ਕੀ ਇਸ ਵਾਰ ਫਿਰ ਪਾਸਕੂ ਵੋਟ ਕਰੇਗੀ ਜਿੱਤ-ਹਾਰ ਦਾ ਫੈਸਲਾ?
Monday, Apr 29, 2019 - 03:56 PM (IST)
ਮਲੋਟ (ਜੁਨੇਜਾ) - ਸਾਰੀਆਂ ਮੁੱਖ ਪਾਰਟੀਆਂ ਵਲੋਂ ਲੋਕ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਸੂਬੇ ਦੇ ਜਿਹੜੇ ਹਲਕਿਆਂ 'ਚ ਸਭ ਤੋਂ ਵਧ ਘਮਸਾਣ ਹੋਣ ਜਾ ਰਿਹਾ ਹੈ, ਉਹ ਹੈ ਪਾਰਲੀਮੈਂਟ ਹਲਕਾ ਫਿਰੋਜ਼ਪੁਰ। ਦੱਸ ਦੇਈਏ ਕਿ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਮੁਕਾਬਲਾ ਇਸ ਵਾਰ ਕਾਂਗਰਸ ਪਾਰਟੀ ਦੇ ਸ਼ੇਰ ਸਿੰਘ ਘੁਬਾਇਆ ਨਾਲ ਹੋਣ ਜਾ ਰਿਹਾ ਹੈ। ਇਸ ਹਲਕੇ 'ਚ 2014 ਦੀ ਪਾਰਲੀਮੈਂਟ ਸੀਟ ਤੇ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਅਕਾਲੀ-ਭਾਜਪਾ ਅਤੇ ਕਾਂਗਰਸ ਤੋਂ ਇਲਾਵਾ ਤੀਸਰੀ ਧਿਰ 'ਆਪ' ਦੇ ਉਮੀਦਵਾਰਾਂ ਦਰਮਿਆਨ ਹੋਏ ਮੁਕਾਬਲੇ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਪਾਰਲੀਮੈਂਟ ਹਲਕੇ ਜਾਂ ਇਸ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ 'ਚ 'ਆਪ' ਕਿਸੇ ਸੀਟ ਤੋਂ ਜਿੱਤ ਤਾਂ ਨਹੀਂ ਪ੍ਰਾਪਤ ਕਰ ਸਕੀ ਪਰ ਜਿੱਤ-ਹਾਰ ਲਈ ਫੈਸਲਾਕੁੰਨ ਬਣੀਆਂ ਵੋਟਾਂ ਦਾ ਤਵਾਜਨ 'ਆਪ' ਕੋਲ ਰਿਹਾ।
2014 ਦੀ ਪਾਰਲੀਮੈਂਟ ਚੋਣ 'ਚ ਮੁੱਖ ਮੁਕਾਬਲਾ ਅਕਾਲੀ ਦਲ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਅਤੇ ਕਾਂਗਰਸ ਦੇ ਸੁਨੀਲ ਜਾਖੜ 'ਚ ਸੀ, ਜਿਸ ਦੌਰਾਨ ਘੁਬਾਇਆ ਨੂੰ 4, 87,932 ਵੋਟਾਂ ਅਤੇ ਜਾਖੜ ਨੂੰ ਕੁਲ 4,56,512 ਵੋਟਾਂ ਪਈਆਂ ਸਨ, ਜਦਕਿ 'ਆਪ' ਦੇ ਸਤਨਾਮ ਰਾਏ ਕੰਬੋਜ ਨੂੰ 1,13,417 ਵੋਟਾਂ ਪਈਆਂ ਸਨ। ਜਾਖੜ 31,420 ਵੋਟਾਂ ਦੇ ਫਰਕ ਨਾਲ ਹਾਰੇ ਸੀ। 2017 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੇ ਫਿਰੋਜ਼ਪੁਰ ਸ਼ਹਿਰੀ, ਫਿਰੋਜ਼ਪੁਰ ਦਿਹਾਤੀ, ਗੁਰੂਹਰਸਹਾਏ, ਫਾਜ਼ਿਲਕਾ, ਬੱਲੂਆਣਾ ਅਤੇ ਮਲੋਟ 6 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ, ਜਦਕਿ ਅਕਾਲੀ ਦਲ-ਭਾਜਪਾ ਗਠਜੋੜ ਨੇ ਜਲਾਲਾਬਾਦ, ਸ੍ਰੀ ਮੁਕਤਸਰ ਸਾਹਿਬ ਅਤੇ ਅਬੋਹਰ 3 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ। ਇਸ ਤੋਂ ਇਲਾਵਾ 'ਆਪ' ਦਾ ਹੱਥ ਖਾਲੀ ਰਿਹਾ ਸੀ ਪਰ ਉਹ ਲੋਕ ਸਭਾ ਨਾਲੋਂ ਦੁੱਗਣੀਆਂ ਤੋਂ ਵਧ ਵੋਟਾਂ ਲਿਜਾਣ 'ਚ ਕਾਮਯਾਬ ਰਹੀ ਸੀ।
ਅਸੈਂਬਲੀ ਦੇ ਸਾਰੇ 9 ਹਲਕਿਆਂ ਤੋਂ ਕਾਂਗਰਸ ਦੇ ਉਮੀਦਵਾਰਾਂ ਨੂੰ 4,80,629 ਵੋਟਾਂ ਤੇ ਅਕਾਲੀ ਦਲ-ਭਾਜਪਾ ਦੇ ਉਮੀਦਵਾਰਾਂ ਨੂੰ 4,53,044 ਵੋਟਾਂ ਪਈਆਂ ਸਨ, ਜਦਕਿ 'ਆਪ' ਦੇ ਉਮੀਦਵਾਰਾਂ ਨੂੰ 2,43,886 ਵੋਟਾਂ ਪਈਆਂ ਸਨ। ਇਸ ਤੋਂ ਇਲਾਵਾ ਫਾਜ਼ਿਲਕਾ ਤੋਂ ਬੀਬੀ ਰਾਜਬੀਰ ਕੌਰ ਤੇ ਸ੍ਰੀ ਮੁਕਤਸਰ ਸਾਹਿਬ ਤੋਂ ਸੁਦਰਸ਼ਨ ਸਿੰਘ ਮਰਾੜ੍ਹ ਨੇ ਕ੍ਰਮਵਾਰ 38,135 ਅਤੇ 28,204 ਵੋਟਾਂ ਲੈ ਕੇ ਆਪਣੀ ਦਰਜ ਦਰਜ ਕਰਾਈ ਸੀ। ਇਸ ਵਾਰ ਭਾਵੇਂ ਆਮ ਆਦਮੀ ਪਾਰਟੀ ਵਲੋਂ ਹਰਿੰਦਰ ਸਿੰਘ ਕਾਕਾ ਅਤੇ ਨਵੇਂ ਬਣੇ ਗਠਜੋੜ ਵਲੋਂ ਸੀ. ਪੀ. ਆਈ. ਦੇ ਉਮੀਦਵਾਰ ਵੀ ਮੈਦਾਨ 'ਚ ਹਨ ਪਰ ਮੁਕਾਬਲਾ ਸੁਖਬੀਰ ਸਿੰਘ ਬਾਦਲ ਅਤੇ ਸ਼ੇਰ ਸਿੰਘ ਘੁਬਾਇਆ ਦਰਮਿਆਨ ਹੀ ਬਣੇਗਾ।
ਸੁਖਬੀਰ ਬਾਦਲ ਲਈ ਹਾਰ-ਜਿੱਤ ਨੂੰ ਪ੍ਰਭਾਵਿਤ ਕਰਨ ਵਾਲੇ ਫੈਕਟਰ
1. ਅਕਾਲੀ ਸਰਕਾਰ ਸਮੇਂ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦਾ ਲੋਕ ਮਨਾਂ 'ਚ ਰੋਸ।
2. ਕਾਂਗਰਸ ਦੇ 6 ਦੇ ਮੁਕਾਬਲੇ ਅਕਾਲੀ ਦਲ ਕੋਲ ਸਿਰਫ 3 ਸੀਟਾਂ।
3. ਸੂਬੇ 'ਚ ਕਾਂਗਰਸ ਦੀ ਸਰਕਾਰ ਹੋਣ ਕਰ ਕੇ ਨਤੀਜੇ ਨੂੰ ਪ੍ਰਭਾਵਿਤ ਕਰਨ ਵਾਲੀ ਵੋਟ ਦਾ ਸਰਕਾਰ-ਪੱਖੀ ਹੋਣਾ।
ਜਿੱਤ ਲਈ ਲਾਹੇਵੰਦ ਗੁਣ
1. ਅਕਾਲੀ ਦਲ ਵਰਕਰਾਂ ਦੀ ਚੋਣ ਰਣਨੀਤੀ ਅਤੇ ਐਡਵਾਂਸ ਸ਼ੁਰੂ ਕੀਤੀ ਮੁਹਿੰਮ।
2. ਦਹਾਕਿਆਂ ਤੋਂ ਅਕਾਲੀ ਦਲ ਦੇ ਹੱਕ 'ਚ ਰਹੀ ਸੀਟ।
3. ਕਾਂਗਰਸੀ ਆਗੂਆਂ 'ਚ ਇਕਜੁੱਟਤਾ ਦੀ ਘਾਟ।
ਇਨ੍ਹਾਂ ਸਾਰੇ ਸਾਰੇ ਫੈਕਟਰਾਂ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਦੇ ਹੱਕ 'ਚ ਜਿਹੜੀ ਗੱਲ ਜਾਂਦੀ ਹੈ, ਉਹ ਇਹ ਕਿ ਪਾਰਟੀ ਪ੍ਰਧਾਨ ਹੋਣ ਨਾਤੇ ਸੂਬੇ ਭਰ 'ਚੋਂ ਪਾਰਟੀ ਵਰਕਰ ਉਨ੍ਹਾਂ ਦੀ ਜਿੱਤ ਲਈ ਜਿੰਦ-ਜਾਨ ਲਾ ਸਕਦੇ ਹਨ। ਪਾਰਟੀ ਦੇ ਵਰਕਰਾਂ ਲਈ ਪੰਜਾਬ ਦੀਆਂ 13 'ਚੋਂ ਜਿਹੜੀਆਂ ਦੋ ਸੀਟਾਂ ਸਭ ਤੋਂ ਅਹਿਮ ਹਨ, ਉਹ ਬਠਿੰਡਾ ਅਤੇ ਫਿਰੋਜ਼ਪੁਰ ਹਨ। ਇਸ ਲਈ ਇਹ ਗੱਲ ਉਨ੍ਹਾਂ ਦੇ ਰਸਤੇ ਆਸਾਨ ਕਰੇਗੀ।
ਸ਼ੇਰ ਸਿੰਘ ਘੁਬਾਇਆ ਦੇ ਵਿਰੋਧ 'ਚ ਜਾਣ ਵਾਲੀਆਂ ਗੱਲਾਂ
1 ਦਲ ਬਦਲੀ ਦਾ ਕਲੰਕ।
2. ਕਾਂਗਰਸ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ 'ਚ ਤਾਲਮੇਲ ਦੀ ਘਾਟ।
3. 10 ਸਾਲ ਦੇ ਪਾਰਲੀਮੈਂਟ ਮੈਂਬਰ ਨਾਲ ਵੋਟਰਾਂ 'ਚ ਸੱਤਾ ਵਿਰੋਧੀ ਲਹਿਰ।
ਜਿੱਤ ਪੱਖੀ ਗੱਲਾਂ
1. ਦੋ ਵਾਰ ਲਗਾਤਾਰ ਐੱਮ. ਪੀ. ਰਹਿਣ ਕਰ ਕੇ ਵੋਟਰਾਂ ਨਾਲ ਮੇਲ-ਜੋਲ।
2. ਇਕ ਵਿਸ਼ੇਸ਼ ਭਾਈਚਾਰੇ ਦਾ ਵੱਡਾ ਵੋਟ ਬੈਂਕ।
3. ਕਾਂਗਰਸ ਦੀ ਸਰਕਾਰ ਤੇ ਪਾਰਟੀ ਕੋਲ ਵਿਧਾਇਕ ਦੀ ਬਹੁਗਿਣਤੀ।
ਕੈਪਟਨ ਦੀ ਜੁੱਲੀ-ਬਿਸਤਰਾ ਗੋਲ ਕਰਨ ਦੀ ਘੁਰਕੀ
ਕੁਝ ਮਹੀਨੇ ਜਿਹੜਾ ਵਾਕ ਘੁਬਾਇਆ ਪਰਿਵਾਰ ਦੀ ਚੇੜ ਬਣਿਆ ਹੋਇਆ ਸੀ, ਉਹ ਹੁਣ ਉਨ੍ਹਾਂ ਜੇ ਸਮਰੱਥਕਾਂ ਦੇ ਹੌਸਲੇ ਚੁੱਕ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਹਵਾਲੇ ਨਾਲ ਆਪਣੇ-ਆਪਣੇ ਹਲਕੇ 'ਚ ਵੋਟਾਂ ਘੱਟ ਕਰਨ ਵਾਲੇ ਵਿਧਾਇਕਾਂ ਅਤੇ ਮੰਤਰੀਆਂ ਦੀ ਮੰਤਰੀ ਅਹੁਦੇ ਅਤੇ ਟਿਕਟ ਤੋਂ ਛੁੱਟੀ ਨੇ ਘੁਬਾਇਆ ਦੀ ਮੁਹਿੰਮ ਲਈ ਆਕਸੀਜਨ ਦਾ ਕੰਮ ਕੀਤਾ ਹੈ ਅਤੇ ਲੋਕਾਂ ਦਾ ਕਹਿਣਾ ਹੈ ਕਿ ਆਪਣਾ ਜੁੱਲੀ-ਬਿਸਤਰਾ ਗੋਲ ਹੋਣ ਦੇ ਡਰੋਂ ਸਾਰੇ ਐੱਮ. ਐੱਲ. ਏਜ਼ ਅਤੇ ਮੰਤਰੀ ਆਪਣੇ ਹਲਕਿਆਂ ਵਿਚ ਕੰਮ ਕਰਨਗੇ, ਜੇਕਰ ਇਹ ਘੁਰਕੀ ਕੰਮ ਕਰ ਗਈ ਤਾਂ ਘੁਬਾਇਆ ਦਾ ਰਸਤਾ ਆਸਾਨ ਹੋ ਜਾਵੇਗਾ।