DIG ਕੁਲਦੀਪ ਚਾਹਲ ਨੇ ਕੀਤਾ ਬਰਨਾਲਾ ਪੁਲਸ ਦਫ਼ਤਰ ਦਾ ਦੌਰਾ, ਅਮਨ-ਕਾਨੂੰਨ ਦੀ ਸਥਿਤੀ ''ਤੇ ਕੀਤੀ ਚਰਚਾ
Monday, Jan 05, 2026 - 04:44 PM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਪਟਿਆਲਾ ਰੇਂਜ ਦੇ ਡੀ.ਆਈ.ਜੀ. ਕੁਲਦੀਪ ਸਿੰਘ ਚਾਹਲ ਵੱਲੋਂ ਅੱਜ ਜ਼ਿਲ੍ਹਾ ਪੁਲਸ ਦਫ਼ਤਰ (ਡੀ.ਪੀ.ਓ.), ਬਰਨਾਲਾ ਵਿਖੇ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਅਤੇ ਪ੍ਰਸ਼ਾਸਨਿਕ ਸੁਧਾਰਾਂ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੇ ਨਾਲ ਬਰਨਾਲਾ ਦੇ ਐਸ.ਐਸ.ਪੀ. ਮੁਹੰਮਦ ਸਰਫਰਾਜ਼ ਆਲਮ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਡੀ.ਆਈ.ਜੀ. ਕੁਲਦੀਪ ਚਾਹਲ ਨੇ ਡੀ.ਪੀ.ਓ. ਕੰਪਲੈਕਸ ਵਿਚ ਚੱਲ ਰਹੇ ਉਸਾਰੀ ਅਤੇ ਨਵੀਨੀਕਰਨ ਦੇ ਕੰਮਾਂ ਦਾ ਮੁਆਇਨਾ ਕੀਤਾ। ਉਨ੍ਹਾਂ ਨੇ ਹਦਾਇਤ ਕੀਤੀ ਕਿ ਵਿਕਾਸ ਕਾਰਜਾਂ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਸਾਰੇ ਕੰਮ ਮਿੱਥੇ ਸਮੇਂ ਅੰਦਰ ਮੁਕੰਮਲ ਕੀਤੇ ਜਾਣ। ਉਨ੍ਹਾਂ ਕਿਹਾ ਕਿ ਪੁਲਿਸ ਦਫ਼ਤਰਾਂ ਦਾ ਬੁਨਿਆਦੀ ਢਾਂਚਾ ਮਜ਼ਬੂਤ ਹੋਣ ਨਾਲ ਜਿੱਥੇ ਮੁਲਾਜ਼ਮਾਂ ਨੂੰ ਕੰਮ ਕਰਨ ਵਿੱਚ ਸਹੂਲਤ ਹੁੰਦੀ ਹੈ, ਉੱਥੇ ਹੀ ਦੂਰ-ਦੁਰਾਡੇ ਤੋਂ ਆਉਣ ਵਾਲੇ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਵੀ ਤੇਜ਼ੀ ਨਾਲ ਹੋ ਸਕਦਾ ਹੈ।
ਅਮਨ-ਕਾਨੂੰਨ ਦੀ ਸਥਿਤੀ 'ਤੇ ਚਰਚਾ
ਨਿਰੀਖਣ ਤੋਂ ਬਾਅਦ ਡੀ.ਆਈ.ਜੀ. ਨੇ ਐਸ.ਐਸ.ਪੀ. ਬਰਨਾਲਾ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਜ਼ਿਲ੍ਹੇ ਅੰਦਰ ਅਮਨ-ਕਾਨੂੰਨ ਦੀ ਸਥਿਤੀ, ਨਸ਼ਾ ਤਸਕਰੀ ਵਿਰੁੱਧ ਵਿੱਢੀ ਮੁਹਿੰਮ ਅਤੇ ਪੈਂਡਿੰਗ ਪਏ ਮਾਮਲਿਆਂ ਦੀ ਪ੍ਰਗਤੀ ਬਾਰੇ ਚਰਚਾ ਕੀਤੀ ਗਈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਕਿ ਮਾੜੇ ਅਨਸਰਾਂ ਵਿਰੁੱਧ ਸਖ਼ਤੀ ਵਰਤੀ ਜਾਵੇ ਅਤੇ ਕਿਸੇ ਵੀ ਕੀਮਤ 'ਤੇ ਸ਼ਾਂਤੀ ਭੰਗ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਾ ਜਾਵੇ। ਇਸ ਮੌਕੇ ਐੱਸ.ਪੀ. (ਡੀ) ਅਸ਼ੋਕ ਸ਼ਰਮਾ ਨੇ ਡੀ.ਆਈ.ਜੀ. ਨੂੰ ਜ਼ਿਲ੍ਹੇ ਵਿੱਚ ਹੋ ਰਹੀਆਂ ਅਪਰਾਧਿਕ ਜਾਂਚਾਂ ਅਤੇ ਪੁਲਸ ਦੀਆਂ ਨਵੀਆਂ ਰਣਨੀਤੀਆਂ ਬਾਰੇ ਜਾਣਕਾਰੀ ਦਿੱਤੀ।
ਸਮਾਜਿਕ ਪ੍ਰਭਾਵ ਅਤੇ ਭਵਿੱਖ ਦੀਆਂ ਯੋਜਨਾਵਾਂ
ਇਸ ਦੌਰੇ ਦੌਰਾਨ ਡੀ.ਆਈ.ਜੀ. ਨੇ ਖਾਸ ਤੌਰ 'ਤੇ 'ਸਾਂਝ ਕੇਂਦਰਾਂ' ਦੀ ਕਾਰਗੁਜ਼ਾਰੀ ਬਾਰੇ ਵੀ ਪੁੱਛਗਿੱਛ ਕੀਤੀ ਤਾਂ ਜੋ ਆਮ ਨਾਗਰਿਕਾਂ ਨੂੰ ਪੁਲਸ ਸੇਵਾਵਾਂ ਲੈਣ ਵਿਚ ਕੋਈ ਦਿੱਕਤ ਨਾ ਆਵੇ। ਉਨ੍ਹਾਂ ਕਿਹਾ ਕਿ ਟੈਕਨਾਲੋਜੀ ਦੇ ਦੌਰ ਵਿਚ ਪੁਲਸ ਨੂੰ ਹਾਈਟੈਕ ਹੋਣਾ ਬਹੁਤ ਜ਼ਰੂਰੀ ਹੈ, ਜਿਸ ਲਈ ਬਰਨਾਲਾ ਪੁਲਸ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।
