ਅਣਪਛਾਤੇ ਚੋਰ ਦਿਨ-ਦਿਹਾੜੇ ਕੋਠੀ ''ਚੋਂ 2 ਲੱਖ ਰੁਪਏ ਤੇ ਸੋਨੇ ਦੇ ਗਹਿਣੇ ਚੋਰੀ ਕਰਕੇ ਫ਼ਰਾਰ

Sunday, Nov 20, 2022 - 02:06 PM (IST)

ਅਣਪਛਾਤੇ ਚੋਰ ਦਿਨ-ਦਿਹਾੜੇ ਕੋਠੀ ''ਚੋਂ 2 ਲੱਖ ਰੁਪਏ ਤੇ ਸੋਨੇ ਦੇ ਗਹਿਣੇ ਚੋਰੀ ਕਰਕੇ ਫ਼ਰਾਰ

ਅੱਪਰਾ (ਦੀਪਾ) : ਅੱਪਰਾ ਅਤੇ ਆਸ-ਪਾਸ ਦੇ ਪਿੰਡਾਂ 'ਚ ਚੋਰੀ ਦੀਆਂ ਵਾਰਦਾਤਾਂ ਦਾ ਸਿਲਸਿਲਾ ਪਿਛਲੇ ਕਾਫੀ ਸਮੇਂ ਤੋਂ ਬਾਦਸਤੂਰ ਜਾਰੀ ਹੈ, ਜਦੋਂ ਕਿ ਪੁਲਸ ਪ੍ਰਸ਼ਾਸ਼ਨ ਹਮੇਸ਼ਾ ਦੀ ਤਰਾਂ 'ਸੱਪ' ਦੇ ਲੰਘ ਜਾਣ ਤੋਂ ਬਾਅਦ 'ਲਕੀਰ' ਪਿੱਟਣ ਦਾ ਕੰਮ ਜਾਂਚ ਦੇ ਨਾਂ 'ਤੇ ਕਰਨ 'ਚ ਰੁੱਝ ਜਾਂਦਾ ਹੈ। ਚੋਰ ਬੇਖੌਫ਼ ਹੋ ਕੇ ਵਾਰਦਾਤਾਂ ਨੂੰ ਸ਼ਰੇਆਮ ਅੰਜਾਮ ਦੇ ਰਹੇ ਹਨ। ਪਿਛਲੇ ਦਿਨੀਂ ਜਿੱਥੇ ਅਣਪਛਾਤੇ ਚੋਰ ਇੱਕ ਐੱਨ. ਆਰ. ਆਈ. ਦੇ ਬੰਦ ਪਏ ਘਰ 'ਚ ਛੱਤ ਦੀਆਂ ਇੱਟਾਂ ਉਖਾੜ ਕੇ 6 ਲੋਹੇ ਦੇ ਗਾਡਰਾਂ ਸਮੇਤ ਹੋਰ ਸਮਾਨ ਚੋਰੀ ਕਰਕੇ ਲੈ ਗਏ ਸਨ, ਉੱਥੇ ਹੀ ਬੀਤੇ ਦਿਨ ਹੀ ਦੋ ਅਣਪਛਾਤੇ ਚੋਰ ਅੱਪਰਾ ਦੇ ਪਾਸ਼ ਇਲਾਕੇ 'ਚ ਸਥਿਤ ਇੱਕ ਕੋਠੀ ਦੇ ਤਾਲੇ ਤੋੜ ਕੇ 2 ਲੱਖ ਰੁਪਏ ਤੇ ਸੋਨੇ ਦੇ ਗਹਿਣੇ ਚੋਰੀ ਕਰਕੇ ਫ਼ਰਾਰ ਹੋ ਗਏ।

ਪ੍ਰਾਪਤ ਵੇਰਵਿਆਂ ਅਨੁਸਾਰ ਬੀਤੇ ਸ਼ਾਮ ਲਗਭਗ 5.45 ਵਜੇ ਅੱਪਰਾ ਦੇ ਬੰਗਾ-ਛੋਕਰਾਂ ਰੋਡ ਚੌਂਕ ਦੇ ਸਾਹਮਣੇ ਸਥਿਤ ਇੱਕ ਪਾਸ਼ ਕਾਲੋਨੀ 'ਚ ਸਥਿਤ ਸੁਰਜੀਤ ਸਿੰਘ ਵਾਸੀ ਪਿੰਡ ਚੱਕ ਸਾਹਬੂ ਹਾਲ ਵਾਸੀ ਅੱਪਰਾ ਦੀ ਕੋਠੀ 'ਚ ਉਸ ਸਮੇਂ ਦਾਖ਼ਲ ਹੋਏ, ਜਦੋਂ ਘਰ 'ਚ ਕੋਈ ਵੀ ਪਰਿਵਾਰਕ ਮੈਂਬਰ ਮੌਜੂਦ ਨਹੀਂ ਸੀ। ਉਕਤ 2 ਅਣਪਛਾਤੇ ਚੋਰ ਕੋਠੀ ਦੇ ਬਾਹਰੇ ਗੇਟ ਦੇ ਤਾਲੇ ਤੋੜ ਕੇ ਅੰਦਰ ਦਾਖ਼ਲ ਹੋਏ ਅਤੇ ਅਲਮਾਰੀ ਦਾ ਲਾਕ ਤੋੜ ਕੇ ਅੰਦਰ ਪਏ ਦੋ ਲੱਖ ਰੁਪਏ, ਇੱਕ ਜੋੜੀ ਸੋਨੇ ਦੇ ਕਾਂਟੇ ਅਤੇ ਇੱਕ ਸੋਨੇ ਦੀ ਮੁੰਦਰੀ ਚੋਰੀ ਕਰਕੇ ਰਫ਼ੂ-ਚੱਕਰ ਹੋ ਗਏ। ਅੱਪਰਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
 


author

Babita

Content Editor

Related News