ਰਣਜੀਤ ਸਿੰਘ ਬ੍ਰਹਿਮਪੁਰਾ ਦੇ ਸਿਆਸੀ ਜੀਵਨ 'ਤੇ ਝਾਤ
Monday, Nov 12, 2018 - 08:13 PM (IST)
ਜਲੰਧਰ (ਵੈਬ ਡੈਸਕ)- ਸੁਖਬੀਰ ਬਾਦਲ ਖਿਲਾਫ ਝੰਡਾ ਚੁੱਕਣ ਵਾਲੇ ਮਾਝੇ ਦੇ ਚੋਟੀ ਦੇ ਆਗੂ ਰਣਜੀਤ ਸਿੰਘ ਬ੍ਰਹਿਮਪੁਰਾ ਨੂੰ ਆਖਿਰਕਾਰ ਸੁਖਬੀਰ ਬਾਦਲ ਵਲੋਂ ਪਾਰਟੀ ਵਿਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਐਤਵਾਰ ਨੂੰ ਹੋਈ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਸਰਬ ਸਹਿਮਤੀ ਨਾਲ ਫੈਸਲਾ ਲੈਂਦੇ ਹੋਏ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਰਣਜੀਤ ਸਿੰਘ ਬ੍ਰਹਿਮਪੁਰਾ ਅਜਨਾਲਾ ਤੋਂ ਸੀਨੀਅਰ ਆਗੂ ਰਤਨ ਸਿੰਘ ਅਜਨਾਲਾ ਨੂੰ ਪਾਰਟੀ ਨੇ ਬਾਹਰ ਕਰ ਦਿੱਤਾ। ਇਸ ਦੌਰਾਨ ਵੱਡੀ ਗੱਲ ਇਹ ਰਹੀ ਕਿ ਇਨ੍ਹਾਂ ਦੇ ਸਪੁੱਤਰ ਰਵਿੰਦਰ ਸਿੰਘ ਬ੍ਰਹਮਪੁਰਾ ਤੇ ਅਜਨਾਲਾ ਦੇ ਸਪੁੱਤਰ ਅਮਰਪਾਲ ਸਿੰਘ ਬੋਨੀ ਨੂੰ ਪਾਰਟੀ-ਵਿਰੋਧੀ ਕਾਰਵਾਈਆਂ ਕਰਨ ਲਈ 6 ਸਾਲ ਲਈ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਖਾਰਿਜ ਕਰ ਦਿੱਤੀ ਹੈ।
ਬ੍ਰਹਿਮਪੁਰਾ ਦਾ ਸਿਆਸੀ ਜੀਵਨ
ਪੰਜਾਬ ਦੀ ਸਿਆਸਤ ਵਿਚ ਰਣਜੀਤ ਸਿੰਘ ਬ੍ਰਹਿਮਪੁਰਾ ਮਾਝੇ ਦੇ ਜਰਨੈਲ ਵਜੋਂ ਵੀ ਜਾਂਣੇ ਜਾਂਦੇ ਰਹੇ ਹਨ। ਬੀਤੀ 30 ਸਤੰਬਰ ਨੂੰ ਜਦੋਂ ਉਨ੍ਹਾਂ ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖ਼ਵਾਂ ਨਾਲ ਬਾਗੀ ਤੇਵਰ ਦਿਖਾਉਂਦੇ ਹੋਏ ਪ੍ਰੈਸ ਕਾਨਫਰੰਸ ਦੌਰਾਨ ਇਹੀ ਦਾਅਵਾ ਕੀਤਾ ਸੀ ਕਿ ਮਾਝੇ ਦਾ ਜਰਨੈਲ ਬਿਕਰਮ ਸਿੰਘ ਮਜੀਠੀਆ ਨਹੀਂ ਰਣਜੀਤ ਸਿੰਘ ਬ੍ਰਹਮਪੁਰਾ ਹੈ।
ਰਣਜੀਤ ਸਿੰਘ ਬ੍ਰਹਮਪੁਰਾ ਲੋਕ ਸਭਾ ਹਲਕੇ ਖਡੂਰ ਸਾਹਿਬ ਤੋਂ ਐਮ.ਪੀ. ਹਨ। ਮਈ 2014 ਵਿਚ ਉਨ੍ਹਾਂ 16ਵੀਂ ਲੋਕ ਸਭਾ ਲਈ ਅਕਾਲੀ ਉਮੀਦਵਾਰ ਵਜੋਂ ਚੋਣ ਜਿੱਤੀ ਸੀ।
8 ਨਵੰਬਰ 1937 ਨੂੰ ਜਨਮੇ ਰਣਜੀਤ ਸਿੰਘ 8ਵੀਂ ਜਮਾਤ ਪਾਸ ਹਨ, ਪਰ ਪੰਜਾਬ ਦੀ ਸਿਆਸਤ ਵਿਚ ਉਨ੍ਹਾਂ ਦੀ ਪਛਾਣ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਸਿਆਸੀ ਗੜ੍ਹ 'ਚ ਉਨ੍ਹਾਂ ਲਈ ਚੁਣੌਤੀ ਬਣਨ ਕਰਕੇ ਹੈ।
ਸੰਨ 1994 ਤੋਂ ਰਣਜੀਤ ਸਿੰਘ ਬ੍ਰਹਿਮਪੁਰਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਰਹੇ।
ਰਣਜੀਤ ਸਿੰਘ ਬ੍ਰਹਿਮਪੁਰਾ ਚਾਰ ਵਾਰੀ ਪੰਜਾਬ ਵਿਧਾਨ ਸਭਾ ਵਿਚ ਵਿਧਾਇਕ ਰਹਿ ਚੁੱਕੇ ਹਨ।
ਸਾਲ 1977-1980 ਵਿਚ ਉਹ ਪਹਿਲੀ ਵਾਰ ਪੰਜਾਬ ਸਰਕਾਰ ਵਿਚ ਵਿਧਾਇਕ ਚੁਣੇ ਗਏ।
ਸਾਲ 1997 ਤੋਂ ਲੈ ਕੇ 2012 ਤੱਕ ਉਹ ਪੰਜਾਬ ਵਿਧਾਨ ਸਭਾ ਦੇ ਵਿਧਾਇਕ ਰਹੇ।
ਸਾਲ 1997-2002 ਅਤੇ 2007-2012 ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ ਵਿਚ ਕੈਬਿਨਟ ਮੰਤਰੀ ਦਾ ਅਹੁਦਾ ਵੀ ਸੰਭਾਲਿਆ।