ਬਜ਼ੁਰਗ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ! ਦੋ ਔਰਤਾਂ ਸਣੇ ਤਿੰਨ ਖ਼ਿਲਾਫ਼ ਪਰਚਾ ਦਰਜ
Monday, Jan 05, 2026 - 12:50 PM (IST)
ਤਪਾ ਮੰਡੀ (ਸ਼ਾਮ,ਗਰਗ): ਪੁਲਸ ਸਬ-ਡਵੀਜਨ ਤਪਾ ਅਧੀਨ ਥਾਣਾ ਰੂੜੇਕੇ ਦੇ ਪਿੰਡ ਰੂੜੇਕੇ ਕਲਾਂ ਵਿਚ ਇਕ ਬਜ਼ੁਰਗ ਵਿਅਕਤੀ ਵੱਲੋਂ ਖੁਦਕੁਸ਼ੀ ਕਰਨ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਇਸ ਮਾਮਲੇ ਵਿਚ ਦੋ ਔਰਤਾਂ ਅਤੇ ਇਕ ਵਿਅਕਤੀ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਕੁਲਵਿੰਦਰ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਮਹਿਤਾ ਰੋਡ ਰੂੜੇਕੇ ਕਲਾਂ ਨੇ ਦੱਸਿਆ ਕਿ ਉਹ ਅਤੇ ਉਸ ਦਾ ਪਤੀ ਦੋਵੇਂ ਹੀ ਸਰੀਰਕ ਤੌਰ ‘ਤੇ ਅਪਾਹਜ ਹਨ। ਉਸ ਨੇ ਦੱਸਿਆ ਕਿ ਉਹ ਤਿੰਨ ਭੈਣਾਂ ਹਨ ਅਤੇ ਉਨ੍ਹਾਂ ਦਾ ਕੋਈ ਭਰਾ ਨਹੀਂ। ਉਸ ਦੇ ਪਿਤਾ ਮੇਜਰ ਸਿੰਘ ਵਾਸੀ ਪਿੰਡ ਦਰਾਜ ਦੇ ਨਾਂ 12 ਏਕੜ ਜ਼ਮੀਨ ਸੀ।
ਸ਼ਿਕਾਇਤਕਰਤਾ ਅਨੁਸਾਰ, ਮਾਤਾ ਦੀ ਮੌਤ ਤੋਂ ਬਾਅਦ ਕੁਝ ਪਰਿਵਾਰਕ ਮੈਂਬਰਾਂ ਵੱਲੋਂ ਗੁੰਮਰਾਹ ਕਰਕੇ ਜ਼ਮੀਨ ਆਪਣੇ ਨਾਮ ਕਰਵਾ ਲਈ ਗਈ, ਜਿਸ ਸਬੰਧੀ ਮੇਜਰ ਸਿੰਘ ਵੱਲੋਂ ਐੱਸ.ਡੀ.ਐੱਮ. ਤਪਾ ਦੀ ਅਦਾਲਤ ਵਿਚ ਕੇਸ ਵੀ ਦਾਇਰ ਕੀਤਾ ਗਿਆ ਸੀ। ਬਾਅਦ ਵਿਚ ਇਹ ਜ਼ਮੀਨ ਹਰਦੀਪ ਸਿੰਘ ਦੇ ਨਾਮ ਹੋ ਗਈ, ਜਿਸ ਖ਼ਿਲਾਫ਼ ਵੀ ਮ੍ਰਿਤਕ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਸੀ। ਬਿਆਨ ਵਿੱਚ ਦੱਸਿਆ ਗਿਆ ਕਿ ਜਦੋਂ ਵੀ ਮੇਜਰ ਸਿੰਘ ਆਪਣੇ ਪਿੰਡ ਦਰਾਜ ਜਾਂਦਾ ਸੀ, ਤਾਂ ਉਸਨੂੰ ਹਰਦੀਪ ਸਿੰਘ, ਵੀਰਪਾਲ ਕੌਰ ਅਤੇ ਮਨਜੀਤ ਕੌਰ ਵੱਲੋਂ ਡਰਾਇਆ ਧਮਕਾਇਆ ਜਾਂਦਾ ਸੀ। ਇਸ ਕਾਰਨ ਉਹ ਮਾਨਸਿਕ ਤੌਰ ‘ਤੇ ਕਾਫ਼ੀ ਪ੍ਰੇਸ਼ਾਨ ਰਹਿੰਦਾ ਸੀ।
ਘਟਨਾ ਵਾਲੇ ਦਿਨ ਪਰਿਵਾਰਕ ਮੈਂਬਰ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਗਏ ਹੋਏ ਸਨ ਅਤੇ ਮੇਜਰ ਸਿੰਘ ਘਰ ਵਿਚ ਇਕੱਲਾ ਸੀ। ਦੋਸ਼ ਹੈ ਕਿ ਲੰਮੇ ਸਮੇਂ ਦੀ ਤੰਗ-ਪਰੇਸ਼ਾਨੀ ਤੋਂ ਆ ਕੇ ਉਸ ਨੇ ਚੁਬਾਰੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਥਾਣਾ ਰੂੜੇਕੇ ਕਲਾਂ ਦੇ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਕੁਲਵਿੰਦਰ ਕੌਰ ਦੇ ਬਿਆਨਾਂ ਦੇ ਆਧਾਰ ‘ਤੇ ਤਿੰਨ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਵੱਲੋਂ ਮਾਮਲੇ ਦੀ ਹਰ ਪੱਖੋਂ ਤਫ਼ਤੀਸ਼ ਕੀਤੀ ਜਾ ਰਹੀ ਹੈ।
