ਪੰਜਾਬ ਯੂਥ ਡਿਵੈਲਪਮੈਂਟ ਬੋਰਡ ਵਲੋਂ ਪੰਜਾਬ ਸਰਕਾਰ ਵੱਲੋਂ ਮਨਜੂਰਸ਼ੁਦਾ ਪੀ.ਪੀ.ਈ. ਕਿੱਟਾਂ ਦਾਨ
Wednesday, May 20, 2020 - 09:19 AM (IST)
ਲੁਧਿਆਣਾ (ਰਿੰਕੂ ਦਾਨੀ) : ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਵਲੋਂ ਮੰਗਲਵਾਰ ਸਥਾਨਕ ਪੁਲਸ ਕਮਿਸ਼ਨਰੇਟ ਵਿਖੇ ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਪੰਜਾਬ ਸਰਕਾਰ ਦੁਆਰਾ ਮਨਜ਼ੂਰਸ਼ੁਦਾ 100 ਪੀ.ਪੀ.ਈ. ਕਿੱਟਾਂ ਦਿੱਤੀਆਂ ਗਈਆਂ। ਉਨ੍ਹਾਂ ਇਹ ਕਿੱਟਾਂ ਪੁਲਸ ਕਮਿਸ਼ਨਰ ਸ੍ਰੀ ਰਾਕੇਸ਼ ਕੁਮਾਰ ਅਗਰਵਾਲ ਦੇ ਸਪੁਰਦ ਕੀਤੀਆਂ । ਦੱਸਣਯੋਗ ਹੈ ਕਿ ਬਿੰਦਰਾ ਦੇ ਉਪਰਾਲੇ ਨਾਲ ਬੋਰਡ ਵਲੋਂ ਵੱਖ-ਵੱਖ ਗੈਰ ਸਰਕਾਰੀ ਸੰਗਠਨਾਂ ਦੇ ਸਹਿਯੋਗ ਨਾਲ ਪੂਰੇ ਸੂਬੇ ਵਿਚ ਇਹ ਕਿੱਟਾਂ ਦਾਨ ਦਿੱਤੀਆਂ ਜਾ ਰਹੀਆਂ ਹਨ। ਬੋਰਡ ਵਲੋਂ ਹੁਣ ਤੱਕ 1000 ਕਿੱਟਾਂ ਦਿੱਤੀਆਂ ਜਾ ਚੁੱਕੀਆਂ ਹਨ। ਪੁਲਸ ਕਮਿਸ਼ਨਰ ਰਾਕੇਸ਼ ਕੁਮਾਰ ਅਗਰਵਾਲ ਨੇ ਬਿੰਦਰਾ ਅਤੇ ਬੋਰਡ ਦਾ ਧੰਨਵਾਦ ਕੀਤਾ।
ਜਾਣਕਾਰੀ ਦਿੰਦਿਆਂ ਬਿੰਦਰਾ ਨੇ ਕਿਹਾ ਕਿ ਪੰਜਾਬ ਇਸ ਸਮੇਂ ਨਾਮੁਰਾਦ ਬਿਮਾਰੀ ਕੋਰੋਨਾ ਵਾਇਰਸ ਕਰਕੇ ਔਖੇ ਦੌਰ ਵਿਚੋਂ ਲੰਘ ਰਿਹਾ ਹੈ। ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਵਿਚ ਇਸ ਔਖੀ ਘੜੀ ਦੌਰਾਨ ਪੰਜਾਬ ਦੇ ਵਸਨੀਕਾਂ ਨੂੰ ਜੇਕਰ ਕੋਈ ਸਭ ਤੋਂ ਅੱਗੇ ਹੋ ਕੇ ਬਚਾਅ ਰਿਹਾ ਹੈ ਤਾਂ ਉਹ ਸਾਡੇ ਡਾਕਟਰ, ਨਰਸਾਂ ਅਤੇ ਹੋਰ ਸਿਹਤ ਕਾਮਿਆਂ ਦੇ ਨਾਲ-ਨਾਲ ਪੁਲਸ ਮੁਲਾਜ਼ਮ ਦਿਨ-ਰਾਤ ਆਪਣੀ ਜਾਨ ਜੋਖਮ ਵਿਚ ਪਾ ਕੇ ਸਾਡੀ ਸਿਹਤ ਦੀ ਰੱਖਿਆ ਪ੍ਰਤੀ ਲੱਗੇ ਹੋਏ ਹਨ। ਪੰਜਾਬ ਯੂਥ ਡਿਵੈਲਪਮੈਂਟ ਬੋਰਡ ਪੰਜਾਬ ਰਾਜ ਦੇ ਵਸਨੀਕਾਂ ਦੀ ਭਲਾਈ ਅਤੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਤੋਂ ਇਲਾਵਾ ਜੇਕਰ ਹੋਰ ਸੰਸਥਾਵਾਂ ਵੀ ਇਸ ਕਾਰਜ ਵਿਚ ਆਪਣਾ ਯੋਗਦਾਨ ਪਾਉਣਾ ਚਾਹੁਣ ਤਾਂ ਉਹ ਜ਼ਿਲ੍ਹਾ ਪ੍ਰਸ਼ਾਸਨ ਨਾਲ ਸੰਪਰਕ ਕਰ ਸਕਦੀਆਂ ਹਨ ਕਿਉਂਕਿ ਲੁਧਿਆਣਾ ਜ਼ਿਲ੍ਹੇ ਨੂੰ ਅਜੇ ਹੋਰ ਪੀ.ਪੀ.ਈ. ਕਿੱਟਾਂ, ਐੱਨ-95 ਮਾਸਕ ਅਤੇ ਵੈਂਟੀਲੇਟਰਜ਼ ਦੀ ਜ਼ਰੂਰਤ ਹੈ। ਚੇਅਰਮੈਨ ਨੇ ਲੁਧਿਆਣਾ ਪੁਲਸ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪੁਲਸ ਦੇ ਸਟਾਫ ਦੀ ਇਸ ਅਣਥੱਕ ਮਿਹਨਤ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਘੱਟ ਹੈ। ਪੀ.ਪੀ.ਈ. ਕਿੱਟਾਂ ਦੁਆਰਾ ਜਿੱਥੇ ਪੁਲਸ ਦੀ ਕੋਰੋਨਾ ਵਾਇਰਸ ਤੋਂ ਪੂਰੀ ਤਰ੍ਹਾਂ ਸੁਰੱਖਿਆ ਹੋਵੇਗੀ, ਨਾਲ ਹੀ ਉਹ ਆਪਣੇ ਜ਼ਰੂਰੀ ਕੰਮ ਹੋਰ ਵੀ ਉਤਸ਼ਾਹ ਅਤੇ ਬਿਨਾਂ ਡਰ ਤੋਂ ਕਰ ਸਕਣਗੇ। ਬਿੰਦਰਾ ਨੇ ਕਿਹਾ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਪੰਜਾਬ ਸਰਕਾਰ ਅਤੇ ਵਿਸ਼ਵ ਸਿਹਤ ਸੰਗਠਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਹੋਰ ਕਾਰਪੋਰੇਟ ਘਰਾਣਿਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਮੁਸ਼ਕਲ ਦੀ ਇਸ ਘੜੀ ਵਿੱਚ ਸਰਕਾਰ ਦਾ ਸਾਥ ਦੇਣ। ਇਸ ਮੌਕੇ ਯੂਥ ਆਗੂ ਸ੍ਰੀ ਨਿਤਿਨ ਟੰਡਨ ਅਤੇ ਹੋਰ ਨੌਜਵਾਨ ਆਗੂ ਵੀ ਹਾਜ਼ਰ ਸਨ।