ਗੁਰਦੁਆਰੇ ਤੋਂ ਹੋਈ ਅਨਾਊਂਸਮੈਂਟ ਮਗਰੋਂ ਵਿਅਕਤੀ ਨੇ ਚੁੱਕ ਲਿਆ ਵੱਡਾ ਕਦਮ, ਪਾਠੀ ਸਣੇ ਕਈਆਂ ’ਤੇ ਪਰਚਾ

Wednesday, Aug 05, 2026 - 04:55 PM (IST)

ਗੁਰਦੁਆਰੇ ਤੋਂ ਹੋਈ ਅਨਾਊਂਸਮੈਂਟ ਮਗਰੋਂ ਵਿਅਕਤੀ ਨੇ ਚੁੱਕ ਲਿਆ ਵੱਡਾ ਕਦਮ, ਪਾਠੀ ਸਣੇ ਕਈਆਂ ’ਤੇ ਪਰਚਾ

ਲਾਲੜੂ (ਗੁਰਜੀਤ) : ਲਾਲੜੂ ਨੇੜਲੇ ਪਿੰਡ ਬੜਾਣਾ ’ਚ 55 ਸਾਲਾ ਵਿਅਕਤੀ ਦੀ ਖ਼ੁਦਕੁਸ਼ੀ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਹੰਡੇਸਰਾ ਪੁਲਸ ਨੇ ਮ੍ਰਿਤਕ ਦੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਪਿੰਡ ਦੇ ਗੁਰਦੁਆਰੇ ਦੇ ਪਾਠੀ ਪਰਵਿੰਦਰ ਸਿੰਘ, ਗੁਰਜੀਤ ਸਿੰਘ ਪੁੱਤਰ ਅਜਾਇਬ ਸਿੰਘ ਤੇ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਖ਼ੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਦੂਜੇ ਪਾਸੇ ਪਰਿਵਾਰ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੱਕ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਕਾਰਨ ਪਿੰਡ ’ਚ ਤਣਾਅਪੂਰਨ ਮਾਹੌਲ ਬਣਿਆ ਹੋਇਆ ਹੈ। ਪਰਿਵਾਰ ਦਾ ਦੋਸ਼ ਹੈ ਕਿ ਜਸਵਿੰਦਰ ਸਿੰਘ ਉਰਫ਼ ਜੱਸੂ ਨੂੰ ਪਹਿਲਾਂ ਗੁਰਦੁਆਰੇ ਤੋਂ ਅਨਾਊਂਸਮੈਂਟ ਕਰਕੇ ਬਦਨਾਮ ਕੀਤਾ ਗਿਆ ਤੇ ਬਾਅਦ ’ਚ ਕੁਝ ਵਿਅਕਤੀਆਂ ਵੱਲੋਂ ਧਮਕਾਇਆ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਘਟਨਾਵਾਂ ਤੋਂ ਬਾਅਦ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋ ਗਿਆ ਤੇ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋਇਆ। ਜੱਸੂ ਦੀ ਲਾਸ਼ ਐਤਵਾਰ ਰਾਤ ਪਿੰਡ ਦੀ ਪੰਚਾਇਤੀ ਜ਼ਮੀਨ ਵਿੱਚ ਅੰਬ ਦੇ ਦਰੱਖ਼ਤ ਨਾਲ ਲਟਕਦੀ ਮਿਲੀ ਸੀ।

ਮ੍ਰਿਤਕ ਦੇ ਪੁੱਤਰ ਤਲਵਿੰਦਰ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਦੋਸ਼ ਲਾਇਆ ਕਿ 1 ਅਗਸਤ ਨੂੰ ਉਸ ਦੇ ਪਿਤਾ ਨੂੰ ਗੁਰਦੁਆਰੇ ’ਚ ਬੁਲਾ ਕੇ ਡਰਾਇਆ-ਧਮਕਾਇਆ ਗਿਆ, ਬੁਰਾ-ਭਲਾ ਕਿਹਾ ਗਿਆ ਤੇ ਝੂਠੇ ਦੋਸ਼ ਲਾਏ ਗਏ। ਇਸ ਤੋਂ ਬਾਅਦ ਉਹ ਲਗਾਤਾਰ ਮਾਨਸਿਕ ਤਣਾਅ ’ਚ ਰਹੇ ਤੇ ਅਗਲੇ ਦਿਨ ਖ਼ੁਦਕੁਸ਼ੀ ਕਰ ਲਈ।

ਧਾਰਾ 108 ਤਹਿਤ ਕੇਸ ਦਰਜ, ਜਾਂਚ ਜਾਰੀ : ਐੱਸ.ਐੱਚ.ਓ.

ਹੰਡੇਸਰਾ ਥਾਣਾ ਮੁਖੀ ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਬੀ.ਐਨ.ਐੱਸ. ਦੀ ਧਾਰਾ 108 ਤਹਿਤ ਪਾਠੀ ਪਰਵਿੰਦਰ ਸਿੰਘ, ਗੁਰਜੀਤ ਸਿੰਘ ਤੇ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

 


author

Gurminder Singh

Content Editor

Related News