ਜਨਾਨੀਆਂ ਦੀ 'ਨਮਸਤੇ' ਕਰ ਗਈ ਕਾਰਾ, ਭਰੇ ਬਾਜ਼ਾਰ ਲੁੱਟੀ ਗਈ ਵਕੀਲ ਦੀ ਪਤਨੀ (ਵੀਡੀਓ)

Tuesday, Aug 18, 2020 - 01:07 PM (IST)

ਸਮਰਾਲਾ (ਬਿਪਨ) : ਸਮਰਾਲਾ ਦੇ ਚੌੜੇ ਬਾਜ਼ਾਰ 'ਚ ਗੱਡੀ 'ਚ ਸਵਾਰ ਜਨਾਨੀਆਂ ਦੀ 'ਨਮਸਤੇ' ਉਦੋਂ ਵੱਡਾ ਕਾਰਾ ਕਰ ਗਈ, ਜਦੋਂ ਨਮਸਤੇ ਕਹਿਣ ਤੋਂ ਬਾਅਦ ਜਨਾਨੀਆਂ ਵਕੀਲ ਨੂੰ ਲੁੱਟ ਕੇ ਰਫੂ-ਚੱਕਰ ਹੋ ਗਈਆਂ। ਜਾਣਕਾਰੀ ਮੁਤਾਬਕ ਵਕੀਲ ਰਾਕੇਸ਼ ਗੁਪਤਾ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਐਕਟਿਵਾ 'ਤੇ ਬਾਜ਼ਾਰ ਤੋਂ ਘਰ ਪਰਤ ਰਿਹਾ ਸੀ ਕਿ ਅਚਾਨਕ ਇਕ ਕਾਰ ਸਵਾਰ ਕੁੱਝ ਜਨਾਨੀਆਂ ਨੇ ਉਸ ਨੂੰ 'ਨਮਸਤੇ' ਕੀਤੀ ਅਤੇ ਆਪਣੀ ਗੱਡੀ ਸੜਕ ਕਿਨਾਰੇ ਖੜ੍ਹੀ ਕਰ ਲਈ, ਜਿਸ ਤੋਂ ਉਨ੍ਹਾਂ ਨੂੰ ਲੱਗਿਆ ਕਿ ਉਕਤ ਜਨਾਨੀਆਂ ਉੁਨ੍ਹਾਂ ਦੀਆਂ ਵਾਕਿਫ਼ ਹਨ ਤਾਂ ਵਕੀਲ ਨੇ ਆਪਣੀ ਪਤਨੀ ਨੂੰ ਜਨਾਨੀਆਂ ਨੂੰ ਮਿਲਣ ਲਈ ਕਿਹਾ।

ਹਾਲਾਂਕਿ ਉਸ ਦੀ ਪਤਨੀ ਨੇ ਜਨਾਨੀਆਂ ਨੂੰ ਨਾ ਪਛਾਨਣ ਦੀ ਗੱਲ ਕਹੀ ਪਰ ਵਕੀਲ ਦੇ ਕਹਿਣ 'ਤੇ ਉਹ ਜਨਾਨੀਆਂ ਨੂੰ ਮਿਲਣ ਚਲੀ ਗਈ। ਇੰਨੇ 'ਚ ਕਾਰ 'ਚ ਸਵਾਰ ਜਨਾਨੀਆਂ ਨੇ ਗੱਡੀ ਦਾ ਦਰਵਾਜ਼ਾ ਖੋਲ੍ਹਿਆ ਅਤੇ ਇਕ ਜਨਾਨੀ ਨੇ ਉਸ ਨੂੰ ਜੱਫੀ ਪਾ ਲਈ, ਜਦੋਂ ਕਿ ਦੂਜੀ ਜਨਾਨੀ ਨੇ ਉਸ ਦੀ ਬਾਂਹ ਘੁੱਟ ਦਿੱਤੀ। ਵਕੀਲ ਦੀ ਪਤਨੀ ਦੇ ਝਿੜਕਣ 'ਤੇ ਜਨਾਨੀਆਂ ਉਸ ਨੂੰ ਛੱਡ ਕੇ ਰਫੂ-ਚੱਕਰ ਹੋ ਗਈਆਂ।

ਜਦੋਂ ਵਕੀਲ ਦੀ ਪਤਨੀ ਨੇ ਆਪਣੀ ਬਾਂਹ ਦੇਖੀ ਤਾਂ ਉਸ ਦੀ ਦੋ ਤੋਲੇ ਦੀ ਸੋਨੇ ਦੀ ਚੂੜੀ ਗਾਇਬ ਸੀ। ਫਿਲਹਾਲ ਪੀੜਤ ਪਰਿਵਾਰ ਵੱਲੋਂ ਘਟਨਾ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਸਮਰਾਲਾ 'ਚ ਦਿਨੋਂ-ਦਿਨ ਲੁੱਟ-ਖੋਹ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ ਅਤੇ ਪੁਲਸ ਪ੍ਰਸ਼ਾਸਨ ਜਲਦ ਤੋਂ ਜਲਦ ਅਜਿਹੇ ਲੁਟੇਰਿਆਂ 'ਤੇ ਨਕੇਲ ਕੱਸੇ ਤਾਂ ਜੋ ਆਮ ਜਨਤਾ ਦੀ ਮਿਹਨਤ ਦੀ ਕਮਾਈ ਨੂੰ ਅਜਿਹੇ ਲੁਟੇਰਿਆਂ ਤੋਂ ਬਚਾਇਆ ਜਾ ਸਕੇ।


author

Babita

Content Editor

Related News