ਮਾਲਵਾ ਸੀਤ ਲਹਿਰ ਦੀ ਲਪੇਟ ’ਚ, ਆਮ ਜਨ-ਜੀਵਨ ਪ੍ਰਭਾਵਿਤ

Wednesday, Jan 07, 2026 - 11:10 AM (IST)

ਮਾਲਵਾ ਸੀਤ ਲਹਿਰ ਦੀ ਲਪੇਟ ’ਚ, ਆਮ ਜਨ-ਜੀਵਨ ਪ੍ਰਭਾਵਿਤ

ਮੰਡੀ ਅਰਨੀਵਾਲਾ (ਸੁਖਦੀਪ) : ਮਾਲਵਾ ਖੇਤਰ ਇਸ ਵੇਲੇ ਤੇਜ਼ ਸੀਤ ਲਹਿਰ ਦੀ ਲਪੇਟ ’ਚ ਹੈ, ਜਿਸ ਕਾਰਨ ਤਾਪਮਾਨ ’ਚ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ। ਸਵੇਰ ਅਤੇ ਰਾਤ ਦੇ ਸਮੇਂ ਚੱਲ ਰਹੀਆਂ ਠੰਡੀਆਂ ਹਵਾਵਾਂ ਨੇ ਆਮ ਲੋਕਾਂ ਦੀ ਦਿਨਚਰਿਆ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਠੰਡ ਦੇ ਵੱਧਦੇ ਪ੍ਰਭਾਵ ਕਾਰਨ ਲੋਕ ਘਰਾਂ ’ਚ ਰਹਿਣ ਨੂੰ ਤਰਜੀਹ ਦੇ ਰਹੇ ਹਨ, ਜਿਸ ਨਾਲ ਬਜ਼ਾਰਾਂ ਅਤੇ ਸੜਕਾਂ ’ਤੇ ਰੌਣਕ ਘੱਟ ਨਜ਼ਰ ਆ ਰਹੀ ਹੈ। ਸੀਤ ਲਹਿਰ ਦਾ ਸਭ ਤੋਂ ਵੱਧ ਅਸਰ ਬੱਚਿਆਂ ਅਤੇ ਬੀਮਾਰ ਲੋਕਾਂ ’ਤੇ ਪੈ ਰਿਹਾ ਹੈ। ਸਰਕਾਰੀ ਅਤੇ ਨਿੱਜੀ ਹਸਪਤਾਲਾਂ ’ਚ ਸਰਦੀ-ਜ਼ੁਕਾਮ, ਖੰਘ ਅਤੇ ਬੁਖਾਰ ਦੇ ਮਰੀਜ਼ਾਂ ਦੀ ਗਿਣਤੀ ਵੱਧ ਗਈ ਹੈ।

ਡਾਕਟਰਾਂ ਵੱਲੋਂ ਲੋਕਾਂ ਨੂੰ ਗਰਮ ਕੱਪੜੇ ਪਹਿਨਣ ਅਤੇ ਲੋੜ ਬਿਨਾਂ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਖੇਤਰ ’ਚ ਦੁਪਹਿਰ ਤੋਂ ਬਾਅਦ ਸੂਰਜ ਦੇਵਤਾ ਦੇ ਦਰਸ਼ਨ ਹੋਏ, ਜਿਸ ਕਰ ਕੇ ਕੁੱਝ ਨਿਘਾਸ ਹੋਇਆ। ਨਹੀਂ ਤਾਂ ਬੀਤੇ ਕਈ ਦਿਨਾਂ ਤੋਂ ਸਵੇਰੇ ਹੱਡੀ ਚੀਰਵੀਂ ਠੰਡ ਨੇ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਸੀ। ਕਿਸਾਨਾਂ ਲਈ ਵੀ ਇਹ ਮੌਸਮ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪਾਲੇ ਅਤੇ ਧੁੰਦ ਕਾਰਨ ਕਣਕ, ਸਰੋਂ ਅਤੇ ਸਬਜ਼ੀਆਂ ਦੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਅਗਲੇ ਕੁੱਝ ਦਿਨਾਂ ਤੱਕ ਸੀਤ ਲਹਿਰ ਜਾਰੀ ਰਹਿਣ ਦੀ ਸੰਭਾਵਨਾ ਜਤਾਈ ਹੈ ਅਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।


author

Babita

Content Editor

Related News