ਲੁਧਿਆਣਾ ਦੇ ਕਾਰੋਬਾਰੀ ਨੇ ਨਹਿਰ ''ਚ ਛਾਲ ਮਾਰ ਕੇ ਕੀਤੀ ਆਤਮ-ਹੱਤਿਆ
Thursday, Oct 05, 2017 - 07:31 AM (IST)
ਦੋਰਾਹਾ, (ਵਿਨਾਇਕ)- ਬੀਤੀ ਸ਼ਾਮ 5 ਵਜੇ ਕਰੀਬ ਲੁਧਿਆਣਾ ਦੇ ਇਕ 58 ਸਾਲਾ ਕਾਰੋਬਾਰੀ ਨੇ ਵਪਾਰ ਵਿਚ ਆਈ ਲਗਾਤਾਰ ਮੰਦੀ ਕਾਰਨ ਦਿਮਾਗੀ ਪ੍ਰੇਸ਼ਾਨੀ ਦੇ ਚਲਦਿਆਂ ਭੇਦਭਰੀ ਹਾਲਤ 'ਚ ਸਰਹਿੰਦ ਨਹਿਰ 'ਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਬਾਅਦ 'ਚ ਮ੍ਰਿਤਕ ਦੀ ਪਛਾਣ ਇੰਦਰਜੀਤ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਚੰਡੀਗੜ੍ਹ ਰੋਡ, ਲੁਧਿਆਣਾ ਵਜੋਂ ਹੋਈ ਹੈ।
ਦੋਰਾਹਾ ਪੁਲਸ ਨੇ ਘਟਨਾ ਸਬੰਧੀ ਮ੍ਰਿਤਕ ਦੇ ਪਰਿਵਾਰਕ ਮੈਂਬਰ ਦੇ ਬਿਆਨਾਂ 'ਤੇ ਧਾਰਾ 174 ਅਧੀਨ ਕਾਰਵਾਈ ਅਮਲ ਵਿਚ ਲਿਆ ਕੇ ਲਾਸ਼ ਦਾ ਪੋਸਟਮਾਰਟਮ ਸਿਵਲ ਹਸਪਤਾਲ ਲੁਧਿਆਣਾ ਤੋਂ ਕਰਵਾਉਣ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ। ਪੁਲਸ ਜਾਂਚ ਅਧਿਕਾਰੀ ਏ. ਐੱਸ. ਆਈ. ਤੇਜਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਆਪਣੀ ਫੈਕਟਰੀ ਦੇ ਕਾਰੋਵਾਰ 'ਚ ਆਈ ਲਗਾਤਾਰ ਮੰਦੀ ਕਾਰਨ ਕਾਫੀ ਸਮੇਂ ਤੋਂ ਪ੍ਰੇਸ਼ਾਨ ਸੀ, ਜਿਸ ਕਾਰਨ ਉਸਨੇ 3 ਅਕਤੂਬਰ ਨੂੰ ਸ਼ਾਮ 5 ਵਜੇ ਕਰੀਬ ਨਹਿਰ ਪੁਲ ਤੋਂ ਸਰਹਿੰਦ ਨਹਿਰ ਵਿਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਬਾਅਦ ਵਿਚ ਮ੍ਰਿਤਕ ਦੀ ਲਾਸ਼ ਨੂੰ ਰਾਤ 12 ਵਜੇ ਕਰੀਬ ਗੋਤਾਖੋਰਾਂ ਨੇ ਮਿਲਟਰੀ ਗਰਾਊਂਡ ਨੇੜਿਓ ਸਰਹਿੰਦ ਨਹਿਰ 'ਚੋਂ ਕੱਢ ਕੇ ਆਪਣੇ ਕਬਜ਼ੇ ਵਿਚ ਲੈ ਲਿਆ।
