ਭਾਜਪਾ ਦੇ ਪਤਨ ਦਾ ਕਾਰਨ ਬਣ ਸਕਦੀ ਹੈ ਟਿਕਟਾਂ ਦੀ ਵੰਡ ''ਚ ਦੇਰੀ
Saturday, Apr 13, 2019 - 11:03 AM (IST)

ਜਲੰਧਰ (ਗੁਲਸ਼ਨ)— ਇਨ੍ਹੀਂ ਦਿਨੀਂ ਦੇਸ਼ ਭਰ 'ਚ ਚੋਣ ਮਾਹੌਲ ਪੂਰੀ ਤਰ੍ਹਾਂ ਗਰਮ ਹੈ। ਲਗਭਗ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਆਪਣੇ-ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਭਾਜਪਾ ਪੰਜਾਬ 'ਚ ਆਪਣੇ ਹਿੱਸੇ ਦੀਆਂ ਤਿੰਨ ਸੀਟਾਂ ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਅੰਮ੍ਰਿਤਸਰ ਸੀਟਾਂ 'ਤੇ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕਰ ਸਕੀ। ਇਨ੍ਹਾਂ ਸੀਟਾਂ 'ਤੇ ਦਾਅਵੇਦਾਰੀ ਜਤਾ ਰਹੇ ਭਾਜਪਾ ਆਗੂਆਂ ਦੀਆਂ ਧੜਕਣਾਂ ਵੀ ਦਿਨ-ਬ-ਦਿਨ ਵਧਦੀਆਂ ਜਾ ਰਹੀਆਂ ਹਨ। ਚੋਣ ਪ੍ਰਚਾਰ 'ਚ ਉਹ ਪੂਰੀ ਸਰਗਰਮੀ ਨਾਲ ਹਿੱਸਾ ਨਹੀਂ ਲੈ ਪਾ ਰਹੇ।
ਲੋਕ ਸਭਾ ਚੋਣਾਂ ਦਾ ਐਲਾਨ ਹੋਇਆਂ ਵੀ ਕਾਫੀ ਸਮਾਂ ਬੀਤ ਚੁੱਕਾ ਹੈ ਪਰ ਭਾਜਪਾ ਅਜੇ ਵੀ ਯੋਗ ਉਮੀਦਵਾਰਾਂ ਦੀ ਭਾਲ 'ਚ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਟਿਕਟਾਂ ਦੀ ਵੰਡ 'ਚ ਦੇਰੀ ਭਾਜਪਾ ਦੇ ਪਤਨ ਦਾ ਕਾਰਨ ਬਣ ਸਕਦੀ ਹੈ। ਉਥੇ ਦੂਜੇ ਪਾਸੇ ਸਵਾਲ ਇਹ ਹੈ ਕਿ ਆਖਿਰ ਪੰਜਾਬ ਦੀਆਂ ਤਿੰਨ ਸੀਟਾਂ 'ਤੇ ਭਾਜਪਾ ਨੂੰ ਕਿਉਂ ਇੰਨਾ ਸੋਚ ਵਿਚਾਰ ਕਰਨਾ ਪੈ ਰਿਹਾ ਹੈ। ਗੁੱਟਬਾਜ਼ੀ ਵੀ ਇਸ ਦਾ ਇਕ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਸੰਗਠਨ 'ਚ ਬਦਲਾਅ ਤੋਂ ਬਾਅਦ ਵੀ ਭਾਜਪਾ ਵਿਚ ਧੜੇਬਾਜ਼ੀ ਖਤਮ ਨਹੀਂ ਹੋਈ, ਸਗੋਂ ਵਧੀ ਹੈ। ਇਹ ਹੀ ਕਾਰਨ ਹੈ ਕਿ ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਅੰਮ੍ਰਿਤਸਰ ਤਿੰਨਾਂ ਸ਼ਹਿਰਾਂ ਲਈ ਕਿਸੇ ਵੀ ਉਮੀਦਵਾਰ ਦਾ ਨਾਂ ਫਾਈਨਲ ਨਹੀਂ ਹੋ ਸਕਿਆ। ਸੀਟਾਂ 'ਚ ਦੇਰ ਦਾ ਸਿੱਧਾ ਲਾਭ ਕਾਂਗਰਸੀ ਉਮੀਦਵਾਰਾਂ ਨੂੰ ਮਿਲਦਾ ਨਜ਼ਰ ਆ ਰਿਹਾ ਹੈ ਕਿਉਂਕਿ ਉਹ ਖੁੱਲ੍ਹ ਕੇ ਪ੍ਰਚਾਰ ਮੁਹਿੰਮ 'ਚ ਹਿੱਸਾ ਲੈ ਰਹੇ ਹਨ ਅਤੇ ਦਿਨ-ਰਾਤ ਵੋਟਰਾਂ ਨਾਲ ਸੰਪਰਕ ਕਰਨ 'ਚ ਜੁਟੇ ਹਨ। ਉਥੇ ਭਾਜਪਾ ਅਜੇ ਉਮੀਦਵਾਰ ਤੈਅ ਕਰਨ ਦੇ ਚੱਕਰ 'ਚ ਹੀ ਫਸੀ ਹੋਈ ਹੈ।