ਲੁਧਿਆਣਾ ''ਚ 167 ਵਿਅਕਤੀਆਂ ਦੇ ਲਾਪਤਾ ਹੋਣ ਦੀ ਖ਼ਬਰ ਨੇ ਮਚਾਈ ਹਫੜਾ-ਦਫੜੀ

03/19/2020 9:20:01 AM

ਲੁਧਿਆਣਾ (ਸਹਿਗਲ) : ਸੋਸ਼ਲ ਮੀਡੀਆ 'ਤੇ ਵਿਦੇਸ਼ਾਂ ਤੋਂ ਲੁਧਿਆਣਾ ਵਿਚ ਆਏ 160 ਵਿਅਕਤੀਆਂ ਦੇ ਲਾਪਤਾ ਹੋਣ ਦੀ ਖ਼ਬਰ ਨਾਲ ਅੱਜ ਹਫੜਾ-ਦਫੜੀ ਮਚਣ ਦੇ ਹਾਲਾਤ ਬਣੇ ਰਹੇ। ਸਾਰਾ ਦਿਨ ਲੋਕ ਸਿਹਤ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਸ ਸਬੰਧੀ ਜਾਣਕਾਰੀ ਲੈਣ ਵਿਚ ਜੁਟੇ ਰਹੇ ਅਤੇ ਦਿਨ ਭਰ ਇਸੇ ਗੱਲ ਦੀ ਚਰਚਾ ਚਲਦੀ ਰਹੀ ਪਰ ਕੁਝ ਦਿਨ ਪਹਿਲਾਂ ਵਿਦੇਸ਼ਾਂ ਤੋਂ ਲੋਕ, ਜਿਨ੍ਹਾਂ ਦੇ ਨਾਂ ਪਤੇ ਸਿਹਤ ਅਧਿਕਾਰੀਆਂ ਨੂੰ ਨਹੀਂ ਮਿਲੇ, ਦੀ ਗਿਣਤੀ ਸਬੰਧੀ ਕਾਫੀ ਮੁਸ਼ਕਲ ਆ ਰਹੀ ਸੀ ਪਰ ਕੱਲ ਸਿਹਤ ਅਧਿਕਾਰੀਆਂ ਦਾ ਕਹਿਣਾ ਸੀ ਕਿ 102 ਵਿਅਕਤੀ ਅਜਿਹੇ ਬਚੇ ਹਨ, ਜਿਨ੍ਹਾਂ ਨੂੰ ਲੱਭਿਆ ਜਾਣਾ ਬਾਕੀ ਹੈ।

ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਦੱਸਿਆ ਕਿ ਅੱਜ ਕੁਝ ਹੋਰ ਲੋਕਾਂ ਦਾ ਪਤਾ ਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਦੀ ਯਾਤਰਾ ਕਰ ਕੇ ਆਉਣ ਵਾਲੇ ਵਿਅਕਤੀ ਕੋਰੋਨਾ ਵਾਇਰਸ ਤੋਂ ਪੀੜਤ ਨਹੀਂ ਹਨ। ਏਅਰਪੋਰਟ 'ਤੇ ਵੀ ਇਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਚੈਨਲ ਤੋਂ ਪ੍ਰਸਾਰਤ ਹੋਈ ਇਸ ਖ਼ਬਰ ਨਾਲ ਲੋਕਾਂ ਵਿਚ ਦਹਿਸ਼ਤ ਫੈਲੀ ਹੈ ਪਰ ਇਹ ਖਬਰ ਠੀਕ ਨਹੀਂ ਅਤੇ ਸਿਰਫ ਅਫਵਾਹ 'ਤੇ ਆਧਾਰਤ ਹੈ। ਇਸ ਸਿਲਸਿਲੇ ਵਿਚ ਪ੍ਰਸ਼ਾਸਨ ਪੱਧਰ 'ਤੇ ਉਕਤ ਚੈਨਲ 'ਤੇ ਵੀ ਕਾਨੂੰਨੀ ਕਾਰਵਾਈ ਕਰਨ ਦਾ ਵਿਚਾਰ ਕੀਤਾ ਜਾ ਰਿਹਾ ਹੈ।

ਇਥੇ ਇਹ ਵੀ ਧਿਆਨਦੇਣ ਯੋਗ ਹੈ ਕਿ ਕੇਂਦਰੀ ਸਿਹਤ ਮੰਤਰਾਲਾ ਵੱਲੋਂ ਭੇਜੀਆਂ ਜਾ ਰਹੀਆਂ ਲਿਸਟਾਂ ਵਿਚ ਕਈ ਜ਼ਿਲਿਆਂ ਵਿਚ ਅਜਿਹੀ ਪ੍ਰੇਸ਼ਾਨੀ ਸਾਹਮਣੇ ਆ ਰਹੀ ਹੈ ਕਿ ਇਥੇ ਸਪੱਸ਼ਟ ਨਾ ਹੋਣ ਕਾਰਣ ਵਿਦੇਸ਼ਾਂ ਦੀ ਯਾਤਰਾ ਕਰ ਕੇ ਆਏ ਲੋਕਾਂ ਨੂੰ ਲੱਭਣ ਵਿਚ ਪ੍ਰੇਸ਼ਾਨੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਰਾਹਤ ਦੀ ਗੱਲ ਇਹ ਹੈ ਕਿ ਅਜੇ ਤੱਕ ਜ਼ਿਲੇ ਵਿਚ 1 ਵੀ ਕੋਰੋਨਾ ਵਾਇਰਸ ਦਾ ਪਾਜ਼ੇਟਿਵ ਮਰੀਜ਼ ਸਾਹਮਣੇ ਨਹੀਂ ਆਇਆ। ਦੂਜੇ ਪਾਸੇ ਪ੍ਰਸ਼ਾਸਨ ਵਲੋਂ ਮਾਲ, ਸਬਜ਼ੀ ਮੰਡੀ ਆਦਿ ਬੰਦ ਕੀਤੇ ਜਾਣ ਦੇ ਨਿਰਦੇਸ਼ਾਂ ਤਹਿਤ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਲੋਕ ਦੇਰ ਸ਼ਾਮ ਖਰੀਦਦਾਰੀ ਲਈ ਨਿਕਲ ਪਏ। ਦੂਜੇ ਪਾਸੇ ਪ੍ਰਸ਼ਾਸਨ ਨੇ ਕਿਹਾ ਕਿ ਰੇਹੜੀਆਂ ਵਾਲੇ ਸਬਜ਼ੀਆਂ ਦੀ ਵਿਕਰੀ ਗਲੀ-ਮੁਹੱਲਿਆਂ ਵਿਚ ਜਾ ਕੇ ਕਰ ਸਕਣਗੇ।


Baljeet Kaur

Content Editor

Related News