ਬਜ਼ੁਰਗ ਔਰਤ ਦੀ ਸ਼ਾਤਰ ਚਾਲ ਨੇ ਫੇਲ ਕੀਤਾ ਲੁਟੇਰਿਆਂ ਦਾ ਪਲਾਨ, ਫਿਰ...
Wednesday, Feb 07, 2018 - 11:56 AM (IST)

ਮੋਹਾਲੀ (ਰਾਣਾ) : ਪਿਛਲੀ 4 ਫਰਵਰੀ ਨੂੰ ਫੇਜ਼-7 ਦੀ ਇਕ ਕੋਠੀ ਵਿਚ ਰਾਤ ਸਮੇਂ ਲੁਟੇਰਿਆਂ ਨੇ ਉਥੇ ਰਹਿ ਰਹੇ ਪਤੀ-ਪਤਨੀ ਤੋਂ ਗੰਨ ਪੁਆਇੰਟ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣਾ ਚਾਹਿਆ ਪਰ ਬਜ਼ੁਰਗ ਪਤਨੀ ਦੀ ਸ਼ਾਤਰ ਚਾਲ ਅੱਗੇ ਲੁਟੇਰਿਆਂ ਦਾ ਸਾਰਾ ਪਲਾਨ ਫੇਲ ਹੋ ਗਿਆ ਅਤੇ ਉਨ੍ਹਾਂ ਨੂੰ ਭੱਜ ਕੇ ਆਪਣੀ ਜਾਨ ਬਚਾਉਣੀ ਪਈ, ਜਿਸ ਤੋਂ ਬਾਅਦ ਪਤੀ-ਪਤਨੀ ਨੇ ਇਸ ਦੀ ਸ਼ਿਕਾਇਤ ਮਟੌਰ ਥਾਣਾ ਪੁਲਸ ਨੂੰ ਦਿੱਤੀ ਪਰ ਪੁਲਸ ਨੇ ਜਾਂਚ ਦਾ ਹਵਾਲਾ ਦਿੰਦਿਆਂ ਅਜੇ ਤਕ ਮਾਮਲੇ ਵਿਚ ਐੱਫ. ਆਈ. ਆਰ. ਤਕ ਦਰਜ ਨਹੀਂ ਕੀਤੀ, ਲੁਟੇਰਿਆਂ ਦਾ ਸੁਰਾਗ ਲਾਉਣਾ ਤਾਂ ਦੂਰ ਦੀ ਗੱਲ ਹੈ। ਇਸ ਤੋਂ ਪਤਾ ਲਗਦਾ ਹੈ ਕਿ ਮਟੌਰ ਥਾਣਾ ਪੁਲਸ ਮੁਲਜ਼ਮਾਂ ਨੂੰ ਫੜਨ ਵਿਚ ਕਿਸ ਤਰ੍ਹਾਂ ਕੰਮ ਕਰ ਰਹੀ ਹੈ ।
ਪਤੀ-ਪਤਨੀ ਨੇ ਦੱਸੀ ਹੱਡਬੀਤੀ
ਫੇਜ਼-7 ਦੀ ਕੋਠੀ ਵਿਚ ਰਹਿਣ ਵਾਲੇ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਅੰਮ੍ਰਿਤਸਰ ਗਏ ਹੋਏ ਸਨ, ਜਿਥੋਂ ਉਹ 4 ਫਰਵਰੀ ਨੂੰ ਪਰਤੇ ਸਨ । ਉਸੇ ਰਾਤ ਸਾਢੇ 8 ਵਜੇ ਉਹ ਕਮਰੇ ਵਿਚ ਸੌਫੇ 'ਤੇ ਬੈਠੇ ਸਨ ਤੇ ਉਸ ਦੀ ਪਤਨੀ ਕਮਰੇ ਵਿਚ ਆਰਾਮ ਕਰ ਰਹੀ ਸੀ । ਉਸੇ ਦੌਰਾਨ ਉਨ੍ਹਾਂ ਦੀ ਕੋਠੀ ਦੇ ਬਾਹਰ ਗੱਡੀ ਦੇ ਹਾਰਨ ਦੀ ਕਾਫੀ ਜ਼ੋਰ ਨਾਲ ਆਵਾਜ਼ ਆ ਰਹੀ ਸੀ, ਜਦੋਂ ਉਨ੍ਹਾਂ ਬਾਹਰ ਜਾ ਕੇ ਵੇਖਿਆ ਤਾਂ ਉਨ੍ਹਾਂ ਦਾ ਗੁਆਂਢੀ ਹਾਰਨ ਵਜਾ ਰਿਹਾ ਸੀ । ਪ੍ਰਿਤਪਾਲ ਦੀ ਪਤਨੀ ਸੋਬਤੀ ਨੇ ਦੱਸਿਆ ਕਿ ਗੁਆਂਢੀ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਉਨ੍ਹਾਂ ਦੇ ਘਰ ਵਿਚ ਕੋਈ ਹੈ, ਕੁਝ ਹੀ ਦੇਰ ਬਾਅਦ ਉਨ੍ਹਾਂ ਦੇ ਘਰ ਵਿਚ ਦੋ ਨਾਕਾਬਪੋਸ਼ ਵਿਅਕਤੀ ਦਾਖਲ ਹੋਏ ਤੇ ਉਨ੍ਹਾਂ ਦੀ ਪੁੜਪੜੀ 'ਤੇ ਗੰਨ ਰੱਖ ਦਿੱਤੀ ਤੇ ਉਨ੍ਹਾਂ ਨੂੰ ਕਿਹਾ ਕਿ ਘਰ ਵਿਚ ਜਿੰਨਾ ਵੀ ਕੀਮਤੀ ਸਾਮਾਨ ਹੈ, ਉਨ੍ਹਾਂ ਦੇ ਹਵਾਲੇ ਕਰ ਦੇਣ।
ਇਸ ਤੋਂ ਬਾਅਦ ਸੋਬਤੀ ਨੂੰ ਕਮਰੇ ਵਿਚ ਕੀਮਤੀ ਸਾਮਾਨ ਲੈਣ ਲਈ ਭੇਜਿਆ ਤੇ ਕਮਰੇ ਵਿਚ ਜਾਂਦਿਆਂ ਹੀ ਸੋਬਤੀ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ । ਇਸ ਤੋਂ ਬਾਅਦ ਦੋਵੇਂ ਲੁਟੇਰਿਆਂ ਵਿਚੋਂ ਇਕ ਨੇ ਭੱਜ ਕੇ ਉਸ ਦੀ ਪਤਨੀ ਦਾ ਮੂੰਹ ਬੰਦ ਕੀਤਾ, ਨਾਲ ਹੀ ਉਸ ਦੀ ਧੌਣ 'ਤੇ ਚਾਕੂ ਰੱਖਿਆ ਤੇ ਕਿਹਾ ਕਿ ਜੇਕਰ ਰੌਲਾ ਪਾਇਆ ਤਾਂ ਉਹ ਉਸ ਨੂੰ ਮਾਰ ਦੇਵੇਗਾ ਪਰ ਸੋਬਤੀ ਫਿਰ ਵੀ ਲੁਟੇਰਿਆਂ ਤੋਂ ਨਾ ਡਰੀ ਤੇ ਉਹ ਕਿਸੇ ਦਾ ਨਾਂ ਲੈਂਦੇ ਹੋਏ ਆਵਾਜ਼ਾਂ ਮਾਰਨ ਲੱਗੀ, ਜਿਸ ਨਾਲ ਲੁਟੇਰਿਆਂ ਨੂੰ ਲੱਗਾ ਕਿ ਘਰ ਵਿਚ ਬਜ਼ੁਰਗ ਪਤੀ-ਪਤਨੀ ਤੋਂ ਇਲਾਵਾ ਹੋਰ ਵੀ ਕੋਈ ਹੈ । ਇਸ ਤੋਂ ਬਾਅਦ ਦੋਵੇਂ ਲੁਟੇਰੇ ਚੋਰੀ ਦੀ ਵਾਰਦਾਤ ਨੂੰ ਬਿਨਾਂ ਅੰਜਾਮ ਦਿੱਤਿਆਂ ਹੀ ਉਥੋਂ ਭੱਜ ਗਏ ।
ਪੁਲਸ ਕੰਟਰੋਲ ਰੂਮ 'ਤੇ ਕੀਤੀ ਕਾਲ
ਪਤੀ-ਪਤਨੀ ਨੇ ਕਿਹਾ ਕਿ ਜਿਵੇਂ ਹੀ ਲੁਟੇਰੇ ਉਨ੍ਹਾਂ ਦੇ ਘਰੋਂ ਭੱਜੇ ਤਾਂ ਸਭ ਤੋਂ ਪਹਿਲਾਂ ਉਹ ਵੀ ਉਨ੍ਹਾਂ ਦੇ ਪਿੱਛੇ ਬਾਹਰ ਇਹ ਦੇਖਣ ਲਈ ਗਏ ਕਿ ਉਹ ਕਿਹੜੇ ਵਾਹਨ 'ਤੇ ਆਏ ਸਨ ਪਰ ਉਹ ਦੋਵੇਂ ਪੈਦਲ ਹੀ ਭੱਜ ਰਹੇ ਸਨ । ਇਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਕੰਟਰੋਲ ਰੂਮ 'ਤੇ ਕਾਲ ਕੀਤੀ, ਜਿਸ ਤੋਂ ਬਾਅਦ ਮੌਕੇ 'ਤੇ ਪੁਲਸ ਦੀ ਟੀਮ ਪਹੁੰਚੀ ਤੇ ਪੁਲਸ ਨੂੰ ਉਨ੍ਹਾਂ ਲਿਖਤੀ ਰੂਪ ਵਿਚ ਸ਼ਿਕਾਇਤ ਦਿੱਤੀ ਪਰ ਮਾਮਲੇ ਵਿਚ ਸ਼ਿਕਾਇਤ ਦਿੱਤਿਆਂ ਤਕ ਕਾਫੀ ਦਿਨ ਬੀਤ ਚੁੱਕੇ ਹਨ ਪਰ ਮਟੌਰ ਥਾਣਾ ਪੁਲਸ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ।