ਪੰਜਾਬ: ਨਸ਼ੇ ਨੇ ਖੋਹ ਲਿਆ ਮਾਂ ਦਾ ਆਖਰੀ ਸਹਾਰਾ! ਨੌਜਵਾਨ ਦੀ ਸ਼ੱਕੀ ਹਾਲਾਤ ''ਚ ਮੌਤ
Sunday, Aug 09, 2026 - 06:47 PM (IST)
ਔੜ/ਚੱਕਦਾਨਾ (ਛਿੰਜੀ ਲੜੋਆ)- ਚੱਕਦਾਨਾ ਨੇੜੇ ਪੈਂਦੇ ਪਿੰਡ ਬਖਲੌਰ ਤੋਂ ਇਕ ਬੇਹੱਦ ਦੁੱਖ਼ਦਾਈ ਅਤੇ ਦਿਲ ਨੂੰ ਝੰਜੋੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਿੰਡ ਦੇ ਇਕ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਮਾਤਾ ਰਾਣੀ ਨੇ ਰੋਂਦਿਆਂ ਜਾਣਕਾਰੀ ਦਿੰਦੇ ਦੱਸਿਆ ਕਿ ਉਸ ਦਾ ਮਨਪ੍ਰੀਤ ਸਿੰਘ (22) ਉਰਫ਼ ਈਨਾ ਸਵੇਰੇ ਕਰੀਬ 8 ਵਜੇ ਘਰੋਂ ਗਿਆ ਸੀ। ਕੁਝ ਦੇਰ ਬਾਅਦ ਉਹ ਬਖਲੌਰ ਤੋਂ ਰਟੈਂਡਾ ਵੱਲ ਜਾਂਦੀ ਨਹਿਰ ਨਾਲ ਜਾਂਦੀ ਸੜਕ 'ਤੇ ਡਿੱਗਿਆ ਹੋਇਆ ਮਿਲਿਆ। ਇਥੋਂ ਲੰਘ ਰਹੇ ਕਿਸੇ ਰਾਹਗੀਰ ਨੇ ਉਸ ਦੀ ਫੋਟੋ ਖਿੱਚ ਕੇ ਨਜ਼ਦੀਕ ਕੰਮ ਕਰ ਰਹੇ ਨਰੇਗਾ ਮਜ਼ਦੂਰਾਂ ਨੂੰ ਵਿਖਾਈ, ਫਿਰ ਨੌਜਵਾਨ ਦੀ ਪਛਾਣ ਹੋ ਸਕੀ।
ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਅਹਿਮ ਖ਼ਬਰ! ਪੌਂਗ ਡੈਮ 'ਚ ਪਾਣੀ ਦੇ ਪੱਧਰ ਨੂੰ ਲੈ ਕੇ ਵੱਡੀ ਅਪਡੇਟ ਜਾਰੀ
ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਜਦੋਂ ਉਸ ਦੇ ਬੱਚੇ ਹਾਲੇ ਛੋਟੀ ਉਮਰ ਦੇ ਸਨ ਤਾਂ ਉਸ ਦੇ ਪਤੀ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਸ ਨੇ ਬੜੀ ਮੁਸ਼ਕਿਲ ਨਾਲ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕੀਤਾ ਪਰ ਕਿਸਮਤ ਨੇ ਉਸ ਦਾ ਸਾਥ ਨਾ ਦਿੱਤਾ ਕਿ ਉਸ ਦਾ ਇਕ ਵੱਡਾ ਪੁੱਤਰ ਸੱਪ ਦੇ ਡੰਗ ਮਾਰਨ ਕਾਰਨ ਆਪਣੀ ਜਾਨ ਗੁਆ ਗਿਆ ਅਤੇ ਹੁਣ ਮਨਪ੍ਰੀਤ ਦੀ ਮੌਤ ਨਾਲ ਉਸ ਦਾ ਦੂਜਾ ਅਤੇ ਆਖਰੀ ਸਹਾਰਾ ਵੀ ਉਸ ਤੋਂ ਹਮੇਸ਼ਾ ਲਈ ਖ਼ਤਮ ਹੋ ਗਿਆ। ਪੁੱਤਰ ਦੀ ਮੌਤ ਤੋਂ ਬਾਅਦ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਇਥੇ ਵਰਨਣਯੋਗ ਹੈ ਕਿ ਪਰਿਵਾਰ ਦੀ ਆਰਥਿਕ ਹਾਲਤ ਵੀ ਬੇਹੱਦ ਤਰਸਯੋਗ ਹੈ ਕਿਉਂਕਿ ਪੀੜਤ ਮਾਂ ਮਿਹਨਤ-ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰ ਰਹੀ ਹੈ, ਜਿਸ ਦਾ ਮਕਾਨ ਵੀ ਪੂਰੀ ਤਰਾਂ ਪੱਕਾ ਨਹੀਂ ਹੈ, ਹੁਣ ਪੁੱਤਰ ਦੀ ਮੌਤ ਤੋਂ ਬਾਅਦ ਉਹ ਬਿਲਕੁਲ ਇਕੱਲੀ ਰਹਿ ਗਈ ਹੈ, ਜਿਨ੍ਹਾਂ ਹੱਥਾਂ ਨੇ ਬੱਚਿਆਂ ਨੂੰ ਪਾਲਿਆ ਅੱਜ ਉਹੀ ਹੱਥ ਸਹਾਰੇ ਲਈ ਤਰਸ ਰਹੇ ਹਨ।
ਇਹ ਵੀ ਪੜ੍ਹੋ: ਬਦਲ ਜਾਣਗੇ ਪੰਜਾਬ ਦੇ ਸਿਆਸੀ ਸਮੀਕਰਨ! 'ਸੰਜੀਵਨੀ' ਵਾਂਗ ਕੰਮ ਕਰ ਸਕਦੈ SAD-BJP ਦਾ ਗਠਜੋੜ
ਪਿੰਡ 'ਚ ਇਹ ਵੀ ਚਰਚਾ ਹੈ ਕਿ ਨੌਜਵਾਨ ਕੁਝ ਨਸ਼ਾ ਲੈਣ ਦਾ ਆਦੀ ਵੀ ਸੀ, ਜਿਸ ਕਾਰਨ ਕੁਝ ਲੋਕ ਉਸ ਦੀ ਮੌਤ ਨੂੰ ਨਸ਼ੇ ਦੀ ਵੱਧ ਮਾਤਰਾ ਨਾਲ ਜੋੜ ਕੇ ਵੀ ਵੇਖ ਰਹੇ ਹਨ। ਘਟਨਾ ਮਗਰੋਂ ਇਕੱਠੇ ਹੋਏ ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮ੍ਰਿਤਕ ਦੀ ਮਾਤਾ ਦੀ ਮੌਜੂਦਾ ਹਾਲਤ ਨੂੰ ਵੇਖਦਿਆਂ ਉਸ ਨੂੰ ਹਰ ਸੰਭਵ ਸਰਕਾਰੀ ਸਹਾਇਤਾ ਮੁਹੱਈਆ ਕਰਵਾਈ ਜਾਵੇ। ਲੋਕਾਂ ਨੇ ਕਿਹਾ ਕਿ ਬੁੱਢੀ ਮਾਂ ਕੋਲ ਹੁਣ ਕੋਈ ਸਹਾਰਾ ਨਹੀਂ ਰਿਹਾ, ਜਿਸ ਕਰਕੇ ਉਸ ਦੇ ਮਕਾਨ ਨੂੰ ਪੱਕਾ ਕਰਵਾਉਣ ਲਈ ਸਰਕਾਰੀ ਯੋਜਨਾ ਤਹਿਤ ਸਹਾਇਤਾ ਦਿੱਤੀ ਜਾਵੇ ਅਤੇ ਉਸ ਨੂੰ ਯੋਗਤਾ ਮੁਤਾਬਕ ਰਿਹਾਇਸ਼, ਪੈਨਸ਼ਨ, ਰਾਸ਼ਨ ਅਤੇ ਹੋਰ ਸਰਕਾਰੀ ਸਹੂਲਤਾਂ ਨਾਲ ਜੋੜਿਆ ਜਾਵੇ ਤਾਂ ਜੋ ਉਹ ਆਪਣੀ ਬਾਕੀ ਜ਼ਿੰਦਗੀ ਚੰਗੇ ਹਾਲਾਤ 'ਚ ਬਤੀਤ ਕਰ ਸਕੇ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਇਕ ਹੋਰ ਪਾਰਟੀ ਦੀ ਐਂਟਰੀ! 2027 ਦੀਆਂ ਚੋਣਾਂ ਲੜਣ ਦਾ ਕੀਤਾ ਐਲਾਨ
ਪਿੰਡ ਵਾਸੀਆਂ ਨੇ ਸਮਾਜ ਸੇਵੀ ਸੰਸਥਾਵਾਂ, ਦਾਨੀ ਸੱਜਣਾਂ ਅਤੇ ਪ੍ਰਵਾਸੀ ਭਾਰਤੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਦੁਖ਼ੀ ਅਤੇ ਬੇਸਹਾਰਾ ਮਾਂ ਦੀ ਬਾਂਹ ਫੜਨ ਕਿਉਂਕਿ ਉਸ ਦੀ ਮਦਦ ਕਰਨਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਂ ਕੋਲ ਹੁਣ ਉਸ ਦਾ ਪੁੱਤਰ ਤਾਂ ਵਾਪਸ ਨਹੀਂ ਆ ਸਕਦਾ ਪਰ ਜੇਕਰ ਸਰਕਾਰ, ਪ੍ਰਸ਼ਾਸਨ ਅਤੇ ਸਮਾਜ ਦੇ ਸਮਰੱਥ ਲੋਕ ਅੱਗੇ ਆਉਣ ਤਾਂ ਉਸ ਦੀ ਬਾਕੀ ਜ਼ਿੰਦਗੀ ਨੂੰ ਕੁਝ ਆਸਰਾ ਜ਼ਰੂਰ ਮਿਲ ਸਕਦਾ ਹੈ।
ਇਹ ਵੀ ਪੜ੍ਹੋ: ਭਾਰਤ-ਪਾਕਿ ਬਾਰਡਰ 'ਤੇ BSF ਦੀ ਵੱਡੀ ਕਾਰਵਾਈ! ਅੰਮ੍ਰਿਤਸਰ 'ਚ ਘੁਸਪੈਠੀਏ ਨੂੰ ਕੀਤਾ ਢੇਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
