ਰਾਜਾ ਵੜਿੰਗ ਨੇ ਮਾਈਕ 'ਚ ਲਗਵਾਏ ਚੰਨੀ ਦੇ ਨਾਅਰੇ! ਸਟੇਜ 'ਤੇ ਬੁਲਾਇਆ ਬੰਦਾ, ਡਾਇਲ ਕਰਵਾ ਲਿਆ ਨੰਬਰ (ਵੀਡੀਓ)

Monday, Aug 03, 2026 - 02:10 PM (IST)

ਰਾਜਾ ਵੜਿੰਗ ਨੇ ਮਾਈਕ 'ਚ ਲਗਵਾਏ ਚੰਨੀ ਦੇ ਨਾਅਰੇ! ਸਟੇਜ 'ਤੇ ਬੁਲਾਇਆ ਬੰਦਾ, ਡਾਇਲ ਕਰਵਾ ਲਿਆ ਨੰਬਰ (ਵੀਡੀਓ)

ਬਠਿੰਡਾ (ਵੈੱਬ ਡੈਸਕ, ਵਿਜੈ ਵਰਮਾ) : ਪੰਜਾਬ ਕਾਂਗਰਸ 'ਚ ਧੜੇਬੰਦੀ ਇਕ ਵਾਰ ਫਿਰ ਖੁੱਲ੍ਹ ਕੇ ਸਾਹਮਣੇ ਆਈ ਹੈ। ਬਠਿੰਡਾ 'ਚ ਇਕ ਸਮਾਗਮ ਦੌਰਾਨ ਉਸ ਸਮੇਂ ਹੈਰਾਨੀਜਨਕ ਹਾਲਾਤ ਬਣ ਗਏ, ਜਦੋਂ ਸੂਬਾ ਲੀਡਰਸ਼ਿਪ ਦੇ ਸਾਹਮਣੇ ਇਕ ਵਰਕਰ ਵਲੋਂ ਚਰਨਜੀਤ ਚੰਨੀ ਦੇ ਹੱਕ 'ਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਜਾਣਕਾਰੀ ਮੁਤਾਬਕ ਗੋਨਿਆਣਾ ਵਿਖੇ ਰਾਜਾ ਵੜਿੰਗ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਵਲੋਂ ਮੀਟਿੰਗ ਰੱਖੀ ਗਈ ਸੀ। ਇਸ ਮੀਟਿੰਗ ਦੌਰਾਨ ਰਾਜਾ ਵੜਿੰਗ ਦਾ ਜ਼ਬਰਦਸਤ ਵਿਰੋਧ ਸ਼ੁਰੂ ਹੋ ਗਿਆ ਅਤੇ ਵਰਕਰ ਵਲੋਂ ਚਰਨਜੀਤ ਚੰਨੀ ਜ਼ਿੰਦਾਬਾਦ ਦੇ ਨਾਲ ਭੂਪੇਸ਼ ਗੋ ਬੈਕ ਅਤੇ ਰਾਜਾ ਵੜਿੰਗ ਮੁਰਦਾਬਾਦ ਦੇ ਨਾਅਰੇ ਲਾਏ ਗਏ। ਇਸ ਤੋਂ ਬਾਅਦ ਰਾਜਾ ਵੜਿੰਗ ਨੇ ਸ਼ਾਂਤ ਤਰੀਕੇ ਨਾਲ ਨਾਅਰੇ ਲਾਉਣ ਵਾਲੇ ਨੌਜਵਾਨ ਨੂੰ ਸਟੇਜ 'ਤੇ ਬੁਲਾ ਲਿਆ ਅਤੇ ਉਸ ਨੂੰ ਕਿਹਾ ਕਿ ਜ਼ਰਾ ਚੰਨੀ ਸਾਹਿਬ ਨੂੰ ਫੋਨ ਲਗਾਓ। ਇਸ 'ਤੇ ਨੌਜਵਾਨ ਨੇ ਸਟੇਜ ਤੋਂ ਹੀ ਆਪਣੇ ਮੋਬਾਇਲ ਤੋਂ ਚਰਨਜੀਤ ਚੰਨੀ ਨੂੰ ਫੋਨ ਮਿਲਾਇਆ ਪਰ ਦੂਜੇ ਪਾਸਿਓਂ ਫੋਨ ਨਹੀਂ ਚੁੱਕਿਆ ਗਿਆ। ਇਸ ਤੋਂ ਬਾਅਦ ਰਾਜਾ ਵੜਿੰਗ ਨੇ ਉਸ ਸਮਰਥਕ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤੂੰ ਹੁਣ ਮੇਰਾ ਨੰਬਰ ਲੈ ਲਾ, ਜਦੋਂ ਵੀ ਤੈਨੂੰ ਕਿਸੇ ਕੰਮ ਦੀ ਲੋੜ ਹੋਵੇ, ਮੈਨੂੰ ਸਿੱਧਾ ਫੋਨ ਕਰ ਲਈਂ। ਰਾਜਾ ਵੜਿੰਗ ਨੇ ਉਸ ਸਮਰਥਕ ਨੂੰ ਮਾਈਕ ਫੜ੍ਹਾਉਂਦਿਆਂ ਕਿਹਾ ਕਿ ਹੁਣ ਤੂੰ ਸਪੀਕਰ 'ਚ ਨਾਅਰਾ ਲਾ। ਇਸ 'ਤੇ ਉਕਤ ਸਮਰਥਕ ਨੇ ਮਾਈਕ ਫੜ੍ਹਦਿਆਂ ਫਿਰ ਚੰਨੀ ਜ਼ਿੰਦਾਬਾਦ, ਕਾਂਗਰਸ ਪਾਰਟੀ ਜ਼ਿੰਦਾਬਾਦ ਅਤੇ ਰਾਹੁਲ ਗਾਂਧੀ ਜ਼ਿੰਦਾਬਾਦ ਦੇ ਜ਼ੋਰਦਾਰ ਨਾਅਰੇ ਲਾਏ। ਇਹ ਘਟਨਾ ਇਕ ਵਾਰ ਫਿਰ ਕਾਂਗਰਸ ਦੇ ਅੰਦਰੂਨੀ ਹਲਕਿਆਂ 'ਚ ਵੱਡੀ ਚਰਚਾ ਦਾ ਵਿਸ਼ਾ ਬਣਾ ਗਈ ਹੈ। ਇਸ ਘਟਨਾ ਦੌਰਾਨ ਜਿੱਥੇ ਰਾਜਾ ਵੜਿੰਗ ਵਲੋਂ ਸਥਿਤੀ ਨੂੰ ਸੰਭਾਲ ਦੀ ਕੋਸ਼ਿਸ਼ ਕੀਤੀ ਗਈ, ਉੱਥੇ ਹੀ ਦੂਜੇ ਪਾਸੇ ਵਰਕਰਾਂ ਦੇ ਮਨਾਂ 'ਚ ਚਰਨਜੀਤ ਚੰਨੀ ਪ੍ਰਤੀ ਵਫ਼ਾਦਾਰੀ ਅਤੇ ਪਾਰਟੀ ਅੰਦਰਲੀ ਧੜੇਬੰਦੀ ਇਕ ਵਾਰ ਫਿਰ ਖੁੱਲ੍ਹ ਕੇ ਜੱਗ-ਜ਼ਾਹਰ ਹੋ ਗਈ।

ਇਹ ਵੀ ਪੜ੍ਹੋ : ਪੰਜਾਬ 'ਚ 3 ਦਿਨ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਸੂਬਾ ਵਾਸੀ ਹੋ ਜਾਣ ALERT, ਘਰੋਂ ਨਿਕਲਣ ਤੋਂ ਪਹਿਲਾਂ...

‘ਇੱਕਜੁੱਟਤਾ’ ਦੀ ਮੀਟਿੰਗ 'ਚ ਹੀ ਉੱਠੇ ਵੱਖਰੇ ਸੁਰ

ਕਾਂਗਰਸ ਵੱਲੋਂ ‘ਹਰ ਬੂਥ ਕਾਂਗਰਸ ਮਜ਼ਬੂਤ’ ਦਾ ਨਾਅਰਾ ਦੇ ਕੇ ਵਰਕਰਾਂ ਨੂੰ ਇਕ ਮੰਚ ’ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜਿਹੇ 'ਚ ਮੀਟਿੰਗ ਦੌਰਾਨ ਕਿਸੇ ਇੱਕ ਆਗੂ ਦੇ ਹੱਕ 'ਚ ਵਾਰ-ਵਾਰ ਨਾਅਰੇਬਾਜ਼ੀ ਹੋਣਾ ਪਾਰਟੀ ਲਈ ਸਿਆਸੀ ਤੌਰ ’ਤੇ ਅਸਹਿਜ ਸਥਿਤੀ ਪੈਦਾ ਕਰਦਾ ਹੈ। ਇਸ ਘਟਨਾ ਨੇ ਇਹ ਸਵਾਲ ਵੀ ਖੜ੍ਹਾ ਕੀਤਾ ਹੈ ਕਿ ਜੇਕਰ ਪਾਰਟੀ ਦੇ ਅੰਦਰ ਹੀ ਵੱਖ-ਵੱਖ ਆਗੂਆਂ ਦੇ ਸਮਰਥਕ ਆਪਣੇ-ਆਪਣੇ ਧੜਿਆਂ ਦੇ ਨਾਅਰੇ ਲਗਾਉਂਦੇ ਰਹੇ ਤਾਂ ਕਾਂਗਰਸ ਬੂਥ ਪੱਧਰ ’ਤੇ ਕਿੰਨੀ ਮਜ਼ਬੂਤ ਹੋ ਸਕੇਗੀ। ਸਿਆਸੀ ਹਲਕਿਆਂ 'ਚ ਇਸ ਘਟਨਾ ਨੂੰ ਪੰਜਾਬ ਕਾਂਗਰਸ ਦੀ ਅੰਦਰੂਨੀ ਸਿਆਸਤ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਖ਼ਾਸ ਕਰਕੇ ਚੰਨੀ ਦੇ ਸਮਰਥਕਾਂ ਵੱਲੋਂ ਉਨ੍ਹਾਂ ਦੇ ਹੱਕ 'ਚ ਕੀਤੀ ਗਈ ਨਾਅਰੇਬਾਜ਼ੀ ਨੇ ਇਹ ਸੰਕੇਤ ਜ਼ਰੂਰ ਦਿੱਤਾ ਹੈ ਕਿ ਪਾਰਟੀ ਅੰਦਰ ਸਾਬਕਾ ਮੁੱਖ ਮੰਤਰੀ ਦੇ ਸਮਰਥਕਾਂ ਦਾ ਆਪਣਾ ਪ੍ਰਭਾਵ ਅਜੇ ਵੀ ਮੌਜੂਦ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ! ਵਿਧਾਨ ਸਭਾ 'ਚ ਹੋ ਗਿਆ ਵੱਡਾ ਐਲਾਨ

ਬਘੇਲ ਦੀ ਮੌਜੂਦਗੀ ’ਚ ਘਟਨਾ ਨੇ ਵਧਾਈ ਚਰਚਾ

ਸਭ ਤੋਂ ਅਹਿਮ ਗੱਲ ਇਹ ਰਹੀ ਕਿ ਇਹ ਸਾਰਾ ਘਟਨਾਕ੍ਰਮ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਦੀ ਮੌਜੂਦਗੀ 'ਚ ਵਾਪਰਿਆ। ਪਾਰਟੀ ਵੱਲੋਂ ਉਨ੍ਹਾਂ ਨੂੰ ਪੰਜਾਬ ਦੀ ਸੰਗਠਨਾਤਮਕ ਸਥਿਤੀ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਅਜਿਹੇ 'ਚ ਉਨ੍ਹਾਂ ਦੇ ਸਾਹਮਣੇ ਪਾਰਟੀ ਦੇ ਇੱਕ ਧੜੇ ਵੱਲੋਂ ਆਪਣੇ ਆਗੂ ਦੇ ਹੱਕ 'ਚ ਨਾਅਰੇਬਾਜ਼ੀ ਹੋਣਾ ਕਾਂਗਰਸ ਦੇ ਅੰਦਰੂਨੀ ਮਾਮਲਿਆਂ ’ਤੇ ਚਰਚਾ ਨੂੰ ਹੋਰ ਹਵਾ ਦੇ ਰਿਹਾ ਹੈ। ਦੂਜੇ ਪਾਸੇ ਪੰਜਾਬ ਕਾਂਗਰਸ ਵੱਲੋਂ ਇਸ ਘਟਨਾ ਨੂੰ ਕਿਸ ਰੂਪ 'ਚ ਲਿਆ ਜਾਂਦਾ ਹੈ ਅਤੇ ਪਾਰਟੀ ਅਨੁਸ਼ਾਸਨ ਜਾਂ ਅੰਦਰੂਨੀ ਇਕਜੁੱਟਤਾ ਨੂੰ ਲੈ ਕੇ ਅੱਗੇ ਕੀ ਰੁਖ ਅਪਣਾਇਆ ਜਾਂਦਾ ਹੈ, ਇਹ ਦੇਖਣਾ ਵੀ ਦਿਲਚਸਪ ਹੋਵੇਗਾ। ਫਿਲਹਾਲ ਗੋਨਿਆਣਾ ਦੀ ਇਹ ਮੀਟਿੰਗ ਪਾਰਟੀ ਦੀ ਬੂਥ ਮਜ਼ਬੂਤੀ ਦੀ ਬਜਾਏ ‘ਚੰਨੀ ਜ਼ਿੰਦਾਬਾਦ’ ਦੇ ਨਾਅਰਿਆਂ ਕਾਰਨ ਸਿਆਸੀ ਚਰਚਾ ਦਾ ਕੇਂਦਰ ਬਣ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News