ਪ੍ਰੇਮੀ ਜੋੜੇ ਨੇ ਲਿਆ ਫਾਹ

Friday, Aug 17, 2018 - 05:52 AM (IST)

ਸੰਗਰੂਰ,   (ਬੇਦੀ, ਹਰਜਿੰਦਰ)–  ਬੀਤੀ ਰਾਤ ਪਿੰਡ ਬਹਾਦਰਪੁਰ ਵਿਖੇ ਇਕ ਪ੍ਰੇਮੀ ਜੋੜੇ ਨੇ ਦਰੱਖ਼ਤ ਨਾਲ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾਂ ਦੀ ਪਛਾਣ ਸੰਦੀਪ ਕੌਰ ਪੁੱਤਰੀ ਕਿਰਪਾ ਸਿੰਘ ਅਤੇ ਚਮਕੌਰ ਸਿੰਘ ਪੁੱਤਰ ਸਵ. ਹਰਨੇਕ ਸਿੰਘ ਵਾਸੀ ਬਹਾਦਰਪੁਰ ਵਜੋਂ ਹੋਈ ਹੈ। ਜਦੋਂਕਿ ਇਸ ਲੜਕੀ ਦੀ ਵੱਡੀ ਭੈਣ ਹਰਦੀਪ ਕੌਰ ਅਤੇ ਪਿੰਡ ਦਾ ਹੀ ਇਕ ਨੌਜਵਾਨ ਜਗਤਾਰ ਸਿੰਘ ਪੁੱਤਰ ਬਿੰਦਰ ਸਿੰਘ ਵਾਸੀ ਬਹਾਦਰਪੁਰ ਪ੍ਰੇਮ ਸੰਬੰਧਾਂ ਕਾਰਨ ਫਰਾਰ ਹਨ।PunjabKesari

 


ਮ੍ਰਿਤਕ ਸੰਦੀਪ ਕੌਰ ਦੇ ਪਿਤਾ ਕਿਰਪਾ ਸਿੰਘ ਨਿਵਾਸੀ ਬਹਾਦਰਪੁਰ ਨੇ ਦੱਸਿਆ ਕਿ ਉਸ ਦੀ ਲੜਕੀ ਨੇ ਰਾਤ ਨੂੰ ਦਾੜ ਦਰਦ ਹੋਣ ਦਾ ਕਹਿ ਕੇ ਚੂਰੀ ਕੁੱਟ ਕੇ ਸਾਰੇ ਪਰਿਵਾਰ ਨੂੰ ਖਵਾ ਦਿੱਤੀ। ਚੂਰੀ ਖਾਣ ਸਾਰ ਸਾਰੇ ਪਰਿਵਾਰ ਨੂੰ ਇਕ ਦਮ ਗੂੜ੍ਹੀ ਨੀਂਦ ਆ ਗਈ। ਜਦੋਂ ਹੀ ਉਨ੍ਹਾਂ ਦੀ ਸਵੇਰੇ ਜਾਗ ਖੁੱਲ੍ਹੀ ਤਾਂ ਬਾਹਰਲਾ ਦਰਵਾਜ਼ਾ ਖੁੱਲ੍ਹਾ ਦੇਖ ਕੇ ਉਹ ਘਬਰਾ ਗਏ। ਉਨ੍ਹਾਂ ਜਦੋਂ ਘਰ ਅੰਦਰ ਦੇਖਿਆ ਤਾਂ ਉਸ ਦੀਆਂ ਦੋਵੇਂ ਕੁੜੀਆਂ ਨਹੀਂ ਸਨ। ਕੁੱਝ ਦੇਰ ਬਾਅਦ ਸਰਪੰਚ ਕਾਲਾ ਸਿੰਘ ਦਾ ਫੋਨ ਆਇਆ ਕਿ ਤੁਹਾਡੀ ਛੋਟੀ ਲੜਕੀ ਤੇ ਲੜਕਾ ਚਮਕੌਰ ਸਿੰਘ ਦੋਵੇਂ ਸ਼ਮਸ਼ਾਨਘਾਟ ਵਿਖੇ ਦਰੱਖ਼ਤ ਨਾਲ ਲਟਕ ਰਹੇ ਹਨ, ਜਿਨ੍ਹਾਂ ਨੇ ਖੁਦਕੁਸ਼ੀ ਕਰ ਲਈ ਹੈ। ਉਸ ਨੇ ਦੋਸ਼ ਲਾਇਆ ਕਿ ਉਸ ਦੀ ਵੱਡੀ ਲੜਕੀ ਹਰਦੀਪ ਕੌਰ ਨੂੰ ਪਿੰਡ ਦਾ ਹੀ ਜਗਤਾਰ ਸਿੰਘ ਪੁੱਤਰ ਬਿੰਦਰ ਸਿੰਘ ਵਰਗਲਾ ਕੇ ਲੈ ਗਿਆ ਹੈ ਕਿਉਂਕਿ ਪਹਿਲਾਂ ਵੀ ਜਗਤਾਰ ਸਿੰਘ ਹੀ ਉਸ ਦੀ ਲੜਕੀ ਹਰਦੀਪ ਕੌਰ ਨੂੰ ਆਪਣੇ ਘਰ ਲੈ ਗਿਆ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਲੜਕੀ ਤੇ ਲੜਕੇ ਦੇ ਅੰਤਰ-ਜਾਤੀ ਪ੍ਰੇਮ ਸਬੰਧ ਸਨ। ਇਹ ਦੋਵੇਂ ਆਪਸ 'ਚ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਦੋਵਾਂ ਦੇ ਪਰਿਵਾਰ ਇਹ ਨਹੀਂ ਸਨ ਚਾਹੁੰਦੇ ਕਿ ਇਨ੍ਹਾਂ ਦਾ ਪਿੰਡ ਵਿਚ ਹੀ ਵਿਆਹ ਹੋਵੇ।
ਓਧਰ ਇਸ ਸਬੰਧੀ ਐੱਸ. ਐੱਚ. ਓ. ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਦੋਵੇਂ ਪਰਿਵਾਰਾਂ ਦੇ ਬਿਆਨ ਲੈਣ ਉਪਰੰਤ ਧਾਰਾ 174 ਤਹਿਤ ਕਾਰਵਾਈ ਕਰ ਕੇ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਗਈਆਂ ਹਨ।


Related News