ਪ੍ਰੇਮਿਕਾ ਨੂੰ ਮਿਲਣ ਗਏ ਪ੍ਰੇਮੀ ਨੂੰ ਗਲ਼ਾ ਘੁੱਟ ਕੇ ਉਤਾਰਿਆ ਮੌਤ ਦੇ ਘਾਟ, ਨਹਿਰ ਕਿਨਾਰੇ ਸੁੱਟੀ ਲਾਸ਼
Monday, Apr 03, 2023 - 02:28 AM (IST)
ਮੋਗਾ (ਆਜ਼ਾਦ, ਕਸ਼ਿਸ਼)-ਬੀਤੀ ਦੇਰ ਰਾਤ ਆਪਣੀ ਕਥਿਤ ਨਾਬਾਲਗ ਪ੍ਰੇਮਿਕਾ ਨੂੰ ਮਿਲਣ ਉਸ ਦੇ ਘਰ ਗਏ ਨੌਜਵਾਨ ਰਛਪਾਲ ਸਿੰਘ ਸਾਜਨ (19) ਨਿਵਾਸੀ ਪਿੰਡ ਬੱਡੂਵਾਲ ਦਾ ਲੜਕੀ ਦੇ ਪਰਿਵਾਰ ਵਾਲਿਆਂ ਵੱਲੋਂ ਗਲ਼ਾ ਘੁੱਟ ਕੇ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਨਹਿਰ ਦੀ ਪਟੜੀ ’ਤੇ ਸੁੱਟਣ ਦਾ ਪਤਾ ਲੱਗਾ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਮ੍ਰਿਤਕ ਨੌਜਵਾਨ ਦੀ ਕਥਿਤ ਪ੍ਰੇਮਿਕਾ ਸਮੇਤ ਲੜਕੀ ਦੇ ਚਾਚੇ ਗੁਰਤੇਜ ਸਿੰਘ ਅਤੇ ਛਿੰਦਾ ਸਿੰਘ ਤੋਂ ਇਲਾਵਾ ਸੁਖਪ੍ਰੀਤ ਸਿੰਘ ਸਮੇਤ ਚਾਰ ਖਿਲਾਫ਼ ਥਾਣਾ ਧਰਮਕੋਟ ’ਚ ਮ੍ਰਿਤਕ ਦੇ ਪਿਤਾ ਜਗਤਾਰ ਸਿੰਘ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ : ਫ਼ਸਲ ਦੇ ਮੁਆਵਜ਼ੇ ਸਬੰਧੀ ਐਕਸ਼ਨ ’ਚ ‘ਆਪ’ ਸਰਕਾਰ, PSPCL ਦੀ ਕਿਸਾਨਾਂ ਨੂੰ ਅਪੀਲ, ਪੜ੍ਹੋ Top 10
ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਧਰਮਕੋਟ ਦੇ ਇੰਚਾਰਜ ਇੰਸਪੈਕਟਰ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਰਛਪਾਲ ਸਿੰਘ ਸਾਜਨ, ਜਿਸ ਨੇ 10ਵੀਂ ਕਲਾਸ ਦੇ ਪੇਪਰ ਦੇਣੇ ਸਨ, ਦੇ ਪਿੰਡ ਦੀ ਇਕ ਨਾਬਾਲਗ ਲੜਕੀ ਦੇ ਨਾਲ ਕਥਿਤ ਪ੍ਰੇਮ ਸਬੰਧ ਸਨ। ਬੀਤੀ ਦੇਰ ਰਾਤ ਉਹ ਆਪਣੀ ਪ੍ਰੇਮਿਕਾ ਦੇ ਘਰ ਉਸ ਨੂੰ ਮਿਲਣ ਲਈ ਪਹੁੰਚ ਗਿਆ, ਜਿਸ ’ਤੇ ਲੜਕੀ ਦੀ ਮਾਂ ਦੀ ਅੱਖ ਖੁੱਲ੍ਹ ਗਈ ਅਤੇ ਉਸ ਨੇ ਰੌਲਾ ਪਾ ਦਿੱਤਾ। ਰੌਲਾ ਸੁਣ ਕੇ ਲੜਕੀ ਦੇ ਚਾਚੇ ਗੁਰਤੇਜ ਸਿੰਘ, ਛਿੰਦਾ ਸਿੰਘ ਅਤੇ ਉਸ ਦੇ ਭਾਣਜੇ ਸੁਖਪ੍ਰੀਤ ਸਿੰਘ ਉਥੇ ਆ ਗਏ ਅਤੇ ਉਨ੍ਹਾਂ ਰਛਪਾਲ ਸਿੰਘ ਸਾਜਨ ਨੂੰ ਫੜ ਲਿਆ ਅਤੇ ਤੂੜੀ ਵਾਲੇ ਕਮਰੇ ਵਿਚ ਲਿਜਾ ਕੇ ਉਸ ਦਾ ਕੁੱਟਮਾਰ ਕਰਨ ਤੋਂ ਬਾਅਦ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ। ਫਿਰ ਲਾਸ਼ ਖੁਰਦ-ਬੁਰਦ ਕਰਨ ਦੀ ਨੀਅਤ ਨਾਲ ਨਹਿਰ ਦੀ ਪਟੜੀ ’ਤੇ ਸੁੱਟ ਕੇ ਫਰਾਰ ਹੋ ਗਏ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਕਿਸਾਨਾਂ ਨੂੰ ਕੀਤੀ ਅਹਿਮ ਅਪੀਲ, ਜਾਣੋ ਕੀ ਕਿਹਾ
ਜਦ ਰਛਪਾਲ ਸਿੰਘ ਸਾਜਨ ਘਰ ਨਾ ਪੁੱਜਿਆ ਤਾਂ ਉਸ ਦੇ ਪਿਤਾ ਜਗਸੀਰ ਸਿੰਘ ਅਤੇ ਚਾਚਾ ਜਗਜੀਤ ਸਿੰਘ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ, ਤਾਂ ਸ਼ੱਕ ਹੋਇਆ ਕਿ ਕੁਝ ਵਿਅਕਤੀ ਰਛਪਾਲ ਸਿੰਘ ਨੂੰ ਮੋਟਰਸਾਈਕਲ ’ਤੇ ਬਿਠਾ ਕੇ ਲਿਜਾ ਰਹੇ ਹਨ, ਜਿਨ੍ਹਾਂ ਦੀ ਪਛਾਣ ਵੀ ਕਰ ਲਈ ਪਰ ਹਨੇਰਾ ਹੋਣ ਕਾਰਨ ਇਹ ਪਤਾ ਨਹੀਂ ਲੱਗਾ ਕਿ ਉਹ ਉਸ ਨੂੰ ਕਿੱਥੇ ਲੈ ਕੇ ਗਏ ਹਨ। ਅੱਜ ਸਵੇਰੇ ਜਦ ਉਹ ਆਪਣੇ ਪੁੱਤ ਦੀ ਭਾਲ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਕਥਿਤ ਦੋਸ਼ੀ ਰਛਪਾਲ ਸਿੰਘ ਸਾਜਨ ਦਾ ਕਤਲ ਕਰ ਕੇ ਉਸ ਦੀ ਲਾਸ਼ ਨੂੰ ਨਹਿਰ ਦੀ ਪਟੜੀ ’ਤੇ ਸੁੱਟ ਕੇ ਗਏ ਹਨ, ਜਿਸ ’ਤੇ ਉਨ੍ਹਾਂ ਪੁਲਸ ਨੂੰ ਸੂਚਿਤ ਕੀਤਾ।
ਸੂਚਨਾ ਮਿਲਣ ’ਤੇ ਥਾਣਾ ਮੁਖੀ ਇੰਸਪੈਕਟਰ ਜਸਵਰਿੰਦਰ ਸਿੰਘ ਪੁਲਸ ਪਾਰਟੀ ਸਮੇਤ ਉਥੇ ਪੁੱਜੇ ਅਤੇ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ। ਥਾਣਾ ਮੁਖੀ ਨੇ ਦੱਸਿਆ ਕਿ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਜਾਵੇਗੀ। ਥਾਣਾ ਮੁਖੀ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਜਲਦੀ ਕਾਬੂ ਆ ਜਾਣ ਦੀ ਸੰਭਾਵਨਾ ਹੈ।
ਇਹ ਖ਼ਬਰ ਵੀ ਪੜ੍ਹੋ : ਦਿੱਲੀ ਦੇ ਡਗਆਊਟ ’ਚ ਰਿਸ਼ਭ ਪੰਤ ਦੀ ‘ਮੌਜੂਦਗੀ’!, ਫ਼ੈਨਜ਼ ਦ੍ਰਿਸ਼ ਦੇਖ ਹੋਏ ਭਾਵੁਕ