ਦੋ ਕਾਰਾਂ ਤੇ ਰੋਡਵੇਜ਼ ਬੱਸ ਵਿਚਾਲੇ ਭਿਆਨਕ ਟੱਕਰ, ਅਚਾਨਕ ਲਿਆ ਯੂ-ਟਰਨ ਬਣਿਆ ਕਾਰਨ

Thursday, Jul 30, 2026 - 02:12 PM (IST)

ਦੋ ਕਾਰਾਂ ਤੇ ਰੋਡਵੇਜ਼ ਬੱਸ ਵਿਚਾਲੇ ਭਿਆਨਕ ਟੱਕਰ, ਅਚਾਨਕ ਲਿਆ ਯੂ-ਟਰਨ ਬਣਿਆ ਕਾਰਨ

ਖਰੜ (ਰਣਬੀਰ) : ਖਰੜ-ਲੁਧਿਆਣਾ ਰੋਡ ਪਿੰਡ ਖ਼ਾਨਪੁਰ, ਨਗਰ ਕੌਂਸਲ ਦਫ਼ਤਰ ਨੇੜੇ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਇਕ ਵੱਡੇ ਸੜਕ ਹਾਦਸੇ ਦਾ ਕਾਰਨ ਬਣ ਗਈ। ਜਾਣਕਾਰੀ ਮੁਤਾਬਕ ਕਾਰ ਚਾਲਕ ਵੱਲੋਂ ਅਚਾਨਕ ਯੂ-ਟਰਨ ਲੈਣ ਦੀ ਕੋਸ਼ਿਸ਼ ਦੌਰਾਨ ਦੋ ਕਾਰਾਂ ਤੇ ਪੰਜਾਬ ਰੋਡਵੇਜ਼ ਦੀ ਬੱਸ ਵਿਚਕਾਰ ਭਿਆਨਕ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਰੋਡਵੇਜ਼ ਦੀ ਬੱਸ ਬੇਕਾਬੂ ਹੋ ਕੇ ਜਿੱਥੇ ਸੜਕ ਤੋਂ ਹੇਠਾਂ ਉਤਰ ਗਈ ਅਤੇ ਨੇੜੇ ਖਾਲੀ ਪਲਾਟ ਦੀ ਕੰਧ ਨੂੰ ਤੋੜਦੀ ਹੋਈ ਖੱਡ ’ਚ ਜਾ ਵੜੀ। ਦੂਜੇ ਪਾਸੇ ਐੱਮ.ਜੀ. ਹੈਕਟਰ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ’ਚ ਕਾਰ ਦਾ ਚਾਲਕ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ, ਜਦਕਿ ਹੋਰ ਵਾਹਨਾਂ ’ਚ ਸਵਾਰ ਕਈ ਲੋਕਾਂ ਨੂੰ ਵੀ ਸੱਟਾਂ ਲੱਗੀਆਂ। ਇਸ ਹਾਦਸੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸੂਚਨਾ ਮਿਲਦਿਆਂ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਤੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਣ ਦੇ ਨਾਲ-ਨਾਲ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ਨੰਬਰ ਦੀ ਚਿੱਟੇ ਰੰਗ ਦੀ ਆਲਟੋ ਕਾਰ ਖਰੜ ਤੋਂ ਲੁਧਿਆਣਾ ਵੱਲ ਜਾ ਰਹੀ ਸੀ।

ਜਿਵੇਂ ਹੀ ਆਲਟੋ ਪਿੰਡ ਖ਼ਾਨਪੁਰ ਨੇੜੇ ਫਲਾਈਓਵਰ ਤੋਂ ਪਹਿਲਾਂ ਬਣੇ ਯੂ-ਟਰਨ 'ਤੇ ਪਹੁੰਚੀ ਤਾਂ ਚਾਲਕ ਨੇ ਅਚਾਨਕ ਗੱਡੀ ਮੋੜਨ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਪਿੱਛੇ ਤੋਂ ਆ ਰਹੀ ਲੁਧਿਆਣਾ ਨੰਬਰ ਦੀ ਐੱਮ. ਜੀ. ਹੈਕਟਰ ਕਾਰ ਦੇ ਚਾਲਕ ਨੂੰ ਸੰਭਲਣ ਦਾ ਮੌਕਾ ਹੀ ਨਾ ਮਿਲਿਆ ਤੇ ਉਸ ਦੀ ਕਾਰ ਆਲਟੋ ਨਾਲ ਟਕਰਾ ਗਈ। ਟੱਕਰ ਤੋਂ ਬਾਅਦ ਹੈਕਟਰ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਉਹ ਡਿਵਾਈਡਰ ਪਾਰ ਕਰਕੇ ਦੂਜੀ ਲੇਨ ’ਚ ਚਲੀ ਗਈ, ਜਿੱਥੇ ਸਾਹਮਣੇ ਤੋਂ ਲੁਧਿਆਣਾ ਤੋਂ ਚੰਡੀਗੜ੍ਹ ਵੱਲ ਆ ਰਹੀ ਮੋਗਾ ਡਿਪੂ ਦੀ ਪੰਜਾਬ ਰੋਡਵੇਜ਼ ਬੱਸ ਨਾਲ ਉਸ ਦੀ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ਤੋਂ ਬਾਅਦ ਬੱਸ ’ਚ ਸਵਾਰ ਯਾਤਰੀਆਂ ’ਚ ਹਫੜਾ-ਦਫੜੀ ਮਚ ਗਈ। ਬੱਸ ਚਾਲਕ ਨੇ ਵਾਹਨ 'ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਟੱਕਰ ਤੋਂ ਬਾਅਦ ਬੱਸ ਸੜਕ ਤੋਂ ਹੇਠਾਂ ਉਤਰ ਗਈ ਤੇ ਖਾਲੀ ਪਲਾਟ ਦੀ ਕੰਧ ਤੋੜਦੀ ਹੋਈ ਖੱਡ ’ਚ ਜਾ ਰੁਕੀ।

ਉੱਥੇ ਹੀ ਐੱਮ.ਜੀ. ਹੈਕਟਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨੀ ਗਿਆ। ਕਾਰ ਚਾਲਕ ਦੀਆਂ ਦੋਵੇਂ ਲੱਤਾਂ ਗੱਡੀ ’ਚ ਫਸ ਗਈਆਂ। ਘਟਨਾ ਦਾ ਪਤਾ ਲੱਗਦਿਆਂ ਹੀ ਮੌਕੇ ’ਤੇ ਇਕੱਠੇ ਹੋਏ ਸਥਾਨਕ ਲੋਕਾਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਉਸ ਨੂੰ ਬਾਹਰ ਕੱਢਿਆ ਤੇ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ। ਸੂਚਨਾ ਮਿਲਦੇ ਹੀ ਪੁਲਸ ਟੀਮ ਵੀ ਮੌਕੇ 'ਤੇ ਪਹੁੰਚ ਗਈ ਤੇ ਹਾਦਸਾਗ੍ਰਸਤ ਵਾਹਨਾਂ ਨੂੰ ਹਟਵਾ ਕੇ ਆਵਾਜਾਈ ਮੁੜ ਸੁਚਾਰੂ ਕਰਵਾਈ। ਹਾਦਸੇ ਕਾਰਨ ਕੁਝ ਸਮੇਂ ਲਈ ਨੈਸ਼ਨਲ ਹਾਈਵੇ ''ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਥਾਣਾ ਸਿਟੀ ਖਰੜ ਦੇ ਜਾਂਚ ਅਧਿਕਾਰੀ ਲਖਵਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਸੜਕ ਹਾਦਸੇ ਸਬੰਧੀ ਦੋਵੇਂ ਧਿਰਾਂ ਨੇ ਫਿਲਹਾਲ ਕਿਸੇ ਵੀ ਤਰ੍ਹਾਂ ਦੀ ਪੁਲਸ ਕਾਰਵਾਈ ਕਰਵਾਉਣ ਤੋਂ ਇਨਕਾਰ ਕੀਤਾ ਹੈ। ਇਸ ਦੇ ਬਾਵਜੂਦ ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਨਿਯਮਾਂ ਅਨੁਸਾਰ ਜਾਂਚ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News