ਪੁਲਸ ਨੇ ਲਾਟਰੀ ਸਟਾਲ ''ਚੋਂ ਧੂਹ-ਧੂਹ ਕੇ ਕੱਢੇ ਲੋਕ
Thursday, Nov 29, 2018 - 12:04 PM (IST)

ਜਲੰਧਰ (ਸੋਨੂੰ)— ਰਾਤੋਂ-ਰਾਤ ਲਾਟਰੀ ਪਾ ਕੇ ਅਮੀਰ ਬਣਨ ਦਾ ਸੁਪਨਾ ਹਰ ਕੋਈ ਦੇਖਦਾ ਹੈ ਅਤੇ ਅਜਿਹੇ ਸੁਪਨਿਆਂ ਨੂੰ ਝੂਠੇ ਰਾਹ ਦਿਖਾ ਕੇ ਲੋਕਾਂ ਨੂੰ ਠੱਗਣ ਵਾਲੇ ਇਕ ਲਾਟਰੀ ਸਟਾਲ ਦਾ ਪਰਦਾਫਾਸ਼ ਜਲੰਧਰ ਪੁਲਸ ਨੇ ਕੀਤਾ। ਜਲੰਧਰ ਦੀ ਸਪੈਸ਼ਲ ਬਰਾਂਚ ਪੁਲਸ ਨੇ ਨਜਾਇਜ਼ ਰੂਪ ਨਾਲ ਚੱਲ ਰਹੇ ਵਿਸ਼ਾਲ ਲਾਟਰੀ ਸਟਾਲ 'ਤੇ ਰੇਡ ਮਾਰੀ। ਪੁਲਸ ਨੂੰ ਦੇਖਦੇ ਹੀ ਕੁਝ ਲੋਕ ਨੰਗੇ-ਪੈਰੀਂ ਸਟਾਲ ਤੋਂ ਭੱਜ ਖੜ੍ਹੇ ਹੋਏ ਪਰ ਪੁਲਸ ਨੇ ਵੀ ਲੋਕਾਂ ਨੂੰ ਧੂਹ-ਧੂਹ ਕੇ ਸਟਾਲ ਤੋਂ ਬਾਹਰ ਕੱਢਿਆ। ਪੁਲਸ ਨੇ ਇਕ ਦਰਜਨ ਤੋਂ ਜ਼ਿਆਦਾ ਲੋਕਾਂ ਨੂੰ ਹਿਰਾਸਤ 'ਚ ਲੈ ਲਿਆ ਅਤੇ ਹਜ਼ਾਰਾਂ ਰੁਪਏ ਨਕਦੀ ਬਰਾਮਦ ਕੀਤੀ ਹੈ।
ਸਪੈਸ਼ਲ ਬਰਾਂਚ ਦੇ ਸਬ ਇੰਸਪੈਕਟਰ ਕਰਨੈਲ ਸਿੰਘ ਨੇ ਦੱਸਿਆ ਕਿ ਮੌਕੇ ਤੋਂ ਹਜ਼ਾਰਾਂ ਦੀ ਨਕਦੀ ਦੇ ਨਾਲ ਕਈ ਲੋਕਾਂ ਨੂੰ ਹਿਰਾਸਤ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਉਹ ਲਾਟਰੀ ਸਟਾਲ ਦੇ ਮਾਲਕ ਦੇ ਬਾਰੇ ਪੁੱਛਗਿੱਛ ਕਰ ਰਹੇ ਹਨ। ਜਲਦੀ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।