਜਾਈ, ਤਾਂ ਸੰਤੁਲਨ ਵਿਗੜਨ ਕਾਰਨ ਬਾਈਕ ਡਿੱਗ ਗਈ, ਜਿਸ ਤੋਂ ਬਾਅਦ ਬਦਮਾਸ਼ਾਂ ਨੇ ਉਸ ਨੂੰ ਘੇਰ ਲਿਆ ਅਤੇ ਸੜਕ ਦੇ ਵਿਚਕਾਰ ਹੀ ਬੁਰੀ ਤਰ੍ਹਾਂ ਕੁੱਟਿਆ। ਸਾਗਰ ਅਨੁਸਾਰ, ਗੈਂਗਸਟਰ ਮੋਵਿਸ਼ ਬੈਂਸ, ਸ਼ਿਵਾ ਭੱਟੀ, ਨਰੇਸ਼ ਅਤੇ ਕਨਿਕ ਨੇ ਇਸ ਹਮਲੇ ਨੂੰ ਅੰਜਾਮ ਦਿੱਤਾ। ਪੀੜਤ ਨੇ ਦੱਸਿਆ ਕਿ ਮੋਵਿਸ਼ ਅਤੇ ਉਸ ਦੇ ਕੁਝ ਸਾਥੀਆਂ ਦੇ ਹੱਥਾਂ ਵਿਚ ਪਿਸਤੌਲ ਸਨ। ਮੋਵਿਸ਼ ਨੇ ਪਿਸਤੌਲ ਦੇ ਬੱਟ ਉਸ ਦੇ ਸਿਰ 'ਤੇ ਮਾਰੇ। ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਸਾਗਰ ਦੀ ਲੱਤ ਤੋੜ ਦਿੱਤੀ। ਇਸ ਤੋਂ ਇਲਾਵਾ, ਉਸ ਦੀ ਪਿੱਠ 'ਤੇ ਕਰੀਬ 12-13 ਥਾਵਾਂ 'ਤੇ ਸੂਏ ਮਾਰੇ ਗਏ। ਸਾਗਰ ਨੇ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾਈ। ਉਸ ਦੇ ਨਾਲ ਮੌਜੂਦ ਤਰੁਣ ਨਾਂ ਦੇ ਲੜਕੇ ਦੀ ਵੀ ਕੁੱਟਮਾਰ ਹੋਈ ਹੈ।
ਪੀੜਤ ਸਾਗਰ ਨੇ ਦੱਸਿਆ ਕਿ ਹਮਲਾਵਰਾਂ ਨੇ ਉਸ ਦੀ ਜੇਬ ਵਿਚੋਂ 70,000 ਰੁਪਏ ਦੀ ਨਕਦੀ ਖੋਹ ਲਈ। ਹਮਲਾਵਰਾਂ ਨੇ ਉਸ ਦਾ ਮੋਬਾਈਲ ਵੀ ਖੋਹਿਆ ਸੀ, ਪਰ ਉਹ ਉਸ ਨੂੰ ਉੱਥੇ ਹੀ ਸੁੱਟ ਕੇ ਚਲੇ ਗਏ। ਸਾਗਰ ਨੇ ਦੱਸਿਆ ਕਿ ਬਦਮਾਸ਼ਾਂ ਕੋਲ ਕੁੱਲ 4 ਪਿਸਤੌਲ ਸਨ।
ਪੁਰਾਣੀ ਰੰਜਿਸ਼ ਕਾਰਨ ਬਣਾਇਆ ਨਿਸ਼ਾਨਾ
ਸਾਗਰ ਨੇ ਦੱਸਿਆ ਕਿ ਉਸ ਨੂੰ ਨਿਸ਼ਾਨਾ ਬਣਾਉਣ ਦਾ ਕਾਰਨ ਗੈਂਗਸਟਰ ਮੋਵਿਸ਼ ਬੈਂਸ ਦੀ ਉਸ ਦੇ ਤਾਏ ਦੇ ਬੇਟੇ ਮੁਕੁਲ ਨਾਲ ਕਰੀਬ 2 ਸਾਲ ਪੁਰਾਣੀ ਲੜਾਈ ਹੈ। ਸਾਗਰ ਅਨੁਸਾਰ, ਉਸ ਸਮੇਂ ਮੋਵਿਸ਼ ਨੇ ਮੁਕੁਲ ਦੀ ਗੱਡੀ 'ਤੇ ਗੋਲੀਆਂ ਚਲਾਈਆਂ ਸਨ। ਸਾਗਰ ਨੇ ਸਪੱਸ਼ਟ ਕੀਤਾ ਕਿ ਉਸਦਾ ਮੁਕੁਲ ਨਾਲ ਕੋਈ ਲੈਣ-ਦੇਣ ਨਹੀਂ ਹੈ, ਪਰ ਮੋਵਿਸ਼ ਨੇ ਉਸੇ ਪੁਰਾਣੀ ਰੰਜਿਸ਼ ਕਾਰਨ ਉਸ ਨੂੰ ਨਿਸ਼ਾਨਾ ਬਣਾਇਆ। ਸਾਗਰ ਨੂੰ ਡੀ.ਐੱਮ.ਸੀ. ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਥਾਣਾ ਡਿਵੀਜ਼ਨ ਨੰਬਰ 4 ਦੀ ਪੁਲਸ ਨੇ ਬੀਤੀ ਰਾਤ ਉਸਦੇ ਬਿਆਨ ਦਰਜ ਕੀਤੇ ਹਨ। ਮਾਰਕੁੱਟ ਦੀ ਸੀ.ਸੀ.ਟੀ.ਵੀ. ਵੀਡੀਓ ਵੀ ਪੁਲਸ ਨੂੰ ਮੁਹੱਈਆ ਕਰਵਾ ਦਿੱਤੀ ਗਈ ਹੈ, ਜਿਸ ਵਿਚ ਮੋਵਿਸ਼ ਬੈਂਸ ਅਤੇ ਉਸ ਦੇ ਸਾਥੀ ਕੈਦ ਹੋਏ ਹਨ।
ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ੁਸ਼ਖ਼ਬਰੀ! ਪੰਜਾਬ ਸਰਕਾਰ ਵੱਲੋਂ ਤਨਖ਼ਾਹਾਂ 'ਚ 10-10 ਹਜ਼ਾਰ ਰੁਪਏ ਦਾ ਵਾਧਾ
ਥਾਣਾ ਡਿਵੀਜ਼ਨ ਨੰਬਰ 4 ਦੇ ਐੱਸ.ਐੱਚ.ਓ. ਗਗਨਦੀਪ ਸਿੰਘ ਨੇ ਪੁਸ਼ਟੀ ਕੀਤੀ ਕਿ ਮੋਵਿਸ਼ ਬੈਂਸ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਸ ਇਸ ਕੇਸ ਦੀ ਜਾਂਚ ਕਰ ਰਹੀ ਹੈ। ਪੀੜਤ ਸਾਗਰ ਨੇ ਪੁਲਸ ਕਮਿਸ਼ਨਰ ਤੋਂ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਇਨ੍ਹਾਂ ਬਦਮਾਸ਼ਾਂ ਦਾ ਇਲਾਕੇ ਵਿਚ ਪਹਿਲਾਂ ਵੀ ਅਪਰਾਧਿਕ ਰਿਕਾਰਡ ਰਿਹਾ ਹੈ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਇਹ ਲੋਕ ਇਲਾਕੇ ਵਿਚ ਖੁੱਲ੍ਹੇਆਮ 'ਚਿੱਟਾ' ਵੇਚਦੇ ਹਨ, ਪਰ ਲੋਕ ਡਰ ਕਾਰਨ ਸ਼ਿਕਾਇਤ ਦਰਜ ਨਹੀਂ ਕਰਵਾਉਂਦੇ। ਪੀੜਤ ਨੇ ਮੰਗ ਕੀਤੀ ਕਿ ਪੁਲਿਸ ਮੋਵਿਸ਼ ਬੈਂਸ ਨੂੰ ਤੁਰੰਤ ਗ੍ਰਿਫਤਾਰ ਕਰੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8