ਕਈ ਪੱਖਾਂ ਤੋਂ ਰੋਚਕ ਤੇ ਦਿਲਚਸਪ ਰਹੇ 17ਵੀਆਂ ਲੋਕ ਸਭਾ ਚੋਣਾਂ ਦੇ ਨਤੀਜੇ

05/26/2019 6:44:01 PM

ਗੁਰਦਾਸਪੁਰ (ਹਰਮਨਪ੍ਰੀਤ) : ਦੇਸ਼ ਦੀਆਂ 17ਵੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਜਿਥੇ ਦੇਸ਼ ਭਰ ਅੰਦਰ ਭਾਜਪਾ ਨੂੰ ਵੱਡਾ ਬਹੁਮਤ ਦੇ ਕੇ ਸੱਤਾ 'ਤੇ ਕਾਬਜ਼ ਕਰਵਾਇਆ ਹੈ, ਉਥੇ ਇਨ੍ਹਾਂ ਚੋਣਾਂ ਦੌਰਾਨ ਕਈ ਰੋਚਕ ਤੱਥ ਸਾਹਮਣੇ ਆਉਣ ਤੋਂ ਇਲਾਵਾ ਕਈ ਪੁਰਾਣੇ ਰਿਕਾਰਡ ਵੀ ਟੁੱਟ ਗਏ ਹਨ। ਇਸ ਤਹਿਤ ਜੇਕਰ ਪੰਜਾਬ ਤੋਂ ਸ਼ੁਰੂਆਤ ਕੀਤੀ ਜਾਵੇ ਤਾਂ ਇਸ ਸੂਬੇ ਅੰਦਰ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਆਪਣੇ ਹਲਕਿਆਂ ਤੋਂ ਜਿੱਤ ਹਾਸਿਲ ਕਰ ਕੇ ਨਾ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਲਾਜ ਬਚਾਈ ਹੈ, ਸਗੋਂ ਇਹ ਦੋਵੇਂ ਪਤੀ-ਪਤਨੀ ਦੇਸ਼ ਅੰਦਰ ਦੂਸਰੇ ਅਜਿਹੇ ਪਤੀ-ਪਤਨੀ ਬਣ ਗਏ ਹਨ ਜੋ ਸੰਸਦ ਦੇ ਹੇਠਲੇ ਸਦਨ 'ਚ ਇਕੋ ਸਮੇਂ ਇਕੱਠੇ ਐੱਮ.ਪੀ ਚੁਣੇ ਗਏ ਹਨ। ਇਸ ਤੋਂ ਇਲਾਵਾ ਇਨ੍ਹਾਂ ਚੋਣਾਂ ਦੌਰਾਨ ਦੇਸ਼ ਦੇ ਵੋਟਰਾਂ ਨੇ ਹੋਰ ਵੀ ਅਨੇਕਾਂ ਦਿਲਚਸਪ ਅੰਕੜੇ ਪੇਸ਼ ਕੀਤੇ ਹਨ।

PunjabKesari

ਸੁਖਬੀਰ ਤੇ ਹਰਸਿਮਰਤ ਨੇ ਸਿਰਜਿਆ ਇਤਿਹਾਸ
ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਉਨ੍ਹਾਂ ਦੀ ਧਰਮਪਤਨੀ ਹਰਸਿਮਰਤ ਕੌਰ ਬਾਦਲ ਪਹਿਲਾਂ ਵੀ ਵੱਖ-ਵੱਖ ਸਮੇਂ ਦੌਰਾਨ ਲੋਕ ਸਭਾ ਦੀਆਂ ਪੌੜੀਆਂ ਚੜ੍ਹਨ ਤੋਂ ਇਲਾਵਾ ਕੇਂਦਰੀ ਮੰਤਰੀ ਵੀ ਰਹਿ ਚੁੱਕੇ ਹਨ ਪਰ ਇਹ ਦੋਵੇਂ ਪਤੀ-ਪਤਨੀ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਇਕੱਠੇ ਚੋਣ ਲੜ ਕੇ ਇਕੋ ਲੋਕ ਸਭਾ ਵਿਚ ਮੈਂਬਰ ਵਜੋਂ ਇਕੱਠੇ ਬੈਠਣਗੇ। ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਇਹ ਦੋਵੇਂ ਕਿੰਨਾ ਸਮਾਂ ਲੋਕ ਸਭਾ ਮੈਂਬਰ ਵਜੋਂ ਦੇਸ਼ ਦੀ 17ਵੀਂ ਲੋਕ ਸਭਾ ਵਿਚ ਰਹਿੰਦੇ ਹਨ ਕਿਉਂਕਿ ਸੁਖਬੀਰ ਸਿੰਘ ਬਾਦਲ ਦਾ ਜ਼ਿਆਦਾ ਧਿਆਨ ਪੰਜਾਬ ਦੀ ਸਿਆਸਤ 'ਚ ਹੈ। ਜਿਨ੍ਹਾਂ ਦਾ ਮੁੱਖ ਟੀਚਾ ਪੰਜਾਬ ਦਾ ਮੁੱਖ ਮੰਤਰੀ ਬਣਨਾ ਹੀ ਸਮਝਿਆ ਜਾਂਦਾ ਹੈ। ਇਸ ਦੇ ਨਾਲ ਹੀ ਪੰਜਾਬ ਦੇ ਲੋਕ ਇਸ ਗੱਲ ਦੀ ਉਡੀਕ 'ਚ ਵੀ ਹਨ ਕਿ ਇਨ੍ਹਾਂ ਦੋਵਾਂ 'ਚੋਂ ਇਸ ਵਾਰ ਕਿਸ ਨੂੰ ਮੰਤਰੀ ਮੰਡਲ 'ਚ ਲਿਆ ਜਾਂਦਾ ਹੈ।

PunjabKesari

ਬਿਹਾਰ ਨਾਲ ਸਬੰਧਿਤ ਇਕ ਜੋੜਾ ਵੀ ਦੋ ਵਾਰ ਇਕੱਠਿਆਂ ਜਾ ਚੁੱਕੈ ਲੋਕ ਸਭਾ 'ਚ
ਜੇਕਰ ਸਮੁੱਚੇ ਦੇਸ਼ ਦੇ ਚੋਣ ਇਤਿਹਾਸ 'ਤੇ ਝਾਤੀ ਮਾਰੀ ਜਾਵੇ ਤਾਂ ਬਿਹਾਰ ਨਾਲ ਸਬੰਧਿਤ ਇਕ ਪਤੀ-ਪਤਨੀ ਦਾ ਜੋੜਾ ਦੋ ਵਾਰ ਲੋਕ ਸਭਾ ਚੋਣਾਂ ਜਿੱਤ ਕੇ ਲੋਕ ਸਭਾ ਸਾਂਝੀ ਕਰ ਚੁੱਕਾ ਹੈ। ਇਸ ਤਹਿਤ ਬਿਹਾਰ ਦੇ ਮੱਦੇਪੁਰ ਲੋਕ ਸਭਾ ਹਲਕੇ ਤੋਂ ਕਈ ਵਾਰ ਸੰਸਦ ਮੈਂਬਰ ਬਣ ਚੁੱਕੇ ਰਾਜੇਸ਼ ਰੰਜਨ ਉਰਫ ਪੱਪੂ ਯਾਦਵ ਨੇ 2004 ਦੌਰਾਨ ਰਾਸ਼ਟਰੀ ਜਨਤਾ ਦਲ ਦੀ ਟਿਕਟ 'ਤੇ ਚੋਣ ਲੜ ਕੇ ਲੋਕ ਸਭਾ ਦੀਆਂ ਪੌੜੀਆਂ ਚੜ੍ਹੀਆਂ ਸਨ। ਉਸੇ ਸਾਲ ਹੀ ਉਨ੍ਹਾਂ ਦੀ ਪਤਨੀ ਰਣਜੀਤ ਰੰਜਨ ਵੀ ਲੋਕ ਜਨ ਸ਼ਕਤੀ ਪਾਰਟੀ ਦੀ ਟਿਕਟ 'ਤੇ ਚੋਣ ਲੜ ਕੇ ਬਿਹਾਰ ਦੇ ਸਾਹਰਸਾ ਲੋਕ ਸਭਾ ਹਲਕੇ ਤੋਂ ਜਿੱਤ ਕੇ ਆਪਣੇ ਪਤੀ ਨਾਲ ਲੋਕ ਸਭਾ ਵਿਚ ਪਹੁੰਚੀ ਸੀ। ਇਹੀ ਪਤੀ-ਪਤਨੀ 2014 'ਚ ਵੀ ਮੁੜ ਇਕੱਠੇ ਲੋਕ ਸਭਾ 'ਚ ਪਹੁੰਚੇ ਸਨ। ਜਿਸ ਦੌਰਾਨ ਪੱਪੂ ਯਾਦਵ ਨੇ ਮੱਦੇਪੁਰ ਤੋਂ ਚੋਣ ਲੜੀ ਸੀ, ਜਦੋਂ ਕਿ ਉਨ੍ਹਾਂ ਦੀ ਪਤਨੀ ਨੇ ਕਾਂਗਰਸ ਦੀ ਟਿਕਟ 'ਤੇ ਸੁਪੋਲ ਹਲਕੇ ਤੋਂ ਜਿੱਤ ਹਾਸਲ ਕੀਤੀ ਸੀ। ਉਸ ਦੇ ਬਾਅਦ ਬਦਲੇ ਘਟਨਾਕ੍ਰਮ ਦੇ ਕਾਰਨ ਪੱਪੂ ਯਾਦਵ ਨੇ 2015 ਵਿਚ ਜਨ ਅਧਾਰ ਪਾਰਟੀ ਬਣਾ ਲਈ ਸੀ ਅਤੇ ਇਸ ਸਾਲ ਉਹ ਇਸੇ ਪਾਰਟੀ ਦੀ ਟਿਕਟ 'ਤੇ ਚੋਣ ਲੜ ਕੇ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ। ਇਸ ਤੋਂ ਪਹਿਲਾਂ ਉਹ ਬਿਹਾਰ ਦੇ ਬਾਹੂਬਲੀ ਵਜੋਂ ਜਾਣੇ ਜਾਂਦੇ ਸਨ ਅਤੇ ਉਨਾਂ ਦੀ ਪਤਨੀ ਰਣਜੀਤ ਰੰਜਨਾ ਟੈਨਿਸ ਦੀ ਖਿਡਾਰੀ ਵੀ ਸੀ, ਜਿਸ ਨਾਲ ਉਨ੍ਹਾਂ ਦਾ ਵਿਆਹ 1994 'ਚ ਹੋਇਆ ਸੀ।

PunjabKesari
300 ਸੰਸਦ ਮੈਂਬਰ ਪਹਿਲੀ ਵਾਰ ਚੜ੍ਹਨਗੇ ਲੋਕ ਸਭਾ ਦੀਆਂ ਪੌੜੀਆਂ
ਇਸ ਵਾਰ 542 ਸੀਟਾਂ 'ਤੇ ਹੋਈ ਚੋਣ ਦੌਰਾਨ ਜਿੱਤ ਹਾਸਿਲ ਕਰਨ ਵਾਲੇ 300 ਸੰਸਦ ਮੈਂਬਰ ਪਹਿਲੀ ਵਾਰ ਲੋਕ ਸਭਾ ਮੈਂਬਰ ਬਣੇ ਹਨ ਜਦਕਿ 197 ਲੋਕ ਸਭਾ ਮੈਂਬਰ ਉਹ ਹਨ ਜਿਨ੍ਹਾਂ ਨੇ ਇਹ ਚੋਣ ਮੁੜ ਜਿੱਤੀ ਹੈ ਜਦੋਂ ਕਿ 45 ਸੰਸਦ ਦੂਸਰੀ ਵਾਰ ਚੁਣੇ ਗਏ ਹਨ। ਜੇਕਰ 2014 ਦੌਰਾਨ ਹੋਈਆਂ 16ਵੀਆਂ ਲੋਕ ਸਭਾ ਚੋਣਾਂ ਦੇ ਅੰਕੜੇ ਦੇਖੀਏ ਤਾਂ ਉਸ ਮੌਕੇ 314 ਸੰਸਦ ਮੈਂਬਰ ਨਵੇਂ ਚੁਣੇ ਗਏ ਸਨ ਜਦੋਂ ਕਿ 169 ਮੁੜ ਚੁਣੇ ਗਏ ਸਨ। ਪੰਜਾਬ 'ਚੋਂ ਸੰਨੀ ਦਿਓਲ, ਮੁਹੰਮਦ ਸਦੀਕ, ਡਾ.ਅਮਰ ਸਿੰਘ, ਜਸਬੀਰ ਸਿੰਘ ਡਿੰਪਾ ਅਤੇ ਸੋਮ ਪ੍ਰਕਾਸ਼ ਅਜਿਹੇ ਪੰਜ ਲੋਕ ਸਭਾ ਮੈਂਬਰ ਹਨ ਜੋ ਪਹਿਲੀ ਵਾਰ ਲੋਕ ਸਭਾ ਮੈਂਬਰ ਬਣੇ ਹਨ।

ਮਹਿਲਾਵਾਂ ਦੀ ਜਿੱਤ ਨੇ ਸਾਰੇ ਰਿਕਾਰਡ ਤੋੜੇ
ਇਸ ਵਾਰ ਲੋਕ ਸਭਾ 'ਚ ਪਹੁੰਚਣ ਵਾਲੀਆਂ ਮਹਿਲਾਵਾਂ ਦੀ ਗਿਣਤੀ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਕਿਉਂਕਿ ਇਸ ਵਾਰ ਦੇਸ਼ ਅੰਦਰ ਚੋਣ ਲੜਨ ਵਾਲੀਆਂ 716 ਮਹਿਲਾਵਾਂ 'ਚੋਂ 78 ਮਹਿਲਾਵਾਂ ਨੇ ਚੋਣ ਜਿੱਤ ਕੇ ਕੁੱਲ ਸੰਸਦ ਮੈਂਬਰਾਂ ਦੀ ਗਿਣਤੀ ਦੇ 14 ਫੀਸਦੀ ਹਿੱਸੇ 'ਤੇ ਕਬਜ਼ਾ ਕਰ ਲਿਆ ਹੈ। ਪਿਛਲੀ ਵਾਰ ਲੋਕ ਸਭਾ 'ਚ 62 ਮਹਿਲਾ ਸੰਸਦ ਮੈਂਬਰ ਸਨ, ਜਿਨ੍ਹਾਂ 'ਚੋਂ 41 ਨੇ ਦੁਬਾਰਾ ਇਹ ਚੋਣ ਜਿੱਤ ਲਈ ਹੈ। ਇਨ੍ਹਾਂ ਔਰਤਾਂ ਵਿਚ ਸੋਨੀਆ ਗਾਂਧੀ, ਹੇਮਾ ਮਾਲਿਨੀ ਤੇ ਕਿਰਨ ਖੇਰ ਸਮੇਤ ਹੋਰ ਕਈ ਉੱਘੇ ਚਿਹਰੇ ਸ਼ਾਮਿਲ ਹਨ। ਪੰਜਾਬ 'ਚੋਂ ਇਸ ਵਾਰ ਦੋ ਮਹਿਲਾਵਾਂ ਸੰਸਦ 'ਚ ਬੈਠਣਗੀਆਂ, ਜਿਨ੍ਹਾਂ 'ਚ ਬੀਬੀ ਪ੍ਰਨੀਤ ਕੌਰ ਅਤੇ ਹਰਸਿਮਰਤ ਕੌਰ ਬਾਦਲ ਸ਼ਾਮਿਲ ਹਨ।

2840 ਮੈਂਬਰ ਦੁਬਾਰਾ ਨਹੀਂ ਚੜ੍ਹ ਸਕੇ ਲੋਕ ਸਭਾ ਦੀਆਂ ਪੌੜੀਆਂ
ਇਕ ਅਨੁਮਾਨ ਅਨੁਸਾਰ 16 ਲੋਕ ਸਭਾ ਚੋਣਾਂ ਤੱਕ ਦੇਸ਼ ਵਾਸੀਆਂ ਨੇ 4843 ਦੇ ਕਰੀਬ ਸੰਸਦ ਮੈਂਬਰਾਂ ਨੂੰ ਵੱਖ-ਵੱਖ ਸਮੇਂ 'ਤੇ ਚੁਣ ਕੇ ਸੰਸਦ 'ਚ ਭੇਜਿਆ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ 'ਚੋਂ 2840 ਲੋਕ ਸਭਾ ਮੈਂਬਰ ਅਜਿਹੇ ਹਨ, ਜਿਨ੍ਹਾਂ ਨੂੰ ਦੇਸ਼ ਵਾਸੀਆਂ ਨੇ ਦੁਬਾਰਾ ਕਦੇ ਵੀ ਲੋਕ ਸਭਾ 'ਚ ਜਾਣ ਦਾ ਮੌਕਾ ਨਹੀਂ ਦਿੱਤਾ। ਇਨ੍ਹਾਂ 2840 ਸੰਸਦ ਮੈਂਬਰਾਂ 'ਚੋਂ 50 ਫੀਸਦੀ ਮੈਂਬਰ ਅਜਿਹੇ ਹਨ, ਜਿਨ੍ਹਾਂ ਨੂੰ ਤੀਸਰੀ ਵਾਰ ਲੋਕ ਸਭਾ 'ਚ ਜਾਣ ਲਈ ਲੋਕਾਂ ਦਾ ਫਤਵਾ ਨਸੀਬ ਨਹੀਂ ਹੋਇਆ। ਦੂਸਰੇ ਪਾਸੇ ਕਈ ਦਿੱਗਜ ਆਗੂ ਅਜਿਹੇ ਵੀ ਹਨ, ਜਿਨ੍ਹਾਂ ਨੂੰ 11 ਵਾਰ ਵੀ ਲੋਕ ਸਭਾ 'ਚ ਜਾਣ ਦਾ ਮਾਣ ਹਾਸਿਲ ਹੋਇਆ ਹੈ। ਇਨ੍ਹਾਂ 'ਚ ਖੱਬੇ ਪੱਖੀ ਆਗੂ ਇੰਦਰਜੀਤ ਗੁਪਤਾ 11 ਵਾਰ ਲੋਕ ਸਭਾ ਮੈਂਬਰ ਬਣੇ ਸਨ, ਜਦੋਂ ਕਿ ਅਟਲ ਬਿਹਾਰੀ ਵਾਜਪਾਈ, ਸੋਮਨਾਥ ਚੈਟਰਜੀ ਅਤੇ ਪੀ.ਐੱਮ. ਸਈਯਦ 10-10 ਵਾਰ ਸੰਸਦ ਮੈਂਬਰ ਬਣੇ ਸਨ।


Gurminder Singh

Content Editor

Related News