ਵਿਦੇਸ਼ ਭੇਜਣ ਤੇ ਵੀਜ਼ੇ ਲਗਵਾਉਣ ਦੇ ਨਾਂ ’ਤੇ 21 ਲੱਖ 85000 ਤੋਂ ਵੱਧ ਦੀ ਠੱਗੀ

Thursday, Jul 30, 2026 - 01:14 PM (IST)

ਵਿਦੇਸ਼ ਭੇਜਣ ਤੇ ਵੀਜ਼ੇ ਲਗਵਾਉਣ ਦੇ ਨਾਂ ’ਤੇ 21 ਲੱਖ 85000 ਤੋਂ ਵੱਧ ਦੀ ਠੱਗੀ

ਫ਼ਰੀਦਕੋਟ (ਰਾਜਨ) : ਵਿਦੇਸ਼ ਭੇਜਣ ਅਤੇ ਵੀਜ਼ੇ ਲਗਵਾਉਣ ਦੇ ਨਾਂ ’ਤੇ ਕਰੀਬ 21 ਲੱਖ 85 ਹਜ਼ਾਰ 600 ਰੁਪਏ ਦੀ ਕਥਿਤ ਠੱਗੀ ਮਾਰਨ ਦੇ ਦੋ ਵੱਖ-ਵੱਖ ਮਾਮਲਿਆਂ ਵਿਚ ਸਿਟੀ ਕੋਤਵਾਲੀ ਫ਼ਰੀਦਕੋਟ ਪੁਲਸ ਨੇ ਦੋ ਵਿਅਕਤੀਆਂ ਖ਼ਿਲਾਫ਼ ਦੋ ਮੁਕੱਦਮੇ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਵਾਂ ਮਾਮਲਿਆਂ ਵਿਚ ਨਾਮਜ਼ਦ ਮੁਲਜ਼ਮ ਕੁਮਾਰ ਅਭਿਸ਼ੇਕ ਰਾਝਾ ਅਤੇ ਵਿਮਲ ਰਾਝਾ ਵਾਸੀਆਨ ਨਿਊ ਕੈਂਟ ਰੋਡ, ਜ਼ਿਲ੍ਹਾ ਫ਼ਰੀਦਕੋਟ ਹਨ। ਦੋਵੇਂ ਸ਼ਿਕਾਇਤਾਂ ਵੱਖ-ਵੱਖ ਸ਼ਿਕਾਇਤਕਰਤਾਵਾਂ ਵੱਲੋਂ ਦਿੱਤੀਆਂ ਗਈਆਂ ਸਨ, ਜਿਨ੍ਹਾਂ ਦੀ ਪੜਤਾਲ ਉਪਰੰਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਪਹਿਲੇ ਮਾਮਲੇ ਵਿਚ ਸ਼ਿਕਾਇਤਕਰਤਾ ਭੁਪਿੰਦਰ ਸਿੰਘ ਪੁੱਤਰ ਮਨੋਹਰ ਲਾਲ ਵਾਸੀ ਪਿੰਡ ਬਰਗਾੜੀ ਨੇ ਦੋਸ਼ ਲਗਾਇਆ ਕਿ ਉਸ ਦੇ ਪੁੱਤਰ ਵਿਨੈ ਪ੍ਰਤਾਪ ਸ਼ਰਮਾ ਨੂੰ ਕੈਨੇਡਾ ਭੇਜਣ ਦਾ ਭਰੋਸਾ ਦੇ ਕੇ ਕੁਮਾਰ ਅਭਿਸ਼ੇਕ ਰਾਝਾ ਅਤੇ ਵਿਮਲ ਰਾਝਾ ਨੇ ਉਸ ਤੋਂ 2 ਲੱਖ 5 ਹਜ਼ਾਰ 600 ਰੁਪਏ ਹਾਸਲ ਕਰ ਲਏ। ਸ਼ਿਕਾਇਤ ਅਨੁਸਾਰ ਰਕਮ ਪ੍ਰਾਪਤ ਕਰਨ ਤੋਂ ਬਾਅਦ ਨਾ ਤਾਂ ਉਸ ਦੇ ਪੁੱਤਰ ਨੂੰ ਕੈਨੇਡਾ ਭੇਜਿਆ ਗਿਆ ਅਤੇ ਨਾ ਹੀ ਲਈ ਗਈ ਰਕਮ ਵਾਪਸ ਕੀਤੀ ਗਈ। ਇੱਥੋਂ ਤੱਕ ਕਿ ਜਦੋਂ ਉਨ੍ਹਾਂ ਵੱਲੋਂ ਆਪਣੀ ਰਕਮ ਵਾਪਸ ਮੰਗੀ ਗਈ ਤਾਂ ਮੁਲਜ਼ਮਾਂ ਨੇ ਪੈਸੇ ਵਾਪਸ ਕਰਨ ਦੀ ਬਜਾਏ ਕਥਿਤ ਤੌਰ ’ਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।

ਦੂਜੇ ਮਾਮਲੇ ਵਿਚ ਕੁਲਸ਼ੇਖਰ ਸ਼ਰਮਾ ਵਾਸੀ ਨਿਊ ਹਰਿੰਦਰਾ ਨਗਰ, ਫ਼ਰੀਦਕੋਟ ਨੇ ਸ਼ਿਕਾਇਤ ਵਿਚ ਦੱਸਿਆ ਕਿ ਉਹ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈ। ਉਸ ਨੇ ਆਪਣੇ ਅੱਠ ਕਲਾਇੰਟਾਂ ਦੀਆਂ ਵੀਜ਼ਾ ਫਾਈਲਾਂ ਲਗਵਾਉਣ ਲਈ ਕੁਮਾਰ ਅਭਿਸ਼ੇਕ ਰਾਝਾ ਅਤੇ ਵਿਮਲ ਰਾਝਾ ਨੂੰ ਕੁੱਲ 19 ਲੱਖ 80 ਹਜ਼ਾਰ ਰੁਪਏ ਨਕਦ ਅਤੇ ਯੂਪੀਆਈ ਰਾਹੀਂ ਅਦਾ ਕੀਤੇ ਸਨ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਮੁਲਜ਼ਮਾਂ ਨੇ ਪੂਰੀ ਰਕਮ ਪ੍ਰਾਪਤ ਕਰਨ ਦੇ ਬਾਵਜੂਦ ਕਿਸੇ ਵੀ ਕਲਾਇੰਟ ਦਾ ਵੀਜ਼ਾ ਨਹੀਂ ਲਗਵਾਇਆ ਅਤੇ ਨਾ ਹੀ ਰਕਮ ਵਾਪਸ ਕੀਤੀ। ਇਸ ਕਾਰਨ ਉਸ ਨੂੰ ਭਾਰੀ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪਿਆ।

ਦੋਵਾਂ ਮਾਮਲਿਆਂ ਦੀ ਪੜਤਾਲ ਦੌਰਾਨ ਸ਼ਿਕਾਇਤਕਰਤਾਵਾਂ ਵੱਲੋਂ ਪੇਸ਼ ਕੀਤੇ ਗਏ ਦਸਤਾਵੇਜ਼ਾਂ ਅਤੇ ਹੋਰ ਤੱਥਾਂ ਦੀ ਜਾਂਚ ਕੀਤੀ ਗਈ, ਜਿਸ ਤੋਂ ਬਾਅਦ ਸਿਟੀ ਕੋਤਵਾਲੀ ਫ਼ਰੀਦਕੋਟ ਪੁਲਸ ਨੇ ਕੁਮਾਰ ਅਭਿਸ਼ੇਕ ਰਾਝਾ ਅਤੇ ਵਿਮਲ ਰਾਝਾ ਖ਼ਿਲਾਫ਼ ਦੋ ਵੱਖ-ਵੱਖ ਮੁਕੱਦਮੇ ਦਰਜ ਕਰ ਲਏ ਹਨ। ਜ਼ਿਕਰਯੋਗ ਹੈ ਕਿ ਦੋਵੇਂ ਮਾਮਲਿਆਂ ਵਿਚ ਇੱਕੋ ਹੀ ਮੁਲਜ਼ਮਾਂ ’ਤੇ ਵਿਦੇਸ਼ ਭੇਜਣ ਅਤੇ ਵੀਜ਼ਾ ਲਗਵਾਉਣ ਦੇ ਨਾਂ ’ਤੇ ਵੱਖ-ਵੱਖ ਵਿਅਕਤੀਆਂ ਤੋਂ ਲੱਖਾਂ ਰੁਪਏ ਲੈਣ ਦੇ ਦੋਸ਼ ਲਗਾਏ ਗਏ ਹਨ। ਪਹਿਲੇ ਮਾਮਲੇ ਵਿੱਚ ਕਥਿਤ ਠੱਗੀ ਦੀ ਰਕਮ 2 ਲੱਖ 5 ਹਜ਼ਾਰ 600 ਰੁਪਏ, ਜਦਕਿ ਦੂਜੇ ਮਾਮਲੇ ਵਿੱਚ 19 ਲੱਖ 80 ਹਜ਼ਾਰ ਰੁਪਏ ਦੱਸੀ ਗਈ ਹੈ। ਦੋਵਾਂ ਮਾਮਲਿਆਂ ਨੂੰ ਮਿਲਾ ਕੇ ਕਥਿਤ ਠੱਗੀ ਦੀ ਕੁੱਲ ਰਕਮ 21 ਲੱਖ 85 ਹਜ਼ਾਰ 600 ਰੁਪਏ ਬਣਦੀ ਹੈ।


author

Gurminder Singh

Content Editor

Related News