ਸਿਆਸੀ ਕਾਨਫਰੰਸਾਂ ਕਰਨ ’ਤੇ ਵੜਿੰਗ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਪੱਸ਼ਟੀਕਰਨ ਦੀ ਮੰਗ

Thursday, Jan 15, 2026 - 01:08 PM (IST)

ਸਿਆਸੀ ਕਾਨਫਰੰਸਾਂ ਕਰਨ ’ਤੇ ਵੜਿੰਗ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਪੱਸ਼ਟੀਕਰਨ ਦੀ ਮੰਗ

ਚੰਡੀਗੜ੍ਹ (ਅੰਕੁਰ) : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਤੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਸ਼ਹੀਦੀ ਮੇਲਿਆਂ ਦੌਰਾਨ ਸਿਆਸੀ ਪਾਰਟੀਆਂ ਵੱਲੋਂ ਸਿਆਸੀ ਕਾਨਫਰੰਸਾਂ ਕਰਨ ਦੇ ਮਸਲੇ ’ਤੇ ਸਪੱਸ਼ਟੀਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਦਸੰਬਰ 2017 ’ਚ ਤਤਕਾਲੀ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸਿਆਸੀ ਪਾਰਟੀਆਂ ਨੂੰ ਅਜਿਹੇ ਗੰਭੀਰ ਅਤੇ ਪਾਵਨ ਧਾਰਮਿਕ ਮੌਕਿਆਂ ਉੱਪਰ ਸਿਆਸੀ ਕਾਨਫਰੰਸਾਂ ਨਾ ਕਰਨ ਦੀ ਅਪੀਲ ਕੀਤੀ ਸੀ।

ਉਨ੍ਹਾਂ ਨੇ ਸਵਾਲ ਕੀਤਾ ਕਿ ਫਿਰ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਮਾਘੀ ਮੇਲੇ ਦੌਰਾਨ ਸੱਤਾਧਾਰੀ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਸਿਆਸੀ ਕਾਨਫਰੰਸਾਂ ਕਿਵੇਂ ਕੀਤੀਆਂ? ਉਨ੍ਹਾਂ ਨੇ ਪੁੱਛਿਆ ਕਿ ਕੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਇਸ ਨੂੰ ਲੈ ਕੇ ਕਾਰਵਾਈ ਕਰਨਗੇ? ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦਾ ਪੂਰਾ ਸਨਮਾਨ ਕਰਦਿਆਂ ਕਾਂਗਰਸ ਪਾਰਟੀ ਨੇ 2017 ਤੋਂ ਬਾਅਦ ਕੋਈ ਵੀ ਸਿਆਸੀ ਕਾਨਫਰੰਸ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦਾ ਸਾਰੇ ਪੱਖਾਂ ਵੱਲੋਂ ਆਦਰ ਕੀਤਾ ਜਾਣਾ ਚਾਹੀਦਾ ਹੈ। ਉਮੀਦ ਹੈ ਕਿ ਜੱਥੇਦਾਰ ਸਾਹਿਬ ਇਸ ਮਾਮਲੇ ’ਤੇ ਧਿਆਨ ਦੇਣਗੇ।
 


author

Babita

Content Editor

Related News