328 ਪਾਵਨ ਸਰੂਪਾਂ ਦੇ ਮਾਮਲੇ ''ਤੇ SGPC ''ਤੇ ਕਾਬਜ਼ ਧਿਰ ਦੀ ਚੁੱਪ ‘ਗੁਨਾਹ’ ਦੀ ਗਵਾਹੀ : ਕੁਲਤਾਰ ਸਿੰਘ ਸੰਧਵਾਂ

Wednesday, Jan 07, 2026 - 07:36 PM (IST)

328 ਪਾਵਨ ਸਰੂਪਾਂ ਦੇ ਮਾਮਲੇ ''ਤੇ SGPC ''ਤੇ ਕਾਬਜ਼ ਧਿਰ ਦੀ ਚੁੱਪ ‘ਗੁਨਾਹ’ ਦੀ ਗਵਾਹੀ : ਕੁਲਤਾਰ ਸਿੰਘ ਸੰਧਵਾਂ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਸੰਵੇਦਨਸ਼ੀਲ ਮਸਲੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) 'ਤੇ ਕਾਬਜ਼ ਧਿਰ ਨੂੰ ਘੇਰਦੀਆਂ ਕਿਹਾ ਕਿ ਇੱਕ ਪਾਸੇ ਕਾਬਜ਼ ਧਿਰ ਦਾਅਵਾ ਕਰ ਰਹੀ ਹੈ ਕਿ ਈਸ਼ਰ ਸਿੰਘ ਕਮੇਟੀ ਅਤੇ ਅੰਤ੍ਰਿੰਗ ਕਮੇਟੀ ਨੇ ਦੋਸ਼ੀਆਂ ਖ਼ਿਲਾਫ਼ ਸਪਸ਼ਟ ਕਾਰਵਾਈ ਦੀ ਸਿਫ਼ਾਰਸ਼ ਕੀਤੀ ਸੀ, ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਉਹ ਸਿਫ਼ਾਰਸ਼ਾਂ ਅੱਜ ਤੱਕ ਲਾਗੂ ਕਿਉਂ ਨਹੀਂ ਹੋਈਆਂ? ਕੀ ਇਹ ਮੰਨ ਲਿਆ ਜਾਵੇ ਕਿ ਕਾਰਵਾਈ ਨਾ ਕਰਨਾ ਹੀ ਦੋਸ਼ੀਆਂ ਨੂੰ ਸੁਰੱਖਿਅਤ ਰਸਤਾ ਦੇਣ ਦੀ ਸਿਆਸੀ ਸਾਜ਼ਿਸ਼ ਸੀ?

ਸੰਧਵਾਂ ਨੇ ਤਿੱਖਾ ਹਮਲਾ ਕਰਦਿਆਂ ਪੁੱਛਿਆ ਕਿ ਕੀ ਦੋਸ਼ੀ ਇੰਨੇ ਪ੍ਰਭਾਵਸ਼ਾਲੀ ਸਨ ਜਾਂ ਅਪਣੇ ਹੀ ਘੇਰੇ ਵਿਚੋਂ ਸਨ ਕਿ ਉਨ੍ਹਾਂ ਨੂੰ ਸਜ਼ਾ ਦੇਣ ਦੀ ਬਜਾਏ ਪੰਥਕ ਮਰਿਆਦਾ ਨੂੰ ਛਿੱਕੇ 'ਤੇ ਟੰਗ ਦਿੱਤਾ ਗਿਆ? ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਸਿੱਖ ਕੌਮ ਦੀਆਂ ਭਾਵਨਾਵਾਂ ਅਤੇ ਮਰਿਆਦਾ ਨਾਲੋਂ ਸਿਆਸੀ ਮੁਫ਼ਾਦਾਂ ਨੂੰ ਉੱਪਰ ਰੱਖਿਆ ਗਿਆ ਹੈ। ਜੇਕਰ ਰਿਪੋਰਟਾਂ ਵਿੱਚ ਸਭ ਕੁਝ ਸਾਫ਼ ਸੀ, ਤਾਂ ਸੱਚ ਨੂੰ ਜਾਣਬੁੱਝ ਕੇ ਸੰਗਤ ਤੋਂ ਲੁਕਾਉਣ ਪਿੱਛੇ ਕਿਹੜੀ ਮਜਬੂਰੀ ਸੀ? ਇਹ ਚੁੱਪ ਸਿੱਧੇ ਤੌਰ ’ਤੇ ਗੁਨਾਹਗਾਰਾਂ ਦੀ ਪਿੱਠ ਥਾਪੜਨ ਦੇ ਬਰਾਬਰ ਹੈ।

ਉਨ੍ਹਾਂ ਅੱਗੇ ਕਿਹਾ ਕਿ ਜੇਕਰ ਜਾਂਚ ਕਮੇਟੀਆਂ ਦੀਆਂ ਰਿਪੋਰਟਾਂ ਸਹੀ ਸਨ, ਤਾਂ ਉਹਨਾਂ ’ਤੇ ਅਮਲ ਨਾ ਕਰਨਾ ਇੱਕ ਗੰਭੀਰ ਪੰਥਕ ਅਪਰਾਧ ਹੈ ਜਿਸ ਲਈ ਮੌਜੂਦਾ ਐਸਜੀਪੀਸੀ ਆਗੂ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ। ਅਤੇ ਜੇਕਰ ਉਹ ਰਿਪੋਰਟਾਂ ਗਲਤ ਸਨ, ਤਾਂ ਅੱਜ ਤੱਕ ਸਿੱਖ ਜਗਤ ਨੂੰ ਅਸਲੀ ਸੱਚ ਤੋਂ ਵਾਂਝਾ ਕਿਉਂ ਰੱਖਿਆ ਗਿਆ? ਐਸਜੀਪੀਸੀ ਦੀ ਇਸ ਦੋਹਰੀ ਨੀਤੀ ਨੇ ਸੰਸਥਾ ਦੀ ਭਰੋਸੇਯੋਗਤਾ ਨੂੰ ਭਾਰੀ ਸੱਟ ਮਾਰੀ ਹੈ, ਜਿਸ ਦਾ ਜਵਾਬ ਸੰਗਤ ਨੂੰ ਦੇਣਾ ਹੀ ਪਵੇਗਾ।

ਸੰਧਵਾਂ ਨੇ ਸਪਸ਼ਟ ਕੀਤਾ ਕਿ ਅੱਜ ਸਿੱਖ ਕੌਮ ਨੂੰ ਇਹ ਜਾਣਨ ਦਾ ਪੂਰਾ ਹੱਕ ਹੈ ਕਿ ਉਹ ਕਿਹੜੀਆਂ ਤਾਕਤਾਂ ਸਨ ਜਿਨ੍ਹਾਂ ਨੇ ਇਨਸਾਫ਼ ਦੇ ਰਾਹ ਵਿੱਚ ਰੋੜਾ ਅਟਕਾਇਆ। ਸਵਾਲ ਸਿਰਫ਼ ਸਿਫ਼ਾਰਸ਼ਾਂ ਬਣਾਉਣ ਵਾਲਿਆਂ ਦਾ ਨਹੀਂ, ਸਗੋਂ ਉਨ੍ਹਾਂ ਨੂੰ ਰੋਕਣ ਵਾਲੇ ਹੱਥਾਂ’ ਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਪਵਿੱਤਰ ਸਰੂਪਾਂ ਦੀ ਬੇਅਦਬੀ ਅਤੇ ਲਾਪਰਵਾਹੀ ਦੇ ਮਾਮਲੇ ਵਿੱਚ ਚੁੱਪ ਰਹਿਣ ਵਾਲੇ ਅਤੇ ਦੋਸ਼ੀਆਂ ਨੂੰ ਪਨਾਹ ਦੇਣ ਵਾਲੇ ਇਤਿਹਾਸ ਦੇ ਕਟਹਿਰੇ ਵਿੱਚ ਹਮੇਸ਼ਾ ਗੁਨਾਹਗਾਰ ਰਹਿਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News