ਸਿੱਧੂ, ਕੇਜਰੀਵਾਲ ਅਤੇ ਢੀਂਡਸੇ ਦੇ ਡਰੋਂ ਬਾਪੂ ਬਾਦਲ ਬਣੇ ਤੂਫਾਨ ''ਚ ਫਸੀ ਕਿਸ਼ਤੀ ਦੇ ਮਲਾਹ

02/15/2020 9:12:46 AM

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਿੰਨ ਸਾਲ ਜ਼ੋਰ ਲਾ ਕੇ ਦੇਖ ਲਿਆ। ਅਕਾਲੀ ਦਲ ਦੀ ਗੱਡੀ ਰਾਜਸੀ ਲੀਹਾਂ 'ਤੇ ਚੜ੍ਹਨ ਦੀ ਬਜਾਏ ਦਿਨੋ-ਦਿਨ ਡਿੱਕੇ-ਡੋਲੇ ਖਾਂਦੀ ਪਾਰਟੀ ਦਾ ਨੁਕਸਾਨ ਕਰ ਰਹੀ ਹੈ। ਇੱਥੇ ਹੀ ਬਸ ਨਹੀਂ, ਪਾਰਟੀ 'ਚ ਬੈਠੇ ਪਹਿਲੀ ਕਤਾਰ ਦੇ ਨੇਤਾ ਢੀਂਡਸਾ, ਬ੍ਰਹਮਪੁਰਾ, ਅਜਨਾਲਾ, ਸੇਖਵਾਂ ਅਤੇ ਹੋਰ ਦੋ ਦਰਜਨ ਨੇਤਾ ਬਾਦਲ ਦੀ ਗੱਡੀ 'ਚੋਂ ਉੱਤਰ ਗਏ, ਜਿਸ ਕਾਰਨ ਪਾਰਟੀ ਦਾ ਭਾਰੀ ਰਾਜਸੀ ਨੁਕਸਾਨ ਹੋਇਆ। ਹੁਣ ਦਿੱਲੀ 'ਚ 'ਆਪ' ਦੀ ਜਿੱਤ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸਾਹ ਸੂਤੇ ਪਏ ਦੱਸੇ ਜਾ ਰਹੇ ਹਨ, ਜਿਸ ਕਰ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦਾ ਡੈਮੇਜ ਕੰਟਰੋਲ ਕਰਨ ਲਈ ਆਖਰ 94 ਸਾਲ ਦੇ ਬਾਪੂ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਨੂੰ ਘਰੋਂ ਕੱਢਣਾ ਪਿਆ, ਜਿਸ ਕਾਰਣ ਸੰਗਰੂਰ ਰੈਲੀ ਵਿਚ ਸ. ਬਾਦਲ ਪੁੱਜੇ ਅਤੇ ਬੋਲੇ। ਇਸੇ ਤਰ੍ਹਾਂ ਲੰਘੇ ਕੱਲ ਅੰਮ੍ਰਿਤਸਰ ਵਿਚ ਹੋਈ ਰੈਲੀ ਵਿਚ ਵੀ ਖੂਬ ਗਰਜੇ।

ਬਾਦਲ ਦੇ ਘਰੋਂ ਬਾਹਰ ਨਿਕਲਣ 'ਤੇ ਸਿਆਸੀ ਪੰਡਤਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਬਾਦਲ ਦੀ ਗੱਲ 'ਤੇ ਤਾਂ ਵਿਸ਼ਵਾਸ ਕਰ ਸਕਦੇ ਹਨ ਪਰ ਅਕਾਲੀ ਦਲ ਦੇ ਹੋਰ ਕਿਸੇ ਦੂਜੇ ਨੇਤਾ ਦੀ ਜ਼ੁਬਾਨ 'ਤੇ ਵਿਸ਼ਵਾਸ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਭਾਵੇਂ ਸੁਖਬੀਰ ਬਾਦਲ ਨੇ ਪੰਜਾਬ 'ਚ 10 ਸਾਲਾਂ ਵਿਚ ਵਿਕਾਸ ਦੀ ਧੂੜ ਪੁੱਟ ਦਿੱਤੀ ਪਰ ਲੋਕਾਂ 'ਚ ਵਿਸ਼ਵਾਸ ਪੈਦਾ ਕਰਨ ਵਿਚ ਸਫਲ ਨਹੀਂ ਹੋ ਸਕਿਆ, ਜਿਸ ਕਰ ਕੇ ਪੰਜਾਬੀ ਅਤੇ ਪੰਥਕ ਹਲਕੇ ਅਕਾਲੀ ਦਲ ਤੋਂ ਦੂਰ ਹਨ।

ਮਾਹਰਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੀ 2017 ਵਿਚ ਇਸ ਕਰ ਕੇ ਸੱਤਾ ਵਿਚ ਆਏ ਸਨ ਕਿ ਲੋਕਾਂ ਵਿਚ ਉਨ੍ਹਾਂ ਦਾ ਵਿਸ਼ਵਾਸ 2002 ਤੋਂ 2007 ਦੌਰਾਨ ਬਣਿਆ ਹੋਇਆ ਸੀ ਪਰ ਇਸ ਵਾਰ ਉਹ ਵੀ ਪੱਛੜਦੇ ਨਜ਼ਰ ਆ ਰਹੇ ਹਨ, ਜਦੋਂਕਿ ਦਿੱਲੀ ਵਾਲੇ ਆਮ ਆਦਮੀ ਪਾਰਟੀ ਦੇ ਮੁਖੀ ਕੇਜਰੀਵਾਲ ਜਾਂ ਨਵਜੋਤ ਸਿੰਘ ਸਿੱਧੂ ਜਿਨ੍ਹਾਂ 'ਤੇ ਲੋਕ ਇਕ ਵਾਰ ਤਾਂ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਗੱਲ 'ਤੇ ਵਿਸ਼ਵਾਸ ਕਰਨਗੇ। ਰਾਜਭਾਗ ਹਾਸਲ ਕਰਨ ਤੋਂ ਬਾਅਦ ਉਹ ਖਰੇ ਉੱਤਰਦੇ ਹਨ ਜਾਂ ਨਹੀਂ, ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਨੇ ਸ਼ਾਇਦ ਸੋਚਿਆ ਹੋਵੇ ਕਿ ਲੋਕਾਂ ਦੇ ਵਿਸ਼ਵਾਸਪਾਤਰ ਪ੍ਰਕਾਸ਼ ਸਿੰਘ ਬਾਦਲ ਨੂੰ ਘਰੋਂ ਕੱਢ ਕੇ ਉਸ ਦੀਆਂ ਸੇਵਾਵਾਂ ਲਈਆਂ ਜਾਣ ਤਾਂ ਜੋ ਲੋਕ ਆਪਣੇ ਬੂਹੇ ਖੋਲ੍ਹ ਸਕਣ।


cherry

Content Editor

Related News