ਅਨੋਖੀ ਪ੍ਰੇਮ ਕਹਾਣੀ, ਥਾਣੇ ''ਚ ਹੋਇਆ ਵਿਆਹ, ਪੁਲਸ ਨੇ ਚੂੜਾ ਪਾ ਕੇ ਤੋਰੀ ਕੁੜੀ

Saturday, May 05, 2018 - 07:02 PM (IST)

ਅਨੋਖੀ ਪ੍ਰੇਮ ਕਹਾਣੀ, ਥਾਣੇ ''ਚ ਹੋਇਆ ਵਿਆਹ, ਪੁਲਸ ਨੇ ਚੂੜਾ ਪਾ ਕੇ ਤੋਰੀ ਕੁੜੀ

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਪੁਲਸ ਥਾਣੇ ਵਿਚ ਅੱਜ ਇਕ ਅਨੋਖੀ ਪ੍ਰੇਮ ਕਹਾਣੀ ਦੇਖਣ ਨੂੰ ਮਿਲੀ ਜਿਸ ਤਹਿਤ ਪ੍ਰੇਮੀ ਜੋੜੇ ਦਾ ਪੁਲਸ ਥਾਣੇ ਵਿਚ ਹੀ ਪ੍ਰੇਮ ਵਿਆਹ ਹੋਇਆ ਅਤੇ ਸ਼ਾਮ ਨੂੰ ਪੁਲਸ ਵਾਲਿਆਂ ਨੇ ਹੀ ਲੜਕੀ ਦੇ ਚੂੜਾ ਪਵਾ ਕੇ ਡੋਲੀ ਤੋਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲਾ ਪਟਿਆਲਾ ਦੇ ਇਕ ਪਿੰਡ ਦਾ ਨੌਜਵਾਨ ਅੱਜ ਆਪਣੇ ਸਾਥੀ ਸਮੇਤ ਪ੍ਰੇਮਿਕਾ ਨੂੰ ਮਿਲਣ ਲਈ ਇਲਾਕੇ ਦੇ ਇਕ ਪਿੰਡ ਵਿਚ ਜਾ ਪੁੱਜਾ। ਪ੍ਰੇਮੀ-ਪ੍ਰੇਮਿਕਾ ਨੇ ਪਿੰਡ ਦੇ ਹੀ ਬਾਹਰ ਇਕ ਧਾਰਮਿਕ ਸਥਾਨ 'ਤੇ ਮਿਲਣ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ ਅਤੇ ਜਦੋਂ ਲੜਕੀ ਆਪਣੇ ਘਰੋਂ ਪ੍ਰੇਮੀ ਨੂੰ ਮਿਲਣ ਲਈ ਉਕਤ ਧਾਰਮਿਕ ਸਥਾਨ 'ਤੇ ਗਈ ਤਾਂ ਪਿੱਛੋਂ ਉਸਦੀ ਮਹਿਲਾ ਰਿਸ਼ਤੇਦਾਰ ਨੇ ਉਸਨੂੰ ਦੇਖ ਲਿਆ ਤੇ ਰੌਲਾ ਪਾ ਦਿੱਤਾ। ਪਿੰਡ ਵਾਸੀਆਂ ਨੇ ਪ੍ਰੇਮੀ-ਪ੍ਰੇਮਿਕਾ ਨੂੰ ਫੜ ਲਿਆ ਅਤੇ ਪਹਿਲਾਂ ਪ੍ਰੇਮੀ ਤੇ ਉਸਦੇ ਸਾਥੀ ਦਾ ਰੱਜ ਕੇ ਕੁਟਾਪਾ ਚਾੜ੍ਹਿਆ ਅਤੇ ਘਰ ਵਾਲਿਆਂ ਨੇ ਲੜਕੀ ਦੀ ਚੰਗੀ ਭੁਗਤ ਸੰਵਾਰੀ। ਪਿੰਡ ਵਿਚ ਪ੍ਰੇਮੀ-ਪ੍ਰੇਮਿਕਾ ਦਾ ਇਹ ਰੌਲਾ ਮਾਛੀਵਾੜਾ ਥਾਣਾ ਜਾ ਪੁੱਜਾ ਅਤੇ ਪੁਲਸ ਵਲੋਂ ਇਸ ਪ੍ਰੇਮੀ ਜੋੜੇ ਨੂੰ ਥਾਣੇ ਲਿਆਂਦਾ ਗਿਆ। 
PunjabKesari
ਲੜਕੀ ਦੇ ਮਾਪੇ ਤੇ ਪਿੰਡ ਵਾਲੇ ਵੀ ਥਾਣੇ ਪਹੁੰਚ ਗਏ। ਸਵੇਰ ਤੋਂ ਲੈ ਕੇ ਸ਼ਾਮ ਤੱਕ ਕੁੜੀ ਨੂੰ ਮਨਾਉਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਉਹ ਆਪਣੇ ਪ੍ਰੇਮੀ ਨੂੰ ਛੱਡ ਕੇ ਆਪਣੇ ਘਰ ਵਾਪਿਸ ਮੁੜੇ ਪਰ ਲੜਕੀ ਆਪਣੀ ਜ਼ਿੱਦ 'ਤੇ ਅੜ ਗਈ ਕਿ ਉਹ ਆਪਣੇ ਪ੍ਰੇਮੀ ਨਾਲ ਹੀ ਵਿਆਹ ਕਰਵਾਏਗੀ ਅਤੇ ਉਸ ਨਾਲ ਹੀ ਜਾਵੇਗੀ। ਲੜਕੇ-ਲੜਕੀ ਦੋਵੇਂ ਬਾਲਿਗ ਹੋਣ ਕਾਰਨ ਪੁਲਸ ਵਲੋਂ ਦੋਵਾਂ 'ਤੇ ਕੋਈ ਵੀ ਦਬਾਅ ਨਾ ਪਾਇਆ ਗਿਆ ਅਤੇ ਜਦੋਂ ਪਰਿਵਾਰਕ ਮੈਂਬਰਾਂ ਦੇ ਕਹਿਣ ਦੇ ਬਾਵਜੂਦ ਇਹ ਪ੍ਰੇਮੀ ਜੋੜਾ ਟਸ ਤੋਂ ਮਸ ਨਾ ਹੋਇਆ ਤਾਂ ਅੰਤ ਵਿਚ ਥਾਣੇ ਵਿਚ ਪ੍ਰੇਮੀ ਨੇ ਪੰਚਾਇਤ ਤੇ ਲੜਕੀ ਦੀ ਮਾਂ ਦੀ ਮੌਜੂਦਗੀ ਵਿਚ ਆਪਣੀ ਪ੍ਰੇਮਿਕਾ ਦੇ ਹੱਥ ਵਿਚ ਲਾਲ ਚੂੜਾ ਪਾ ਕੇ ਵਿਆਹ ਕਰਵਾ ਲਿਆ। 
ਲੜਕੀ ਦੇ ਪਰਿਵਾਰਕ ਮੈਂਬਰ ਇਸ ਗੱਲ 'ਤੇ ਵੀ ਰਾਜ਼ੀ ਨਾ ਹੋਏ ਕਿ ਉਹ ਧਾਰਮਿਕ ਸਥਾਨ 'ਤੇ ਆਨੰਦ ਕਾਰਜ ਕਰਵਾ ਲੜਕੀ ਦੀ ਡੋਲੀ ਤੋਰ ਦੇਣ ਅਤੇ ਉਨ੍ਹਾਂ ਥਾਣੇ ਵਿਚ ਲਿਖਤੀ ਰੂਪ 'ਚ ਰਾਜ਼ੀਨਾਮਾ ਕੀਤਾ ਕਿ ਅੱਜ ਤੋਂ ਬਾਅਦ ਉਨ੍ਹਾਂ ਦਾ ਆਪਣੀ ਲੜਕੀ ਨਾਲ ਕੋਈ ਸਬੰਧ ਨਹੀਂ ਹੈ ਅਤੇ ਨਾ ਹੀ ਉਹ ਕਦੇ ਆਪਣੇ ਪਿੰਡ ਆਏਗੀ। ਪੁਲਸ ਵਲੋਂ ਲੜਕੇ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਕਿ ਉਹ ਪੁਲਸ ਥਾਣੇ ਆਉਣ ਤਾਂ ਜੋ ਨਵਵਿਆਹੇ ਪ੍ਰੇਮੀ ਜੋੜੇ ਨੂੰ ਉਨ੍ਹਾਂ ਦੇ ਸਪੁਰਦ ਕਰਕੇ ਥਾਣੇ ਵਿਚੋਂ ਹੀ ਡੋਲੀ ਵਿਦਾ ਕੀਤੀ ਜਾ ਸਕੇ।
ਇਕ ਫੋਨ ਕਾਲ ਤੋਂ ਸ਼ੁਰੂ ਹੋਈ ਪ੍ਰੇਮ ਕਹਾਣੀ 
ਪੁਲਸ ਥਾਣੇ ਵਿਚ ਵਿਆਹ ਹੋਏ ਪ੍ਰੇਮੀ-ਪ੍ਰੇਮਿਕਾ ਦੀ ਇਹ ਕਹਾਣੀ ਇਕ ਫੋਨ ਕਾਲ ਤੋਂ ਸ਼ੁਰੂ ਹੋਈ ਸੀ। ਪੁਲਸ ਥਾਣੇ ਵਿਚ ਬੈਠੇ ਪ੍ਰੇਮੀ ਨੇ ਦੱਸਿਆ ਕਿ ਉਸ ਨੂੰ 6-7 ਮਹੀਨੇ ਪਹਿਲਾਂ ਮੋਬਾਇਲ 'ਤੇ ਫੋਨ ਆਇਆ ਅਤੇ ਉਸ ਤੋਂ ਬਾਅਦ ਉਨ੍ਹਾਂ ਦੀ ਆਪਸ ਵਿਚ ਗੱਲਬਾਤ ਸ਼ੁਰੂ ਹੋ ਗਈ ਜੋ ਕਿ ਪ੍ਰੇਮ ਸਬੰਧਾਂ ਵਿਚ ਬਦਲ ਗਈ। ਪ੍ਰੇਮੀ ਲੜਕਾ ਜੋ ਕਿ ਕੰਬਾਇਨਾਂ 'ਤੇ ਨੌਕਰੀ ਕਰਦਾ ਹੈ ਨੇ ਦੱਸਿਆ ਕਿ ਫੋਨ ਤੋਂ ਬਾਅਦ ਉਹ ਆਪਣੀ ਪ੍ਰੇਮਿਕਾ ਨੂੰ ਕਈ ਵਾਰ ਮਾਛੀਵਾੜਾ ਇਲਾਕੇ 'ਚ ਮਿਲਣ ਲਈ ਆਇਆ ਅਤੇ ਫਿਰ ਉਨ੍ਹਾਂ ਵਿਆਹ ਕਰਵਾਉਣ ਦਾ ਫੈਸਲਾ ਕਰ ਲਿਆ। ਅੱਜ ਉਹ ਕੇਵਲ ਆਪਣੀ ਪ੍ਰੇਮਿਕਾ ਨੂੰ ਮਿਲਣ ਆਇਆ ਸੀ ਪਰ ਪਿੰਡ ਵਾਲਿਆਂ ਅਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਇਹ ਲੱਗਾ ਕਿ ਉਹ ਦੋਵੇਂ ਘਰ ਛੱਡ ਕੇ ਭੱਜਣ ਲੱਗੇ ਹਨ ਅਤੇ ਮਾਮਲਾ ਥਾਣੇ ਪੁੱਜ ਗਿਆ ਜਿਸ 'ਤੇ ਉਨ੍ਹਾਂ ਅੱਜ ਪੁਲਸ ਥਾਣੇ ਵਿਚ ਹੀ ਵਿਆਹ ਰਚਾ ਲਿਆ।


Related News