ਵਿਅਕਤੀ ਦੀ ਕੁੱਟਮਾਰ ਕਰ ਕੇ ਮੋਟਰਸਾਈਕਲ, ਮੋਬਾਇਲ ਤੇ ਪਰਸ ਖੋਹ ਕੇ ਲੁਟੇਰੇ ਫ਼ਰਾਰ
Wednesday, Dec 25, 2024 - 11:58 AM (IST)
ਗੁਰੂਹਰਸਹਾਏ (ਸਿਕਰੀ, ਕਾਲੜਾ, ਸੁਨੀਲ ਵਿੱਕੀ) : ਲੱਖੋਕੇ ਬਹਿਰਾਮ ਦੇ ਅਧੀਨ ਆਉਂਦੇ ਪਿੰਡ ਅਲਫੂ ਕੇ ਨਜ਼ਦੀਕ ਵਿਅਕਤੀ ਦੀ ਕੁੱਟਮਾਰ ਕਰ ਕੇ ਲੁਟੇਰੇ ਮੋਟਰਸਾਈਕਲ, ਮੋਬਾਇਲ ਫੋਨ ਅਤੇ ਪਰਸ ਖੋਹ ਕੇ ਫ਼ਰਾਰ ਹੋ ਗਏ। ਇਸ ਸਬੰਧੀ ਥਾਣਾ ਲੱਖੋਕੇ ਬਹਿਰਾਮ ਪੁਲਸ ਨੇ ਅਣਪਛਾਤੇ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਸੁਖਵਿੰਦਰ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਪਿੰਡ ਅਲੀ ਕੇ ਝੁੱਗੀਆਂ ਨੇ ਦੱਸਿਆ ਕਿ ਉਹ ਆਪਣੀ ਬੱਸ ਗੁਰੂਹਰਸਹਾਏ ਬੱਸ ਸਟੈਂਡ ’ਤੇ ਰੋਕ ਕੇ ਮੋਟਰਸਾਈਕਲ ’ਤੇ ਆਪਣੇ ਪਿੰਡ ਅਲੀ ਕੇ ਝੁੱਗੀਆਂ ਆ ਰਿਹਾ ਸੀ।
ਜਦੋਂ ਉਹ ਪਿੰਡ ਅਲਫੂ ਕੇ ਪੁਲ ’ਤੇ ਪੁੱਜਾ ਤਾਂ ਉਸ ਦੇ ਪਿੱਛੇ ਕੁੱਝ ਆਦਮੀ ਲੱਗ ਗਏ, ਜਿਨ੍ਹਾਂ ਨੇ ਕੁੱਝ ਦੂਰ ਅੱਗੇ ਜਾ ਕੇ ਉਸ ਦੇ ਮੋਟਰਸਾਈਕਲ ਨੂੰ ਧੱਕਾ ਮਾਰ ਦਿੱਤਾ। ਜਿਸ ਨਾਲ ਉਹ ਮੋਟਰਸਾਈਕਲ ਤੋਂ ਡਿੱਗ ਪਿਆ ਤਾਂ ਲੁਟੇਰੇ ਉਸ ਦੀ ਕੁੱਟਮਾਰ ਕਰ ਕੇ ਉਸ ਦਾ ਮੋਟਰਸਾਈਕਲ, ਮੋਬਾਇਲ ਫੋਨ ਅਤੇ ਪਰਸ ਖੋਹ ਕੇ ਲੈ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।