ਇਕ ਦਿਨ ’ਚ 1.31 ਲੱਖ ਕੋਵਿਡ ਟੀਕੇ ਲਾ ਕੇ ਲੁਧਿਆਣਾ ਜ਼ਿਲ੍ਹੇ ਨੇ ਨਵਾਂ ਰਿਕਾਰਡ ਬਣਾਇਆ

Monday, Sep 06, 2021 - 12:03 PM (IST)

ਇਕ ਦਿਨ ’ਚ 1.31 ਲੱਖ ਕੋਵਿਡ ਟੀਕੇ ਲਾ ਕੇ ਲੁਧਿਆਣਾ ਜ਼ਿਲ੍ਹੇ ਨੇ ਨਵਾਂ ਰਿਕਾਰਡ ਬਣਾਇਆ

ਚੰਡੀਗੜ੍ਹ (ਸ਼ਰਮਾ) : ਇਕ ਨਵੀ ਪੁਲਾਂਘ ਪੁੱਟਦਿਆਂ, ਲੁਧਿਆਣਾ ਨੇ ਐਤਵਾਰ ਨੂੰ ਜ਼ਿਲ੍ਹੇ ਭਰ ਵਿਚ 1,31,993 ਲੱਖ ਕੋਵਿਡ ਖੁਰਾਕਾਂ ਦੇ ਨਾਲ ਇਕ ਦਿਨ ਵਿਚ ਸਭ ਤੋਂ ਵੱਧ ਟੀਕਾਕਰਨ ਦਾ ਰਿਕਾਰਡ ਕਾਇਮ ਕੀਤਾ ਹੈ। ਇਕ ਦਿਨ ਵਿਚ ਸਭ ਤੋਂ ਵੱਧ ਦਾ ਟੀਕਾਕਰਨ ਦਰਜ ਕਰਨ ਵਿਚ ਸਿਹਤ ਸੰਭਾਲ ਕਰਮਚਾਰੀਆਂ ਦੇ ਅਣਥੱਕ ਅਤੇ ਦ੍ਰਿੜ ਯਤਨਾਂ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਇਸ ਨਾਲ ਘਾਤਕ ਕੋਰੋਨਾ ਵਾਇਰਸ ਵਿਰੁੱਧ ਲੜਾਈ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਕੋਵਿਡ-19 ਵੈਕਸੀਨ ਦੀਆਂ 1.31 ਲੱਖ ਤੋਂ ਵੱਧ ਖੁਰਾਕਾਂ ਦੇਣ ਦਾ ਮੀਲ ਪੱਥਰ ਲੁਧਿਆਣਾ ਦੇ ਲੋਕਾਂ ਦੇ ਪੂਰਨ ਸਹਿਯੋਗ ਤੋਂ ਬਿਨਾ ਸੰਭਵ ਨਹੀਂ ਸੀ, ਜਿਨ੍ਹਾਂ ਨੇ ਟੀਕਾਕਰਨ ਮੁਹਿੰਮ ਵਿਚ ਪੂਰੇ ਤਨ-ਮਨ ਨਾਲ ਹਿੱਸਾ ਲਿਆ, ਜਿਸ ਵਿਚ ਹੁਣ ਤਕ 22,54,619 ਲੋਕ ਸ਼ਾਮਲ ਹੋਏ ਹਨ, ਜੋਕਿ 16 ਜਨਵਰੀ, 2021 ਨੂੰ ਸ਼ੁਰੂ ਹੋਈ ਸੀ। ਉਨ੍ਹਾਂ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਉਨ੍ਹਾਂ ਦੀ ਪਤਨੀ ਨਗਰ ਕੌਂਸਲਰ ਮਮਤਾ ਆਸ਼ੂ ਅਤੇ ਹੋਰ ਜਨ ਪ੍ਰਤੀਨਿਧੀਆਂ ਦਾ ਲੁਧਿਆਣਾ ਵਿਚ ਘਰ-ਘਰ ਜਾ ਕੇ ਟੀਕਾਕਰਨ ਅਭਿਆਨ ਚਲਾਉਣ ਲਈ ਧੰਨਵਾਦ ਕੀਤਾ, ਜਿਸ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਦੇ ਕੋਨੇ-ਕੋਨੇ ਵਿੱਚ ਟੀਮਾਂ ਭੇਜ ਕੇ ਕੋਰੋਨਾ ਦੀ ਤੀਜੀ ਲਹਿਰ ਦਾ ਮੁਕਾਬਲਾ ਕਰਨ ਲਈ ਜੰਗੀ ਪੱਧਰ 'ਤੇ ਲੋਕਾਂ ਦਾ ਟੀਕਾਕਰਨ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿਚ ਟੀਕਾਕਰਨ ਵੱਡੇ ਪੱਧਰ 'ਤੇ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ਾਸਨ ਕੋਵਿਡ-19 ਦੇ ਵਿਰੁੱਧ ਸੁਰੱਖਿਆ ਪ੍ਰਣਾਲੀ ਨੂੰ ਹੋਰ ਹੁਲਾਰਾ ਦੇਣ ਲਈ ਇੱਕ ਐਕਸ਼ਨ ਮੋਡ ਵਿਚ ਹੈ।


author

Anuradha

Content Editor

Related News